ਚੰਡੀਗੜ੍ਹ, 25 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਲੜੀਵਾਰ ਭੁੱਖ ਹੜ੍ਹਤਾਲ ਦੇ ਸੱਦੇ ’ਤੇ ਅੱਜ ਅੰਮ੍ਰਿਤਸਰ ਤੋਂ ਸੈਂਕੜਾਂ ਕਾਂਗਰਸੀ ਦਿਨ ਭਰ ਵਰਤ ’ਤੇ ਬੈਠੇ। ਜ਼ਿਲ੍ਹਾ ਕਾਂਗਰਸ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਰਾਜੀਵ ਭਗਤ ਤੇ ਗੁਰਜੀਤ ਔਜਲਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਅਕਾਲੀ ਭਾਜਪਾ ਸਰਕਾਰ ਖਿਲਾਫ ਨਾਅਰੇਬਾਜੀ ਤੇ ਡਰੱਗ ਰੈਕੇਟ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਦਿਆਂ ਪੂਰਾ ਕਾਂਗਰਸ ਭਵਨ ਭਰ ਦਿੱਤਾ। ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਤੋਂ ਭੁੱਖ ਹੜ੍ਹਤਾਲ ’ਤੇ ਜਨਰਲ ਸਕੱਤਰ ਫਤਹਿ ਜੰਗ ਸਿੰਘ ਬਾਜਵਾ ਤੇ ਸਕੱਤਰ ਮਮਤਾ ਦੱਤਾ ਬੈਠੇ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਫਤਹਿ ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨਸ਼ਾਖੋਰੀ ਦਾ ਮੁੱਦਾ ਛਿਪਾਉਣ ਲਈ ਛੋਟੇ ਮੁੱਦੇ ਚੁੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹਮੇਸ਼ਾ ਤੋਂ ਕੇਂਦਰ ਖਿਲਾਫ ਪੰਜਾਬ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਉਂਦੀ ਰਹੀ ਹੈ। ਜਦਕਿ ਐਨ.ਡੀ.ਏ ਸਰਕਾਰ ਵੇਲੇ ਹੀ ਹਿਮਾਚਲ ਪ੍ਰਦੇਸ਼ ਤੇ ਹੋਰਨਾਂ ਪਹਾੜੀ ਰਾਜਾਂ ਨੂੰ ਵਿਸ਼ੇਸ਼ ਉਦਯੋਗਿਕ ਪੈਕੇਜ ਦਿੱਤੇ ਗਏ। ਇਸ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਅਕਾਲੀ ਦਲ ਨੇ ਮਾਮਲਾ ਨਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਆਪਣੀ ਕੈਬਿਨੇਟ ਦੇ ਭ੍ਰਿਸ਼ਟ ਮੰਤਰੀਆਂ ਨੂੰ ਕਲੀਨ ਚਿੱਟ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ’ਚ ਵਿਸ਼ਵਾਸ ਖੋਹ ਚੁੱਕੇ ਹਨ। ਕਾਂਗਰਸ ਪਾਰਟੀ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਮਾਮਲੇ ਤੋਂ ਬੱਚ ਕੇ ਭੱਜਣ ਨਹੀਂ ਦੇਵੇਗੀ।
ਮਮਤਾ ਦੱਤਾ ਨੇ ਕਿਹਾ ਕਿ ਨਸ਼ਾਖੋਰੀ ਦਾ ਬਾਰਡਰ ਖੇਤਰਾਂ ’ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਤੇ ਹੋਰ ਡਰਾਉਣ ਵਾਲੀ ਗੱਲ ਹੈ ਕਿ ਸਿੰਥੇਟਿਕ ਡਰੱਗ ਰੈਕੇਟ ਅੰਮ੍ਰਿਤਸਰ ਤੋਂ ਹੀ ਚੱਲ ਰਿਹਾ ਸੀ। ਉਨ੍ਹਾਂ ਨੂੰ ਪੂਰੀ ਸ਼ੰਕਾ ਹੈ ਕਿ ਪੰਜਾਬ ਦੇ ਡਰੱਗ ਮਾਫੀਆ ਦੇ ਪਾਕਿਸਤਾਨ ਤੇ ਹੋਰਨਾਂ ਦੇਸ਼ਾਂ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ। ਨਸ਼ਾਖੋਰੀ ਵੱਧਣ ਕਾਰਨ ਪੰਜਾਬ ’ਚ ਅਪਰਾਧਿਕ ਗਤੀਵਿਧੀਆਂ ’ਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਅਕਾਲੀ ਭਾਜਪਾ ਸਰਕਾਰ ਨੂੰ ਪੰਜਾਬ ਦੇ ਭਵਿੱਖ ਦੀ ਚਿੰਤਾ ਨਹੀਂ ਹੈ। ਸੂਬਾ ਸਰਕਾਰ ਨੇ ਪ੍ਰਾਪਰਟੀ ਟੈਕਸ, ਨਜਾਇਜ ਕਲੋਨੀ ਟੈਕਸ, ਵੈਟ ਲਗਾਉਣ ਤੇ ਬਿਜਲੀ ਰੇਟਾਂ ’ਚ ਵਾਧਾ ਕਰਨ ਸਮੇਤ ਬੱਸ ਕਿਰਾਇਆਂ ਨੂੰ 60 ਪ੍ਰਤੀਸ਼ਤ ਤੋਂ ਜ਼ਿਆਦਾ ਵਧਾ ਦਿੱਤਾ ਹੈ।
ਭੁੱਖ ਹੜ੍ਹਤਾਲ ’ਚ ਸ਼ਾਮਿਲ ਹੋਣ ਵਾਲਿਆਂ ’ਚ ਜੋਗਿੰਦਰਪਾਲ ਢੀਂਗਰਾ, ਹਰਜਿੰਦਰ ਸਿੰਘ ਠੇਕੇਦਾਰ, ਦਿਨੇਸ਼ ਬੱਸੀ, ਗੁਰਿੰਦਰ ਰਿਸ਼ੀ, ਸਵਰਾਜ ਢਿਲੋਂ, ਪ੍ਰਮੋਦ ਬਬਲਾ, ਪ੍ਰਭਦਿਆਲ ਮਹਾਜਨ, ਗੁਰਪਿੰਦਰ ਸਿੰਘ ਮਹਿਲ, ਪ੍ਰਿਤਪਾਲ ਸਿੰਘ, ਹਰਬੀਰ ਸਿੰਘ, ਦਿਲਬਾਗ ਸਿੰਘ, ਮੋਹਨ ਸਿੰਘ, ਲਾਡਾ ਸਰਪੰਚ, ਗੁਲਜ਼ਾਰ ਸਿੰਘ, ਸੁਖਦੇਵ ਸਿੰਘ, ਹੈਪੀ ਮੀਰਕੋਟ, ਦਿਲਬਾਗ ਸਿੰਘ, ਬਾਬਾ ਗੁਰਮੁੱਖ ਸਿੰਘ, ਗੁਰਪਿੰਦਰ ਮਹਿਲ ਵੀ ਸਨ।