April 25, 2026 12:28 pm

ਮਾਮਲਾ ਬਲਿਊ ਸਟਾਰ ਜੂਨ ’84 ਬਾਰੇ ਇੰਗਲੈਂਡ ਦੇ ਗੁਪਤ ਦਸਤਾਵੇਜ਼ਾਂ ਦਾ

ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ

ਤਕਰੀਬਨ ਤਿੰਨ ਦਹਾਕੇ ਬਾਅਦ ਅਪਰੇਸ਼ਨ ਨੀਲਾ ਤਾਰਾ ਨਾਲ ਜੁੜੇ ਦਸਤਾਵੇਜ਼ ਸਾਹਮਣੇ ਆਉਣ ਤੋਂ ਬਾਅਦ ਭਾਰਤ ਹੀ ਨਹੀਂ, ਬ੍ਰਿਟੇਨ ਦੀ ਸਿਆਸਤ ਵਿੱਚ ਹੀ ਹਲਚਲ ਮਚੀ ਹੋਈ ਹੈ। ਬ੍ਰਿਟੇਨ ‘ਚ ਹੁਣੇ ਜਿਹੇ ਸਰਕਾਰੀ ਗੁਪਤ ਸੂਚੀ ਤੋਂ ਹਟਾਏ ਗਏ ਦਸਤਾਵੇਜ਼ਾਂ ਦੇ ਆਧਾਰ ‘ਤੇ ਇਹੀ ਕਿਹਾ ਜਾ ਰਿਹਾ ਹੈ ਕਿ ਜੂਨ 1984 ‘ਚ ‘ਅਪਰੇਸ਼ਨ ਬਲਿਊ ਸਟਾਰ‘ ਦੀ ਯੋਜਨਾ ਲਈ ਮਾਰਗਰੇਟ ਥੈਚਰ ਦੀ ਸਰਕਾਰ ਦੁਆਰਾ ਬ੍ਰਿਟੇਨ ਦੀ ਸਪੈਸ਼ਲ ਏਅਰਫੋਰਸ ਦੇ ਅਧਿਕਾਰੀਆਂ ਨੂੰ ਭਾਰਤੀ ਫ਼ੌਜ ਦੀ ਮਦਦ ਲਈ ਭੇਜਿਆ ਗਿਆ ਸੀ। ਇੰਗਲੈਂਡ ਦੀ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਪ੍ਰਿੰਸੀਪਲ ਨਿੱਜੀ ਸਕੱਤਰ ਅਤੇ ਬ੍ਰਿਟਿਸ਼ ਵਿਦੇਸ਼ ਸਕੱਤਰ ਦੇ ਪ੍ਰਿੰਸੀਪਲ ਨਿੱਜੀ ਸਕੱਤਰ ਦਰਮਿਆਨ 6 ਫਰਵਰੀ ਅਤੇ 23 ਫਰਵਰੀ 1984 ਨੂੰ ਹੋਏ ਖ਼ਤੋ-ਖਿਤਾਬਤ ਸਬੰਧੀ ਪ੍ਰਾਪਤ ਹੋਈਆਂ ਦੋ ਚਿੱਠੀਆਂ ਤੋਂ ਇਹ ਮਾਮਲਾ ਉਜਾਗਰ ਹੋਇਆ ਹੈ ਕਿ ਇੰਗਲੈਂਡ ਨੇ ਦਰਬਾਰ ਸਾਹਿਬ ‘ਤੇ ਫ਼ੌਜੀ ਕਾਰਵਾਈ ਦੀ ਯੋਜਨਾ ਵਿੱਚ ਭਾਰਤ ਸਰਕਾਰ ਦੀ ਸਹਾਇਤਾ ਕੀਤੀ ਸੀ। ਇਨ੍ਹਾਂ ਚਿੱਠੀਆਂ ਤੋਂ ਇਲਾਵਾ ਇਸ ਮੁੱਦੇ ‘ਤੇ ਤਿੰਨ ਹੋਰ ਚਿੱਠੀਆਂ ਲਿਖੇ ਜਾਣ ਦੇ ਵੀ ਸੰਕੇਤ ਮਿਲੇ ਹਨ ਜਿਹੜੀਆਂ ਅਜੇ ਜਨਤਕ ਨਹੀਂ ਹੋਈਆਂ। ਇਨ੍ਹਾਂ ਦਸਤਾਵੇਜ਼ਾਂ ਅਨੁਸਾਰ ਸ੍ਰੀਮਤੀ ਥੈਚਰ ਨੇ ਸਾਕਾ ਨੀਲਾ ਤਾਰਾ ਦੇ  ਮਾਮਲੇ ਵਿੱਚ ਭਾਰਤ ਸਰਕਾਰ ਦੀ ਮਦਦ ਲਈ ਇੰਗਲੈਂਡ ਦੀ ਅਤਿਵਾਦ ਵਿਰੋਧੀ ਸਪੈਸ਼ਲ ਫੋਰਸ (ਐੱਸਏਐੱਸ) ਨੂੰ ਅਖਤਿਆਰ ਦਿੱਤਾ ਸੀ ਅਤੇ ਇਸ ਫੋਰਸ ਦੇ ਮਾਹਿਰ ਨੇ ਨਵੀਂ ਦਿੱਲੀ ਦਾ ਦੌਰਾ ਕਰ ਕੇ ਭਾਰਤੀ ਅਧਿਕਾਰੀਆਂ ਨੂੰ ਹਰਿਮੰਦਰ ਸਾਹਿਬ ਉੱਤੇ ਕਬਜ਼ੇ ਦੀ ਵਿਉਂਤਬੰਦੀ ਬਾਰੇ ਸਲਾਹ ਦਿੱਤੀ ਸੀ। ਇੱਕ ਚਿੱਠੀ ਵਿੱਚ ਇਹ ਵੀ ਖੁਲਾਸਾ

ਕੀਤਾ ਗਿਆ ਹੈ ਕਿ ਭਾਰਤੀ ਅਧਿਕਾਰੀਆਂ ਨੇ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਵਿੱਚੋਂ ਸਿੱਖ ਖਾੜਕੂਆਂ ਨੂੰ ਕੱਢਣ ਦੀ ਯੋਜਨਾ ਲਈ ਇੰਗਲੈਂਡ ਤੋਂ ਸਲਾਹ ਮੰਗੀ ਸੀ। ਖੁਫੀਆ ਚਿੱਠੀ ਅਨੁਸਾਰ ਇਸ ਬਰਤਾਨਵੀ ਅਫਸਰ ਨੇ ਯੋਜਨਾ ਬਣਾਈ, ਜਿਸ ਨੂੰ ਇੰਦਰਾ ਗਾਂਧੀ ਨੇ ਪ੍ਰਵਾਨ ਕਰ ਲਿਆ। ਜ਼ਿਕਰਯੋਗ ਹੈ ਕਿ ਇਹ ਚਿੱਠੀਆਂ ਉਸ ਸਮੇਂ ਲਿਖੀਆਂ ਗਈਆਂ ਜਦੋਂ ਇੰਗਲੈਂਡ ਵੱਲੋਂ ਭਾਰਤ ਨੂੰ ਹਥਿਆਰ ਵੇਚਣ ਸਬੰਧੀ ਗੱਲਬਾਤ ਚੱਲ ਰਹੀ ਸੀ। ਇਸ ਘਟਨਾ ਦਾ ਯਥਾਰਥ ਇਹੀ ਹੈ ਕਿ ਇੰਦਰਾ ਗਾਂਧੀ ਬਰਤਾਨੀਆ ਤੇ ਹੋਰ ਦੇਸ਼ਾਂ ਤੋਂ ਸਲਾਹ ਲੈਣ ਦੇ ਨਾਂ ਹੇਠ ਦਰਬਾਰ ਸਾਹਿਬ ‘ਤੇ ਇਹ ਕਾਰਵਾਈ ਕਰਨਾ ਚਾਹੁੰਦੀ ਸੀ ਤਾਂ ਜੋ ਕੌਮਾਂਤਰੀ ਪੱਧਰ ‘ਤੇ ਉਹ ਆਪਣੀ ਯੋਜਨਾ ਦੀ ਹਮਾਇਤ ਲੈ ਸਕੇ। ਇਹ ਅਸਲ ਵਿਚ ਇੰਦਰਾ ਗਾਂਧੀ ਦੀ ਕੂਟਨੀਤੀ ਸੀ। ਅਜਿਹੀ ਕੂਟਨੀਤੀ ਇੰਦਰਾ ਗਾਂਧੀ ਨੇ 13 ਸਾਲ ਪਹਿਲਾਂ ਬੰਗਲਾਦੇਸ਼ ਦੇ ਮਾਮਲੇ ਵਿਚ ਸਾਹਮਣੇ ਲਿਆਂਦੀ ਸੀ। ਜਦ ਉਸ ਨੇ ਬੰਗਲਾਦੇਸ਼ ਦੇ ਹਮਲੇ ਲਈ ਇਹ ਤਰਕ ਪੇਸ਼ ਕੀਤਾ ਸੀ ਕਿ ਪੂਰਵੀ ਪਾਕਿਸਤਾਨ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਨਾਰਥੀ ਭਾਰਤ ਵਿੱਚ ਸ਼ਰਨ ਲੈ ਰਹੇ ਹਨ, ਜਿਸ ਕਾਰਨ ਭਾਰਤ ਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਯਥਾਰਥ ਇਹੀ ਹੈ ਕਿ ਇਨ੍ਹਾਂ ਦੋਨਾਂ ਅਪਰੇਸ਼ਨਾਂ ਦੀ ਕੋਈ ਲੋੜ ਨਹੀਂ ਸੀ, ਇਹ ਦੋਵੇਂ ਅਪ੍ਰੇਸ਼ਨ ਇੰਦਰਾ ਗਾਂਧੀ ਦੀ ਸਿਆਸੀ ਪ੍ਰਾਪਤੀ ਅਰਥਾਤ ਚੋਣਾਂ ਜਿੱਤਣ ਦੇ ਲਈ ਰਣਨੀਤੀ ਦਾ ਭਾਗ ਸਨ। ਪਰ ਇਸ ਦਾ ਦੁਖਾਂਤ ਦੇਸ ਨੂੰ ਭੁਗਤਣਾ ਪਿਆ।
ਜਨਰਲ ਕੁਲਦੀਪ ਸਿੰਘ ਬਰਾੜ ਦਾ ਇਹ ਤਾਜ਼ਾ ਬਿਆਨ ਬਿਲਕੁਲ ਦਰੁੱਸਤ ਜਾਪਦਾ ਹੈ ਕਿ ‘‘ਸਾਰੇ ਦਾ ਸਾਰਾ ਅਪਰੇਸ਼ਨ ਜਨਰਲ ਕ੍ਰਿਸ਼ਨਾਸਵਾਮੀ ਸੁੰਦਰਜੀ, ਜਨਰਲ ਅਰੁਨ ਵੈਦਿਆ ਅਤੇ ਇੰਦਰਾ ਗਾਂਧੀ ਨੇ ਤੈਅ ਕੀਤਾ ਸੀ। ਮੈਂ ਕਮਾਂਡ ਦਾ ਭਾਗ ਸੀ। ਇਨ੍ਹਾਂ ਤਿੰਨਾਂ  ਵਿਚਕਾਰ ਜੋ ਵੀ ਲੀਹ ਉਲੀਕੀ ਜਾਂਦੀ ਸੀ, ਉਹ ਹੂ-ਬ-ਹੂ ਮੇਰੇ ਤੱਕ ਪਹੁੰਚਦੀ ਕੀਤੀ ਜਾਂਦੀ ਸੀ। ਭਾਜਪਾ ਆਗੂ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ‘‘ ਵਿੱਚ ਬੜੇ ਮਾਣ ਨਾਲ ਇਸ ਗੱਲ ਨੂੰ ਮੰਨਿਆ ਹੈ ਕਿ ਜੂਨ 1984 ਵਿੱਚ ਹਰਿਮੰਦਰ ਸਾਹਿਬ ‘ਤੇ ਭਾਰਤ ਸਰਕਾਰ ਵੱਲੋਂ ਫ਼ੌਜੀ ਕਾਰਵਾਈ ਉਨ੍ਹਾਂ ਵੱਲੋਂ ਜ਼ੋਰ ਪਾਉਣ ‘ਤੇ ਹੀ ਕੀਤੀ ਗਈ ਸੀ।
ਬ੍ਰਿਟਿਸ਼ ਸੰਸਦ ’ਚ
ਉੱਠਿਆ ਮੁੱਦਾ
ਬੀਤੇ ਦਿਨੀਂ ਬ੍ਰਿਟਿਸ਼ ਸੰਸਦ ‘ਹਾਊਸ ਆਫ ਕਾਮਨਜ਼‘ ਵਿੱਚ ਵੀ ਇਹ ਮੁੱਦਾ ਉੱਠਿਆ ਸੀ। ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ‘ਤੇ ਦਬਾਅ ਬਣਾਇਆ ਗਿਆ ਕਿ ਇਹ ਦੱਸਿਆ ਜਾਵੇ ਕਿ 1984 ਵਿੱਚ ਅਪਰੇਸ਼ਨ ਬਲਿਊ ਸਟਾਰ‘ ਤੋਂ ਪਹਿਲਾਂ ਹੀ ਕੀ ਬ੍ਰਿਟੇਨ ਦੇ ਸਪੈਸ਼ਲ ਏਅਰ ਸਰਵਿਸਿਜ਼ (ਐਸ.ਏ.ਐਸ.) ਦੇ ਕਮਾਂਡੋ ਨੇ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਨੂੰ ਕੋਈ ਸੁਝਾਅ ਦਿੱਤਾ ਸੀ। ਬ੍ਰਿਟੇਨ ‘ਚ ਲੇਬਰ ਪਾਰਟੀ ਦੇ ਨੇਤਾ ਮਿਲੀਬੈਂਡ ਨੇ ਆਪਰੇਸ਼ਨ ਬਲਿਊ ਸਟਾਰ ‘ਚ ਬ੍ਰਿਟੇਨ ਦੀ ਮਦਦ ਬਾਰੇ ਸਰਕਾਰ ਨਾਲ ਉਸੇ ਵੇਲੇ ਸੰਸਦ ‘ਚ ਬਿਆਨ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਮੰਗ ਕੀਤੀ ਹੈ ਕਿ ਇਸ ਬਾਰੇ ਸਾਰੇ ਸਬੰਧਿਤ ਦਸਤਾਵੇਜ਼ ਜਨਤਕ ਕੀਤੇ ਜਾਣ, ਜਿਸ ‘ਚ ਇੱਕ ਬਰਤਾਨਵੀਂ ਅਧਿਕਾਰੀ ਦੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ‘ਤੇ ਹਮਲੇ ਦੀ ਇਸ ਯੋਜਨਾ ‘ਚ ਮਦਦ ਕਰਨ ਦੀ ਗੱਲ ਸਾਹਮਣੇ ਆਈ ਹੈ। ਇੱਕ ਬਿਆਨ ‘ਚ ਮਿਲੀਬੈਂਡ ਨੇ ਕਿਹਾ, ‘‘ਸਾਲ 1984 ‘ਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਦੌਰਾਨ ਤੇ ਉਸ ਤੋਂ ਬਾਅਦ ਸਿੱਖਾਂ ਖ਼ਿਲਾਫ਼ ਪੂਰੇ ਭਾਰਤ ‘ਚ ਹੋਈ ਹਿੰਸਾ ‘ਚ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ।‘‘
ਇਸ ਤੋਂ ਬਾਅਦ ਤੁਰੰਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨੇ ਆਪਣੇ ਕੈਬਨਿਟ ਸਕੱਤਰ ਨੂੰ ਜੈਰੇਮੀਹੁਡ ਨੂੰ ਇਸ ਮਾਮਲੇ ਬਾਰੇ ਜਾਂਚ ਕਰਨ ਦਾ ਹੁਕਮ ਦੇ ਦਿੱਤਾ ਹੈ।
ਬ੍ਰਿਟਿਸ਼ ਸੰਸਦ ਵਿੱਚ ਪ੍ਰਧਾਨ ਮੰਤਰੀ ਕੈਮਰਨ ਨੇ ਕਿਹਾ ਕਿ ਭਾਰਤ ਦੇ ਅੰਮ੍ਰਿਤਸਰ ਵਿੱਚ ਤੀਹ ਸਾਲ ਪਹਿਲਾਂ ਜੋਂ ਕੁਝ ਹੋਇਆ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।
ਲੇਬਰ ਪਾਰਟੀ ਸਰਗਰਮ
ਬ੍ਰਿਟੇਨ ਵਿੱਚ ਲੇਬਰ ਪਾਰਟੀ ਦੇ ਸੰਸਦ ਟਾਮ ਵਾਟਸਨ ਇਸ ਪੂਰੇ ਮਾਮਲੇ ਨੂੰ ਉਠਾਉਣ ਦੇ ਸਭ ਤੋਂ ਜ਼ਿਆਦਾ ਸਰਗਰਮ ਹਨ। ਬ੍ਰਿਟੇਨ ਦਾ ਕਾਨੂੰਨ ਕਹਿੰਦਾ ਹੈ ਕਿ ਕੋਈ ਵੀ ਸਰਕਾਰੀ ਦਸਤਾਵੇਜ਼ ਤੀਹ ਸਾਲ ਤੋਂ ਬਾਅਦ ਜਨਤਕ ਕੀਤਾ ਜਾ ਸਕਦਾ ਹੈ।
ਬ੍ਰਿਟੇਨ ਦੀ ਲੇਬਰ ਪਾਰਟੀ ਦੇ ਸਾਂਸਦ ਟਾਮ ਵਾਟਸਨ ਦਾ ਦਾਅਵਾ ਹੈ ਕਿ ਇਹ ਦਸਤਾਵੇਜ਼ ਉਸ ਵਕਤ ਦੀ ਸਰਕਾਰ ਦੀ ਭੂਮਿਕਾ ‘ਤੇ ਕਈ ਸੁਆਲ ਖੜ੍ਹੇ ਕਰਦੇ ਹਨ।

ਵਾਟਸਨ ਨੇ ਕਿਹਾ, ‘‘ਗੁਪਤ ਨਿਯਮ ਦੀ 30 ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਏ ਦਸਤਾਵੇਜ਼ਾਂ ਮੁਤਾਬਕ ਬ੍ਰਿਟੇਨ ਨੇ ਆਪਰੇਸ਼ਨ ਬਲਿਊ ਸਟਾਰ ਦੀ ਯੋਜਨਾ ਬਣਾਉਣ ਅਤੇ ਕਾਰਵਾਈ ‘ਚ ਭਾਰਤ ਸਰਕਾਰ ਦੀ ਮਦਦ ਕੀਤੀ ਸੀ।‘‘ ਉਨ੍ਹਾਂ ਨੇ ਕਿਹਾ, ‘‘ਮੈਂ ਕਾਫੀ ਹੈਰਾਨ ਹਾਂ। ਅਸੀਂ ਉਸ ਮੁਹਿੰਮ ‘ਚ ਸ਼ਾਮਲ ਰਹੇ, ਜਿਸ ‘ਚ ਕਈ ਲੋਕਾਂ ਦੀ ਮੌਤ ਹੋਈ ਤੇ ਇਸ ਤੋਂ ਬਾਅਦ ਰਾਜਨੀਤਕ ਤਣਾਅ ਪੈਦਾ ਹੋਇਆ।‘‘ ਉਨ੍ਹਾਂ ਕਿਹਾ, ‘‘ਬਰਤਾਨਵੀ ਸਿੱਖ ਅਤੇ ਦੁਨੀਆਂ ਭਰ ‘ਚ ਮੌਜੂਦ ਮਨੁੱਖੀ ਅਧਿਕਾਰ ਦੇ ਹਮਾਇਤੀ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਇਸ ਮਾਮਲੇ ‘ਚ ਬ੍ਰਿਟੇਨ ਦਾ ਸ਼ਾਮਲ ਹੋਣਾ ਕਿੱਥੋਂ ਤੱਕ ਸੀ। ਸਾਨੂੰ ਉਮੀਦ ਹੈ ਕਿ ਬਰਤਾਨਵੀ ਵਿਦੇਸ਼ ਮੰਤਰੀ ਇਨ੍ਹਾਂ ਸੁਆਲਾਂ ਦੇ ਜੁਆਬ ਦੇਣਗੇ’’
ਸਿੱਖ ਰਿਸ਼ਤਿਆਂ ’ਤੇ ਅਸਰ
ਵਾਟਸਨ ਨੇ ਕਿਹਾ, ‘‘ਬ੍ਰਿਟੇਨ ਸਰਕਾਰ ਅਤੇ ਬ੍ਰਿਟੇਨ ‘ਚ ਰਹਿ ਰਹੇ ਸਿੱਖਾਂ ਦੇ ਰਿਸ਼ਤਿਆਂ ‘ਤੇ ਇਸ ਦਾ ਅਸਰ ਪਵੇਗਾ। ਸਿੱਖ ਭਾਈਚਾਰਾ ਇਸ ਤੋਂ ਦੁਖੀ ਹੋਵੇਗਾ। ਯੂਕੇ ਸਿੱਖ ਕੌਂਸਲ ਦੇ ਨੇਤਾ ਤਰਸੇਮ ਸਿੰਘ ਦਿਓਲ ਨੇ ਕਿਹਾ, ‘‘ਸਿੱਖ ਸਮਾਜ ਨੇ ਬ੍ਰਿਟੇਨ ਲਈ ਬਹੁਤ ਕੁਰਬਾਨੀ ਕੀਤੀ ਹੈ, ਪਰ ਇਨ੍ਹਾਂ ਦਸਤਾਵੇਜ਼ਾਂ ਤੋਂ ਸਿੱਖ ਭਾਈਚਾਰਾ ਬਹੁਤ ਦੁਖੀ ਹੈ। ਇਸ ਬਾਰੇ ਪੂਰੀ ਜਾਂਚ ਹੋਣੀ ਚਾਹੀਦੀ ਹੈ ਤੇ ਸਿੱਖਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ।‘‘
ਭਾਰਤ ਸਰਕਾਰ ਚੁੱਪ
ਸਭ ਤੋਂ ਵੱਡੀ ਗੱਲ ਇਹ ਹੈ ਕਿ ਪੂਰੇ ਕਾਂਡ ਬਾਰੇ ਭਾਰਤ ਸਰਕਾਰ ਚੁੱਪ ਹੈ। ਉਸ ਸਮੇਂ ਇੰਦਰਾ ਗਾਂਧੀ ਦੇ ਸੈਕਟਰੀ ਰਹੇ ਆਰ.ਕੇ. ਧਵਨ ਨੇ ਵੀ ਇੱਕ ਚੈਨਲ ‘ਤੇ ਇਨਕਾਰ ਕੀਤਾ ਕਿ ਬ੍ਰਿਟੇਨ ਤੋਂ ਅਪਰੇਸ਼ਨ ਬਲਿਊ ਸਟਾਰ ਨੂੰ ਲੈ ਕੇ ਕੋਈ ਮਸ਼ਵਰਾ ਕੀਤਾ ਗਿਆ ਸੀ। ਅਪਰੇਸ਼ਨ ਬਲਿਊ ਸਟਾਰ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਰਨਲ ਕੁਲਦੀਪ ਸਿੰਘ ਬਰਾੜ ਵੀ ਆਰ.ਕੇ. ਧਵਨ ਨਾਲ ਸਹਿਮਤ ਹਨ। ਪਰ ਇਸ ਨੂੰ ਸਰਕਾਰੀ ਪੱਖ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਗ੍ਰਹਿ ਵਿਭਾਗ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਹੋਇਆ।
ਬ੍ਰਿਟੇਨ ਤੋਂ ਸੈਨਿਕ ਖੁਫ਼ੀਆ ਐਮ.ਆਈ ਫਾਈਵ ਦੇ ਦੋ ਲੋਕ ਹਰਿਮੰਦਰ ਸਾਹਿਬ ਆਏ। ਉਸ ਦੀ ਚਰਚਾ ਰਾਅ ਦੇ ਰਿਟਾਇਰ ਅਧਿਕਾਰੀ ਬੀ. ਰਾਵ ਨੇ ‘ਕਾਊਬੋਏ ਆਫ ਆਰ ਐਂਡ ਏ ਡਬਲਯੂ‘ ਨਾਮਕ ਪੁਸਤਕ ਵਿੱਚ ਕੀਤੀ ਸੀ। ‘ਖਾਲਿਸਤਾਨੀ ਟੈਰਰਿਜ਼ਮ‘ ਵਾਲੇ ਚੈਪਟਰ ਵਿੱਚ ਬੀ. ਰਾਘਵ ਨੇ ਲਿਖਿਆ ਸੀ ਕਿ ਇੰਟੈਲੀਜੈਂਸੀ ਕਮਿਊਨਟੀ ਵਿੱਚ ਥੋੜ੍ਹੀ ਉਲਝਣ ਹੈ ਕਿ ਦਰਬਾਰ ਸਾਹਿਬ ਵਿੱਚ ਕਾਰਵਾਈ ਦੇ ਲਈ ਧੀਰਜ ਵਰਤਿਆ ਜਾਵੇ, ਬਲਕਿ ਫ਼ੌਜ ਦੀ ਥਾਂ ਪੁਲੀਸ ਰਾਹੀਂ ਕਾਰਵਾਈ ਕੀਤੀ ਜਾਵੇ। ਇਸ ਨੂੰ ਸਮਝਣ ਲਈ ਮੈਨੂੰ ਦੱਸਿਆ ਗਿਆ ਕਿ ਰਾਅ ਦੇ ਤੱਤਕਾਲੀਨ ਪ੍ਰਮੁੱਖ ਆਰ.ਐਨ. ਕਾਵ ਦੇ ਕਹਿਣ ‘ਤੇ ਐੱਮ. ਆਈ. ਫਾਈਵ ਦੇ ਦੋ ਅਧਿਕਾਰੀ ਯਾਤਰੂਆਂ ਦੇ ਰੂਪ ਵਿੱਚ ਦਰਬਾਰ ਸਾਹਿਬ ਆਏ ਸਨ ਤੇ ਵਾਪਸ ਪਰਤਣ ਤੋਂ ਬਾਅਦ ਇੰਦਰਾ ਨੂੰ ਧੀਰਜ ਰੱਖਣ ਤੇ ਪੁਲੀਸ ਬਲ ਤੋਂ ਪਰਹੇਜ਼ ਰੱਖਣ ਦਾ ਸੁਝਾਅ ਦਿੱਤਾ ਸੀ। ਕਿਤਾਬ ਵਿੱਚ ਜੋ ਲਿਖਿਆ ਹੈ, ਉਸ ਦੀ ਪੁਸ਼ਟੀ ਇੰਗਲੈਂਡ ਵਿੱਚ ਉਥੋਂ ਦੇ ਮੈਬਰ ਪਾਰਲੀਅਮੈਂਟ ਵਲੋਂ ਸਾਹਮਣੇ ਲਿਆਂਦੇ ਦਸਤਾਵੇਜ਼ ਰਾਹੀੰ ਹੋ ਗਈ ਹੈ।
ਪਿਛਲੇ ਸਾਲ ਜੁਲਾਈ ਵਿੱਚ ਬੀ ਰਾਘਵ ਦੀ ਚੇਨੱਈ ਵਿੱਚ ਮੌਤ ਹੋ ਗਈ। ਆਰ. ਐਨ. ਕਾਵ ਵੀ ਨਹੀਂ ਰਹੇ। ਜੋ ਜ਼ਿੰਮੇਵਾਰ ਲੋਕ ਜਿਉਂਦੇ ਹਨ, ਉਹ ਇਸ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ। ਭਾਰਤ ਸਰਕਾਰ ਨੇ ਬਹੁਤ ਪਹਿਲਾਂ ਇੱਕ ਵ੍ਹਾਈਟ ਪੇਪਰ ਜਾਰੀ ਕੀਤਾ ਸੀ, ਜਿਸ ਵਿੱਚ 493 ਲੋਕਾਂ ਦੇ ਮਾਰੇ ਜਾਣ ਦੀ ਗੱਲ ਸਵੀਕਾਰ ਕੀਤੀ ਸੀ। ਪਰ ਸਿੱਖ ਸੰਗਠਨ, ਮੀਡੀਆ ਦੇ ਲੋਕ, ਪੁਸਤਕਾਂ ਦੇ ਲੇਖਕ ਅਤੇ ਕਾਂਗਰਸ ਵਿਰੋਧੀ ਸਿਆਸੀ ਦਲ ਇਸ ਸੰਖਿਆ ਨੂੰ ਸਹੀ ਨਹੀਂ ਮੰਨਦੇ। ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਵੀ ਅਜੇ ਤੱਕ ਵ੍ਹਾਈਟ ਪੇਪਰ ਖੁੱਲ੍ਹੇਆਮ ਜਨਤਕ ਨਹੀਂ ਕੀਤਾ ਤੇ ਨਾ ਹੀ ਉਸ ਨੂੰ ਇਸ ਕਾਂਡ ਵਿੱਚ ਮਾਰੇ ਗਏ ਲੋਕਾਂ ਦੀ ਸੰਖਿਆ ਬਾਰੇ ਜਾਣਕਾਰੀ ਹੈ।
ਇਸ ਤੱਥ ਵਿੱਚ ਕਿੰਨੀ ਸੱਚਾਈ ਹੈ, ਇਹ ਜਾਂਚ ਦਾ ਮਾਮਲਾ ਹੈ। ਦਰਅਸਲ ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ। ਜਿਸ ਤਰੀਕੇ ਨਾਲ ਅਪਰੇਸ਼ਨ ਬਲਿਊ ਸਟਾਰ ਹੋਇਆ, ਉਸ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਜ਼ਖ਼ਮੀ ਹੋਈਆਂ ਸਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀਆਂ ਚੰਦਰ ਸ਼ੇਖਰ, ਆਈ ਕੇ ਗੁਜਰਾਲ ਨੇ ਵੀ ਮੰਨਿਆ ਸੀ ਕਿ ਇਸ ਫ਼ੌਜੀ ਅਪਰੇਸ਼ਨ ਦੀ ਜ਼ਰੂਰਤ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਅਪਰੇਸ਼ਨ ਵਿੱਚ 1000 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਅਪ੍ਰੇਸ਼ਨ ਕਾਰਨ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਪੰਜਾਬ ਦੇ ਹੋਰ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਿਆ ਸੀ। ਇਸੇ ਕਾਰਨ ਹੀ ਪੰਜਾਬ ਨੂੰ ਸੰਤਾਪ ਭੁਗਤਣਾ ਪਿਆ ਸੀ। ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਉਨ੍ਹਾਂ ਦੇ ਬਾਡੀ ਗਾਰਡਾਂ ਵੱਲੋਂ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਦਿੱਲੀ ਸਿੱਖ ਕਤਲੇਆਮ ਨਵੰਬਰ 1984 ਵਾਪਰਿਆ ਸੀ। ਇਸ ਦੇ ਜ਼ਖ਼ਮ ਹਾਲੇ ਤੱਕ ਨਹੀਂ ਭੁਲਾਏ ਜਾ ਸਕੇ। ਇਨ੍ਹਾਂ ਦਸਤਾਵੇਜ਼ਾਂ ਨੇ ਸਿੱਖਾਂ ਦੇ ਜ਼ਖ਼ਮਾਂ ਨੂੰ ਤਾਜ਼ਾ ਕਰ ਦਿੱਤਾ ਹੈ। ਹੁਣ ਜੋ ਨਵੇਂ ਤੱਥ ਸਾਹਮਣੇ ਆਏ ਹਨ, ਉਸ ਦੀ ਪੁਸ਼ਟੀ ਹੋਣੀ ਬਾਕੀ ਹੈ। ਜੇਕਰ ਉਸ ਸਮੇਂ ਦੀ ਤੱਤਕਾਲੀਨ ਮਾਰਗ੍ਰੇਟ ਥੈਚਰ ਨੇ ਵਾਕਿਆ ਹੀ ਉਸ ਸਮੇਂ ਇੰਦਰਾ ਗਾਂਧੀ ਸਰਕਾਰ ਦੀ ਮਦਦ ਕੀਤੀ ਸੀ, ਤਾਂ ਇਹ ਆਪਣੇ ਆਪ ‘ਚ ਗੰਭੀਰ ਮਾਮਲਾ ਹੈ। ਇਸ ਬਾਰੇ ਸਿੱਖ ਕੌਮ ਨੂੰ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ ਤੇ ਜੇਕਰ ਮਾਰਗ੍ਰੇਟ ਥੈਚਰ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਬਾਰੇ ਬ੍ਰਿਟੇਨ ਹਕੂਮਤ ਨੂੰ ਸਿੱਖ ਭਾਈਚਾਰੇ ਤੋਂ ਮਾਫੀ ਮੰਗਣੀ ਚਾਹੀਦੀ ਹੈ। ਇਸ ਮਾਮਲੇ ਨਾਲ ਭਾਰਤ ਵਿੱਚ ਕਾਂਗਰਸ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ, ਕਿਉਂਕਿ ਲੋਕ ਸਭਾ ਚੋਣਾਂ ਜ਼ਿਆਦਾ ਦੂਰ ਨਹੀਂ ਹਨ। ਸਿੱਖ ਭਾਈਚਾਰੇ ਨੂੰ ਵੀ ਇਹ ਸੋਚਣਾ ਪਵੇਗਾ ਕਿ ਹੁਣ ਕੋਈ ਮਾਮਲਾ ਹਿੰਸਾ ਨਾਲ ਹੱਲ ਨਹੀਂ ਹੋ ਸਕਦਾ, ਕਿਉਂਕਿ 9-11 ਦੇ ਅੱਤਵਾਦੀ ਹਮਲੇ ਤੋਂ ਬਾਅਦ ਹਥਿਆਰਬੰਦ ਲਹਿਰਾਂ ਨੂੰ ਸੰਸਾਰ ਪੱਧਰ ‘ਤੇ ਮਾਨਤਾ ਤੇ ਹਮਦਰਦੀ ਮਿਲਣੀ ਖਤਮ ਹੋ ਗਈ ਹੈ। ਇਸ ਲਈ ਹੁਣ ਜਮਹੂਰੀ ਢੰਗ ਦੇ ਨਾਲ ਹੀ ਆਪਣੀ ਜੱਦੋ ਜਹਿਦ ਆਰੰਭਣੀ ਪਵੇਗੀ। ਖਾਸ ਕਰਕੇ ਘੱਟ ਗਿਣਤੀਆਂ ਨੂੰ ਸ਼ਾਂਤਮਈ ਸੰਘਰਸ਼ਾਂ ਨਾਲ ਹੀ ਲਾਭ ਤੇ ਪ੍ਰਾਪਤੀ ਹੋ ਸਕਦੀ ਹੈ।