April 29, 2026 10:20 am

ਪੰਜਾਬੀ ਫਿਲਮਾਂ ਵਿਚੋਂ ਗਾਇਬ ਹੋਣ ਲੱਗਿਆ ਪੰਜਾਬੀ ਪਹਿਰਾਵਾ

ਸਰਬਜੀਤ ਸਿੰਘ
ਸੱਭਿਆਚਾਰਕ, ਮਨੋਰੰਜਕ ਤੇ ਕਾਮੇਡੀ ਭਰਪੂਰ ਫਿਲਮਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ। ਫਿਲਮਾਂ ਤੋਂ ਸਾਨੂੰ  ਕਾਫੀ ਕੁੱਝ ਨਵਾਂ ਸਿੱਖਣ ਲਈ ਵੀ ਮਿਲਦਾ  ਹੈ ਤੇ ਇਹ ਸਾਨੂੰ ਅਪਣੇ ਵਿਰਸੇ ਨਾਲ  ਜੋੜਦੀਆਂ ਹਨ। ਇਹਨਾਂ ਵਿਚੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਫਿਲਮਾਂ  ਲੰਬੜਦਾਰ, ਲੌਂਗ ਦਾ ਲਿਸ਼ਕਾਰਾ, ਸਰਪੰਚਣੀ, ਪੁੱਤ ਜੱਟਾਂ ਦੇ, ਜੱਟ ਤੇ ਜਮੀਨ ਆਦਿ ਫਿਲਮਾਂ ਵਿੱਚ ਪੰਜਾਬੀ ਜੁੱਤੀ, ਤੁਰਲੇ ਵਾਲੀ ਪੱਗ, ਲੰਬੀ ਗੁੱਤ ਤੇ ਪਰਾਂਦਾ, ਚਾਦਰਾ, ਸੱਤਰੰਗੀ ਚੁੰਨੀ, ਗਲੇ ਵਿੱਚ ਪਾਇਆ ਕੈਂਠਾ, ਨੱਕ ਵਿੱਚ ਪਾਇਆ ਕੋਕਾ, ਲੌਂਗ, ਵੰਗਾਂ, ਹੱਥ ਵਿੱਚ ਫੜੀ ਡਾਂਗ, ਪੰਜਾਬੀ ਸਲਵਾਰ ਤੇ ਕਮੀਜ ਅਤੇ ਹੋਰ ਪੰਜਾਬੀ ਪਹਿਰਾਵੇ ਦੀ ਪਹਿਚਾਣ ਦੱਸਦੀਆਂ ਵਸਤੂਆਂ ਦਾ ਸ਼ਿੰਗਾਰ ਤੇ ਇਸਤੇਮਾਲ ਕੀਤਾ ਜਾਂਦਾ ਸੀ। ਪਰ ਬਦਲਦੇ ਜਮਾਨੇ ਦੇ ਨਾਲ ਨਾਲ ਇਹ ਪੰਜਾਬੀ ਪਹਿਰਾਵੇ ਨੂੰ ਦਰਸਾਉਂਦੀਆਂ ਚੀਜਾਂ ਹੁਣ ਪੰਜਾਬੀ ਫਿਲਮਾਂ ਵਿੱਚ ਗਾਇਬ ਹੋਣ ਲੱਗ ਪਈਆਂ ਹਨ। ਪੰਜਾਬੀ ਫਿਲਮਾਂ ਦੇ ਨਾਮ ਤੇ ਬਣਨ ਵਾਲੀਆਂ ਫਿਲਮਾਂ ਵਿੱਚ ਹੁਣ ਪੰਜਾਬੀ ਪਹਿਰਾਵਾਂ ਹੁਣ ਨਜਰ ਨਹੀਂ ਆਉਂਦਾ। ਹੁਣ ਪੰਜਾਬੀ ਫਿਲਮਾਂ ਵਿੱਚ ਜੀਨ ਦੀ ਪੈਂਟ, ਸ਼ਰਟ, ਸਕਰਟ, ਵੱਖ ਵੱਖ ਤਰਾਂ ਦੇ ਵਾਲਾਂ ਦੇ ਸਟਾਇਲ, ਪੰਜਾਬੀ ਜੁੱਤੀ ਦੀ ਜਗਾਂ ਸੈਂਡਲਾਂ ਤੇ ਬੂਟਾਂ ਨੇ ਲੈ ਲਈ ਹੈ। ਪੰਜਾਬੀ ਫਿਲਮਾਂ ਦੇ ਪ੍ਰਡਿਊਸਰ ਤੇ ਡਾਇਰੈਕਟਰ ਫਿਲਮ ਹਿੱਟ ਕਰਵਾਉਣ ਲਈ ਹਰ ਵਾਹ ਲਾ ਰਹੇ ਹਨ ਤੇ ਪੰਜਾਬੀ ਪਹਿਰਾਵੇ ਨੂੰ ਭੁੱਲਣ ਲੱਗੇ ਹਨ। ਸਾਡੀ ਨੌਜਵਾਨ ਪੀੜੀ ਨੂੰ ਪੁਰਾਤਨ ਪੰਜਾਬੀ ਵਿਰਸੇ ਨਾਲ ਜੋੜਨ ਦੀ ਬਜਾਏ ਪੱਛਮੀ ਸੱਭਿਆਚਾਰ ਨਾਲ ਜੋੜਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਅੰਨਾ ਪੈਸਾ ਕਮਾਉਣ ਤੇ ਨਵੇਂ ਐਕਟਰਾਂ ਨੂੰ ਜਲਦੀ ਹਿੱਟ

ਕਰਨ ਦੀ ਕੋਸ਼ਿਸ਼ ਵਿੱਚ ਪੰਜਾਬੀ ਸੱਭਿਆਚਾਰ ਤੇ ਪਹਿਰਾਵੇ ਨੂੰ ਭੁੱਲਿਆ ਜਾ ਰਿਹਾ ਹੈ। ਪੰਜਾਬੀ ਫਿਲਮਾਂ ਵਿੱਚ ਹੁਣ ਮਹਿੰਗੇ ਪੱਬਾ, ਹੋਟਲਾਂ ਵਿੱਚ ਫਿਲਮ ਦੇ ਹੀਰੋਂ ਨੂੰ ਅਪਣੇ ਦੋਸਤਾਂ ਨਾਲ ਅੰਗਰੇਜੀ ਸ਼ਰਾਬ ਪੀਂਦੇ ਦਿਖਾਇਆ ਜਾਂਦਾ ਹੈ। ਫਿਲਮ ਦੇ ਹੀਰੋ ਨੂੰ ਜੀਂਨ ਦੀ ਪੈਂਟ ਵਿੱਚ ਖੇਤਾਂ ਵਿੱਚ ਟਰੈਕਟਰ ਚਲਾਉਂਦੇ ਦੇ ਚਾਰਾ ਕੱਟਦੇ ਵੀ ਦਿਖਾਇਆ ਜਾ ਰਿਹਾ ਹੈ।
ਜਦੋਂ ਕਿ ਅੱਜ ਦੇ ਸਮੇਂ ਤੋਂ ਪਹਿਲਾ ਬਣੀਆਂ ਫਿਲਮਾਂ ਵਿੱਚ ਹੀਰੋ ਚਾਦਰਾ ਲਾਉਂਦਾ ਸੀ ਤੇ ਲੰਬਾ ਕੁੜਤਾ ਪਾਉਂਦਾ ਸੀ ਤੇ ਹੱਥ ਵਿੱਚ ਪਰਨਾ ਰੱਖਕੇ ਪੰਜਾਬੀ ਸੱਭਿਆਚਾਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ। ਹੁਣ ਹਾਲ ਇਹ ਹੈ ਕਿ ਪੰਜਾਬੀ  ਤੇ ਪੰਜਾਬੀਅਤ ਦੇ ਨਾਮ ਦੇ ਬਣਨ ਵਾਲੀ ਪੰਜਾਬੀ ਫਿਲਮਾਂ ਦਾ ਨਾਮ ਵੀ ਅੰਗਰੇਜੀ ਭਾਸ਼ਾ ਵਿੱਚ ਰੱਖਿਆਂ ਜਾਣ ਲੱਗਿਆ ਹੈ। ਹਾਲਾਂਕਿ ਫਿਲਮ ਡਾਇਰੈਕਟਰ ਮਨਮੋਹਨ ਸਿੰਘ ਨੇ ਪੰਜਾਬੀ ਫਿਲਮ ਜੀ ਆਇਆ ਨੂੰ, ਅਸਾਂ ਨੂੰ ਮਾਣ ਵਤਨਾਂ ਤੇ ਆਦਿ ਫਿਲਮਾਂ ਬਣਾਕੇ ਬਦਲੇ ਜਮਾਨੇ ਦੇ ਨਾਲ ਪੰਜਾਬੀ ਫਿਲਮਾਂ ਦੇ ਨਾਮ ਨੂੰ ਕੁੱਝ ਨਵਾਂ ਨਾਮ ਦਿੱਤਾ ਸੀ। ਪਰ ਹੁਣ ਧੜਾ ਧੜ ਸਿਨੇਮਾਘਰਾਂ ਵਿੱਚ ਰਿਲੀਜ ਹੋਈਆਂ ਪੰਜਾਬੀ ਫਿਲਮਾਂ ਦੇ ਨਾਮ ਲਗਭਗ ਸਾਰੇ ਹੀ ਅੰਗਰੇਜੀ ਵਿੱਚ ਰੱਖੇ ਹੋਏ ਹਨ। ਜਿਹਨਾਂ ਵਿਚੋਂ ਮੁੱਖ ਤੌਰ ਤੇ ਡੈਡੀ ਕੂਲ ਮੰਮੀ ਕੂਲ, ਜੱਟ ਐਂਡ ਜਿਉਲੀਅਟ ਟੂ, ਕੈਨੀ ਆਨ ਜੱਟਾ, ਆਦਿ ਫਿਲਮਾਂ ਦੇ ਨਾਮ ਅੰਗਰੇਜੀ ਭਾਸ਼ਾ ਵਿੱਚ ਹਨ। ਇਹਨਾਂ ਫਿਲਮਾਂ ਵਿੱਚ ਪੰਜਾਬੀ ਪਹਿਰਾਵੇ ਘੱਟ ਹੀ ਦਿਖਾਇਆ ਗਿਆ ਹੈ।
ਇਹ ਗੱਲ ਸੱਚ ਹੈ ਕਿ ਹੁਣ ਬਣ ਰਹੀਆਂ ਤੇ ਰਿਲੀਜ ਹੋ ਚੁੱਕੀਆਂ ਪੰਜਾਬੀ ਫਿਲਮਾਂ ਨੇ ਹਿੰਦੀ ਫਿਲਮਾਂ ਦੇ ਨਾਮਵਰ ਐਕਟਰਾਂ ਵਿਚੋਂ ਧਰਮਿੰਦਰ, ਅਕਸ਼ੈ ਕੁਮਾਰ ਆਦਿ ਨੂੰ ਵੀ ਪੰਜਾਬੀ ਫਿਲਮਾਂ ਕਰਨ ਲਈ ਆਕਰਸ਼ਣ ਕੀਤਾ ਹੈ ਤੇ ਮੁੰਬਈ ਤੋਂ ਹਿੰਦੀ ਐਕਟਰ ਵੀ ਪੰਜਾਬ ਆਕੇ ਪੰਜਾਬੀ ਫਿਲਮਾਂ ਦੇ ਦ੍ਰਿਸ਼ ਫਿਲਮਾਂ ਰਹੇ ਹਨ। ਸੋ ਪੰਜਾਬੀ ਫਿਲਮ ਬਣਾਉਣ ਵਾਲੇ ਪ੍ਰਡਿਊਸਰ ਤੇ ਡਾਇਰੈਕਟਰਾਂ ਲਈ ਪ੍ਰਸ਼ੰਸ਼ਾਯੋਗ ਹੈ। ਪਰ ਜੇਕਰ ਪੰਜਾਬੀ ਫਿਲਮਾਂ ਵਿੱਚ ਪੰਜਾਬੀ ਪਹਿਰਾਵੇ ਨੂੰ ਵੀ ਢੁਕਵੀਂ ਜਗਾਂ ਦੇਣ ਤਾਂ ਸੋਨੇ ਪਰ ਸੋਹਾਗੇ ਵਾਲੀ ਗੱਲ ਹੋਵੇਗੀ।

Send this to a friend