ਸਰਦੂਲਗੜ੍ਹ, 15 ਜਨਵਰੀ (ਬਲਜੀਤ ਪਾਲ, ਵਿਪਨ ਗੋਇਲ, ਨਰਾਇਣ ਗਰਗ)- ਨਗਰ ਪੰਚਾਇਤ ਸਰਦੂਲਗੜ੍ਹ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਨੇ ਕੀਤਾ। ਇਸ ਤੋਂ ਪਹਿਲਾ ਸਵੇਰੇ ਹਵਨ ਯੱਗ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇੱਕਤਰ ਹੋਏ ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੂੰ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਕਿ ਘੱਗਰ ਦੇ ਗੰਦੇ ਪਾਣੀ ਦਾ ਮੁੱਦਾ, ਘੱਗਰ ਦੇ ਪੁੱਲ ਨੂੰ ਨਵੇਂ ਸਿਰੇ ਤੋਂ ਬਣਾਉਣਾ, ਬਾਲਾ ਜੀ ਕਲੋਨੀ ਵਿਖੇ ਸੀਵਰੇਜ਼ ਦੀ ਸਮੱਸਿਆ, ਟਰੈਫਿਕ ਦੀ ਸਮੱਸਿਆ, ਸ਼ਹਿਰ ’ਚ ਪਾਰਕਿੰਗ ਸੁਵਿਧਾ ਦੀ ਘਾਟ, ਅਨਾਜ਼ ਮੰਡੀ ’ਚ ਬਰਸਾਤ ਮੌਕੇ ਪਾਣੀ ਖੜਣ ਦੀ ਸਮਸਿਆ, ਨਹਿਰੀ ਪਾਣੀ ਦੀ ਸਮੱਸਿਆ, ਫਾਇਰ ਬ੍ਰਿਗੇਡ ਦੀ ਨਵੀਂ ਇਮਾਰਤ ਬਾਰੇ ਆਦਿ ਤੋਂ ਜਾਣੂ ਕਰਵਾਇਆ।
ਜਿਸ ’ਤੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ।ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਘੱਗਰ ਦੇ ਮੁੱਦੇ ਨੂੰ ਉਹਨਾਂ ਵੱਲੋਂ ਪਹਿਲਾਂ ਵੀ ਅਕਾਲੀ ਸਰਕਾਰ ਮੌਕੇ ਕਈ ਵਾਰ ਵਿਧਾਨ ਸਭਾ ‘ਚ ਉਠਾਇਆ ਜਾ ਚੁੱਕਾ ਹੈ ਪਰੰਤੂ ਅਕਾਲੀ ਸਰਕਾਰ ਨੇ ਇਸ ਮੁੱਦੇ ਵੱਲ ਧਿਆਨ ਨਹੀਂ ਦਿੱਤਾ। ਪਰ ਹੁਣ ਅਸੀ ਕੈਪਟਨ ਸਾਹਬ ਨੂੰ ਕਹਿ ਕੇ ਇਸਦਾ ਜਲਦੀ ਪੱਕੇ ਤੌਰ ’ਤੇ ਹੱਲ ਕਰਵਾਵਾਂਗੇ। ਇਸ ਮੌਕੇ ਤਹਿਸੀਲਦਾਰ ਸੰਧੂਰਾ ਸਿੰਘ, ਕਾਰਜਸਾਧਕ ਅਫਸਰ ਅਸ਼ੋਕ ਪਥਰੀਆ, ਏ.ਐਮ.ਈ. ਪ੍ਰਲਾਦ ਅਲੋਰੀਆ, ਜਤਿੰਦਰ ਜੈਨ ਬੌਬੀ ਪ੍ਰਧਾਨ ਨਗਰ ਪੰਚਾਇਤ, ਅਜੈ ਕੁਮਾਰ ਨੀਟਾ, ਸੁਖਵਿੰਦਰ ਸਿੰਘ ਸੁੱਖਾ ਭਾਊ, ਸਤਪਾਲ ਵਰਮ੍ਹਾ, ਪਵਨ ਚੌਧਰੀ, ਬੋਹੜ ਸਿੰਘ ਕਾਂਗਰਸੀ ਆਗੂ, ਸੁਖਵਿੰਦਰ ਸਿੰਘ ਸੁੱਖੀ, ਮਥਰਾ ਦਾਸ, ਪਵਨ ਸੋਨੀ, ਭੋਜ ਕੁਮਾਰ, ਪ੍ਰਵੀਨ ਕੁਮਾਰ, ਦੀਪਕ ਜੈਨ ਆਦਿ ਹਾਜ਼ਰ ਸਨ।
ਨਗਰ ਪੰਚਾਇਤ ਸਰਦੂਲਗੜ੍ਹ ਦੇ ਨਵੇਂ ਦਫਤਰ ਦਾ ਡੀਸੀ ਵੱਲੋਂ ਉਦਘਾਟਨ



