ਜਲੰਧਰ, 20 ਜਨਵਰੀ (ਪੀ.ਟੀ.)-ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਨੇ ਬੀਤੇ ਦਿਨੀ ਸੁਨਿਆਰੇ ਦੀ ਦੁਕਾਨ ’ਚ ਹੋਈ ਚੋਰੀ ਦਾ ਮਾਮਲਾ ਸੁਲਝਾਉਂਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ ਸੋਨੇ/ਚਾਂਦੀ ਦੇ ਗਹਿਣੇ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਦਿੰਦਿਆਂ ਸ੍ਰੀ ਨਰੇਸ਼ ਕੁਮਾਰ ਡੋਗਰਾ ਏ. ਡੀ. ਸੀ. ਪੀ ਸਿਟੀ-1 ਅਤੇ ਸ੍ਰੀ ਗੁਰਨਾਮ ਸਿੰਘ ਏ. ਸੀ. ਪੀ (ਨਾਰਥ) ਨੇ ਦੱਸਿਆ ਕਿ ਮਿਤੀ 10 ਜਨਵਰੀ 2014 ਨੂੰ ਸ੍ਰੀ ਰਾਜਨ ਚੌਹਾਨ ਪੁੱਤਰ ਸ੍ਰੀ ਸੁਰਿੰਦਰ ਚੌਹਾਨ ਵਾਸੀ ਡਬਲਿਊ ਆਰ-189, ਬਸਤੀ ਸ਼ੇਖ, ਜ¦ਧਰ ਨੇ ਥਾਣਾ ਡਵੀਜ਼ਨ ਨੰਬਰ 1 ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਸ਼ੋਕ ਵਿਹਾਰ ਵਿਖੇ ਉਸ ਦੀ ਮੁਸਕਾਨ ਜਿਊਲਰ ਨਾਂਅ ਦੀ ਸੁਨਿਆਰੇ ਦੀ ਦੁਕਾਨ ਹੈ। ਮਿਤੀ 9 ਜਨਵਰੀ ਨੂੰ ਰਾਤ 8 ਵਜੇ ਉਹ ਦੁਕਾਨ ਨੂੰ ਤਾਲਾ ਲਾ ਕੇ ਘਰ ਚਲਾ ਗਿਆ ਅਤੇ ਅਗਲੇ ਦਿਨ ਤੜਕੇ 5:30 ਵਜੇ ਦੇ ਕਰੀਬ ਉਸ ਨੂੰ ਪਤਾ ਲੱਗਾ ਕਿ ਉਸ ਦੀ ਦੁਕਾਨ ਦਾ ਸ਼ਟਰ ਉਪਰ ਚੁੱਕਿਆ ਹੋਇਆ ਹੈ। ਜਦੋਂ ਉਸ ਨੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਤਿਜੌਰੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਉਸ ਵਿਚੋਂ ਕੋਈ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਇਕ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ ਸੀ।
ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 1 ਵਿਚ ਮੁਕੱਦਮਾ ਨੰਬਰ 6 ਮਿਤੀ 10-01-2014 ਦਰਜ ਕੀਤਾ ਗਿਆ ਅਤੇ ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 1 ਅਤੇ ਇੰਸਪੈਕਟਰ ਬਿਮਲ ਕਾਂਤ ਮੁੱਖ ਅਫ਼ਸਰ ਥਾਣਾ ਨੰਬਰ 8 ਨੇ ਡੂੰਘਾਈ ਨਾਲ ਤਫਤੀਸ਼ ਕਰਕੇ ਖੁਫੀਆ ਸੋਮਿਆਂ ਅਤੇ ਮੁਖਬੀਰ ਦੇ ਆਧਾਰ ’ਤੇ ਸਬਜ਼ੀ ਮੰਡੀ, ਮਕਸੂਦਾਂ ਤੋਂ ਸੁਖਦੇਵ ਸਿੰਘ ਉਰਫ ਬੀਰੂ ਪੁੱਤਰ ਪੁਨੂੰ ਵਾਸੀ ਪਿੰਡ ਜਮਾਲਕੇ, ਥਾਣਾ ਲਾਧੂਕਾ ਮੰਡੀ, ਜ਼ਿਲ੍ਹਾ ਫਾਜ਼ਿਲਕਾ ਅਤੇ ਪ੍ਰਕਾਸ਼ ਹਰਜਨ ਪੁੱਤਰ ਰਮੇਸ਼ ਹਰਜਨ ਵਾਸੀ ਝੁਗੀਆਂ ਨਵੀਂ ਬਸਤੀ, ਨੇੜੇ ਦਾਣਾ ਮੰਡੀ, ਮਖੂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 3 ਤੋਲੇ ਸੋਨਾ, 1 ਕਿਲੋ ਚਾਂਦੀ, ਇਕ ਮਾਰੂਤੀ ਕਾਰ, 2 ਮੋਟਰ ਸਾਈਕਲ, ਇਕ ਮੋਬਾਈਲ ਫੋਨ ਅਤੇ 445 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ ਕ੍ਰਮਵਾਰ ਮੁਕੱਦਮਾ ਨੰਬਰ 17 ਅਤੇ 18 ਮਿਤੀ 20-01-2014 ਅ:ਧ 22/61/85 ਐਨ. ਡੀ. ਪੀ. ਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ। ਸ੍ਰੀ ਡੋਗਰਾ ਨੇ ਦੱਸਿਆ ਕਿ ਸੁਖਦੇਵ ਉਰਫ ਬੀਰੂ ਨੇ ਪੰਜ ਸਾਲ ਪਹਿਲਾਂ ਕਰਤਾਰਪੁਰ-ਬੇਗੋਵਾਲ ਰੋਡ ’ਤੇ ਕਰਿਆਨੇ ਦੀ ਦੁਕਾਨ ਵਿਚੋਂ ਰਾਤ ਸਮੇਂ ਸਾਬਣ, ਤੇਲ ਅਤੇ ਹੋਰ ਘਰੇਲੂ ਸਾਮਾਨ ਅਤੇ 2004 ਵਿਚ ਕਾਲਾ ਸੰਘਿਆ ਰੋਡ ’ਤੋਂ ਇਕ ਸਕੂਟਰ ਵੀ ਚੋਰੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਦਿਨ ਸਮੇਂ ਪਿੰਡਾਂ/ਸ਼ਹਿਰਾਂ ਵਿਚ ਮੋਟਰ ਸਾਈਕਲਾਂ/ਮੋਪੇਡਾਂ ਆਦਿ ’ਤੇ ਕੰਬਲ, ਖੇਸ ਅਤੇ ਬੱਚਿਅ ਦੇ ਕੱਪੜੇ ਤੁਰ-ਫਿਰ ਕੇ ਵੇਚਦੇ ਸਨ ਅਤੇ ਇਸ ਬਹਾਨੇ ਇਹ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਦੀ ਪਹਿਚਾਣ ਕਰਦੇ ਸਨ ਅਤੇ ਬਾਅਦ ਵਿਚ ਰਾਤ ਸਮੇਂ ਚੋਰੀਆਂ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਦੋ ਹੋਰ ਸਾਥੀ ਹਾਲੇ ਗ੍ਰਿਫਤਾਰ ਕਰਨੇ ਬਾਕੀ ਹਨ।