May 16, 2026 1:05 am

ਸਰਦੂਲਗੜ੍ਹੀਆਂ ਨੂੰ ਕੈਪਟਨ ਦੀ ਆਮਦ ਤੋਂ ਵੱਡੀਆਂ ਆਸਾਂ

ਸਰਦੂਲਗੜ੍ਹ, 5 ਜਨਵਰੀ- ਸੱਤ ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰ ਅਤੇ ਗੁਆਂਢੀ ਹਲਕੇ ਮਾਨਸਾ ਵਿੱਚ ਆ ਰਹੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਫੇਰੀ ਤੋਂ ਹਲਕਾ ਸਰਦੂਲਗੜ੍ਹ ਦੇ ਲੋਕਾਂ ਨੂੰ ਵੱਡੀਆਂ ਆਸਾਂ ਹਨ। ਇਹ ਹਲਕੇ ਦੇ ਲੋਕਾਂ ਨੂੰ ਆਸ ਹੈ ਕਿ ਹੋ ਸਕਦਾ ਹੈ ਸਾਡਾ ਅਵਾਰਾ ਪਸ਼ੂਆਂ ਦੇ ਉਜਾੜੇ ਵਾਲਾ ਮਸਲਾ ਕੈਪਟਨ ਹੱਲ ਕਰ ਜਾਣ। ਘੱਗਰ ਦੇ ਜ਼ਹਿਰੀ ਪਾਣੀ ਨਾਲ ਆਪਣੇ ਪਿੰਡਾਂ ਦੀ ਆਬੋ ਹਵਾ ਅਤੇ ਸਰੀਰਾਂ ’ਚ ਜ਼ਹਿਰ ਘੁਲਣ ਤੋਂ ਤੰਗ ਘੱਗਰ ਕਿਨਾਰੇ ਵਸੇ ਲੋਕਾਂ ਨੂੰ ਆਸ ਹੈ ਕਿ ਹੋ ਸਕਦਾ ਹੈ ਮੁੱਖ ਮੰਤਰੀ ਘੱਗਰ ਦੇ ਕਾਲੇ ਪਾਣੀ ਦੇ ਹੀ ਬੰਨ੍ਹ ਮਾਰ ਜਾਣ। ਹਲਕੇ ਦੇ ਸੱਤਰ ਪਿੰਡਾਂ ਨੂੰ ਪੀਣ ਅਤੇ ਸਿੰਜਾਈ ਦਾ ਪਾਣੀ ਦਿੰਦੀ ਭਾਖੜਾ ਮੇਨ ਬਰਾਂਚ ਦੀ ਉਲਝੀ ਤਾਣੀ ਸੁਲਝ ਜਾਣ ਦੀ ਵੀ ਲੋਕਾਂ ਨੂੰ ਵੱਡੀ ਆਸ ਹੈ। ਜਿਕਰਯੋਗ ਹੈ ਕਿ ਭਾਖੜਾ ਮੇਨ ਬਰਾਂਚ ਭਾਵੇਂ ਪੰਜਾਬ ਵਿੱਚੋਂ ਨਿਕਲਦੀ ਅਤੇ ਪੰਜਾਬ ਵਿੱਚ ਹੀ ਵਗਦੀ ਹੈ ਪਰ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਦੀ ਬਾਰਬੰਦੀ ਹਰਿਆਣਾ ਬੰਨ੍ਹਦਾ ਹੈ ਜਿਸ ਕਰਕੇ ਇਸ ਹਲਕੇ ਦੇ ਪਿੰਡ ਲੋੜ ਵਕਤ ਪਾਣੀ ਦੀ ਬੂੰਦ ਬੂੰਦ ਨੂੰ ਤਰਸਦੇ ਹਨ । ਹਲਕੇ ਦੇ ਲੋਕਾਂ ਨੂੰ ਨਸ਼ੇ ਬੰਦੀ ਦਾ ਨਾਅਰਾ ਲਾ ਕੇ ਸੱਤਾ ’ਚ ਆਈ ਕੈਪਟਨ ਸਰਕਾਰ ਤੋਂ ਇਹ ਵੀ ਆਸ ਹੈ ਕਿ ਹੋ ਸਕਦਾ ਹੈ ਕੈਪਟਨ ਸਾਹਿਬ ਹਲਕੇ ਦੇ ਪਿੰਡਾਂ ਨੂੰ ਪੈ ਰਹੀ ਹਰਿਆਣਵੀ ਨਸ਼ਿਆਂ ਦੀ ਮਾਰ ਤੋਂ ਮੁਕਤੀ ਦਿਵਾ ਜਾਣ। ਜ਼ਿਕਰਯੋਗ ਹੈ ਹਲਕਾ ਸਰਦੂਲਗੜ੍ਹ ਦੇ ਦਰਜਨਾ ਪਿੰਡਾਂ ਵਿੱਚ ਹਰਿਆਣੇ ਵੱਲੋਂ ਆਉਣ ਵਾਲੀ ਸਸਤੀ ਸ਼ਰਾਬ ਅਤੇ ਮੈਡੀਕਲ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਤੋਂ ਔਖੇ ਹਨ । ਘੱਗਰ ਕਿਨਾਰੇ ਵਾਲੇ ,ਭਾਖੜਾ ਨਹਿਰ ’ਤੇ ਨਿਰਭਰ ਅਤੇ ਹਰਿਆਣੇ ਦੀ ਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਕਿਹਾ ਮਾਨਸਾ ਦੀ ਰੈਲੀ ਵਾਲੇ ਦਿਨ ਅਸੀਂ ਹੁੰਮ ਹੁਮਾ ਕੇ ਜਾਵਾਂਗੇ ਪਰ ਨਾਲ ਹੀ ਲੋਕਾਂ ਨੇ ਖਦਸਾ ਜ਼ਾਹਰ ਕੀਤਾ ਕਿ ਕਿਤੇ ਸਾਡੇ ਨੇਤਾ ਸਾਡੀਆਂ ਸਮੱਸਿਆਵਾਂ ਕੈਪਟਨ ਸਾਹਿਬ ਕੋਲ ਉਠਾਉਣ ਤੋਂ ਝਿਜਕ ਹੀ ਨਾ ਜਾਣ। ਸਮਾਜ ਸੇਵੀ ਬਿੱਕਰਜੀਤ ਸਾਧੂਵਾਲਾ , ਅਤੇ ਜਗਦੇਵ ਸਿੰਘ ਫੱਤਾ ਨੇ ਕਿਹਾ ਮੁੱਖ ਮਤੰਰੀ ਕੈਪਟਨ ਸਾਹਿਬ ਸਮੇਤ ਸਾਬਕਾ ਮੁੱਖ ਮੰਤਰੀ ਬਾਦਲ ਸਾਹਿਬ ਵੀ ਕਈ ਵਾਰ ਹਲਕੇ ਦਾ ਦੌਰਾ ਕਰਕੇ ਜਾ ਚੁੱਕੇ ਹਨ ਪਰ ਅੱਜ ਤੱਕ ਸਾਡੇ ਕਿਸੇ ਵੀ ਨੇਤਾ ਨੇ ਸਾਡੇ ਮੁੱਦੇ ਸਾਡੇ ਸਾਹਮਣੇ ਮੁੱਖ ਮੰਤਰੀਆਂ ਕੋਲ ਨਹੀਂ ਚੁੱਕੇ ਇਸੇ ਲਈ ਅਸੀਂ ਅੱਜ਼ ਵੀ ਦਰਜ਼ਨਾ ਸਮੱਸਿਆਵਾਂ ਨਾਲ ਜੂਝ ਰਹੇ ਹਾਂ ਅਤੇ ਪੰਜਾਬ ਦਾ ਪਛੜਿਆ ਇਲਾਕਾ ਬਣੇ ਹੋਏ ਹਾਂ।

Send this to a friend