ਐਸ.ਏ.ਐਸ. ਨਗਰ 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ 287 ਪ੍ਰਿੰਸੀਪਲਾਂ ਅਤੇ 24 ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੇੋ ਦੋ ਦਿਨਾਂ ਸਿਖਲਾਈ ਵਰਕਸ਼ਾਪ ਦੇ ਚੌਥੇ ਗੇੜ ‘ਚ ਹਿੱਸਾ ਲਿਆ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿੱਤ ਵਿਭਾਗ ਦੇ ਡਿਪਟੀ ਡਾਇਰੈਕਟਰ ਬਲਵਿੰਦਰ ਸਿੰਘ ਮਠਾੜੂ ਨੇ ਸਕੂਲ ਪ੍ਰਬੰਧ ਵਿੱਚ ਪ੍ਰਾਵੀਡੈਂਟ ਫੰਡ, ਸੇਵਾ ਮੁਕਤੀ ਲਾਭ, ਵਿਭਾਗ ਦੀ ਸਕੂਲਾਂ ਸਬੰਧੀ ਬਣਾਈ ਆਨ-ਲਾਈਨ ਵੈਬ ਪੋਰਟਲ, ਕਰਮਚਾਰੀਆਂ ਦੇ ਸੇਵਾ ਦੌਰਾਨ ਭਰੇ ਜਾਣ ਵਾਲੇ ਪ੍ਰੋਫੋਰਮਿਆਂ ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਉਪਰੰਤ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਦੇ ਸਕੂਲ ਪ੍ਰਬੰਧ ਸਬੰਧੀ ਲੋੜੀਦੀਆਂ ਜਾਣਕਾਰੀਆਂ ਦੇ ਸਵਾਲਾਂ ਦੇ ਜਵਾਬ ਸ. ਮਠਾੜੂ ਨੇ ਦਿੱਤੇ। ਬੁਲਾਰੇ ਨੇ ਅੱਗੇ ਦੱਸਦਿਆਂ ਕਿਹਾ ਕਿ ਸਿਖਲਾਈ ਵਰਕਸ਼ਾਪ ਦੇ ਚੌਥੇ ਗੇੜ ਦੇ ਪਹਿਲੇ ਦਿਨ ਸਹਾਇਕ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ ਨੇ ਆਏ ਹੋਏ ਸਮੂਹ ਡੀ.ਡੀ.ਓਜ਼. ਨੂੰ ਜੀ ਆਇਆਂ ਕਿਹਾ। ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਵਰਕਸ਼ਾਪ ਵਿੱਚ ਜਲੰਧਰ ਦੇ 81, ਪਟਿਆਲਾ ਦੇ 78, ਸੰਗਰੂਰ ਦੇ 59, ਸ਼ਹੀਦ ਭਗਤ ਸਿੰਘ ਨਗਰ ਦੇ 38, ਤਰਨਤਾਰਨ ਦੇ 24, ਅੰਮ੍ਰਿਤਸਰ ਦੇ 3, ਐਸ.ਏ.ਐਸ. ਨਗਰ ਦੇ 2, ਬਠਿੰਡਾ ਤੇ ਮੋਗਾ ਦੇ 1-1 ਪ੍ਰਿੰਸੀਪਲ ਭਾਗ ਲੈ ਰਹੇ ਹਨ। ਪੰਜਾਬ ਦੇ 24 ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵੀ ਇਸ ਸਿਖਲਾਈ ਵਰਕਸ਼ਾਪ ਵਿੱਚ ਸ਼ਾਮਿਲ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਧਰਮ ਸਿੰਘ, ਸਹਾਇਕ ਡਾਇਰੈਕਟਰ ਲਲਿਤ ਘਈ, ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਮਨੋਜ ਕੁਮਾਰ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।