ਪਿੰਡ ਦੇ ਵਿਕਾਸ ਕਾਰਜਾਂ ਲਈ ਚੰਡੀਗੜ੍ਹ ਵਿਖੇ 21 ਜਨਵਰੀ ਨੂੰ ਮੀਟਿੰਗ ਸੱਦੀ
ਠੀਕਰੀਵਾਲਾ (ਬਰਨਾਲਾ), 19 ਜਨਵਰੀ (ਕੁਲਦੀਪ ਸੂਦ)-ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਕੌਮ ਦਾ ਸਰਮਾਇਆ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜਿਹੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਅੱਜ ਇਥੇ ਸੁਤੰਤਰਤਾ ਸੰਗਰਾਮੀ ਸੇਵਾ ਸਿੰਘ ਠੀਕਰੀ ਵਾਲਾ ਦੀ 80ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ. ਬਾਦਲ ਨੇ ਆਖਿਆ ਕਿ ਸ਼ਹੀਦ ਸਾਡੇ ਸਾਰਿਆਂ ਲਈ ਚਾਨਣ ਮੁਨਾਰਾ ਹਨ ਜਿਨ੍ਹਾਂ ਨੇ ਦੇਸ਼ ਤੇ ਕੌਮ ਲਈ ਆਪਣਾ ਸਭ ਕੁੱਝ ਨਿਛਾਵਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੇ ਲੋਕਾਂ ਦੇ ਹਿੱਤਾਂ ਖਾਤਰ ਰਜਵਾੜਾਸ਼ਾਹੀ ਅਤੇ ਅੰਗਰੇਜ਼ਾਂ ਖਿਲਾਫ਼ ਦੂਹਰੀ ਲੜਾਈ ਲੜੀ ਅਤੇ ਹੁਕਮਤ
ਅੱਗੇ ਨਾ ਝੁਕਦਿਆਂ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਦੀ ਪਵਿੱਤਰ ਧਰਤੀ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਲਾਸਾਨੀ ਯੋਧਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਲੋਕਾਂ ਨੂੰ ਜਮਹੂਰੀਅਤ ਪ੍ਰਣਾਲੀ ਰਾਹੀ ਅਜ਼ਾਦੀ ਨਾਲ ਜਿਉਣ ਦਾ ਹੱਕ ਦਿਵਾਇਆ। ਉਨ੍ਹਾਂ ਆਖਿਆ ਕਿ ਪੰਜਾਬੀਆਂ ਨੂੰ ਕੁਰਬਾਨੀ ਦਾ ਜ਼ਜਬਾ ਗੁੜਤੀ ਵਿੱਚ ਹੀ ਮਿਲਿਆ ਹੈ ਕਿਉਂਕਿ ਸਾਡੇ ਮਹਾਨ ਗੁਰੂਆਂ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਬਰਾਬਰੀ, ਜ਼ੁਲਮ ਤੇ ਬੇਨਿਸਾਫੀ ਖਿਲਾਫ਼ ਅਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਕੁਰਬਾਨੀ ਦਿੱਤੀ। ਉਨ੍ਹਾ ਆਖਿਆ ਕਿ ਆਜ਼ਾਦੀ ਸੰਘਰਸ਼ ਦੌਰਾਨ ਅਤੇ ਉਸ ਤੋਂ ਬਾਅਦ ਜਦੋਂ ਵੀ ਦੇਸ਼ ਵੱਲ ਕਿਸੇ ਨੇ ਅੱਖ ਚੁੱਕ ਕੇ ਦੇਖਿਆ ਤਾਂ ਪੰਜਾਬ ਦੇ ਮਹਾਨ ਯੋਧਿਆਂ ਨੇ ਸ਼ਾਹਦਤਾਂ ਦੇ ਕੇ ਦੇਸ਼ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਿਆ।
ਪਿੰਡ ਠੀਕਰੀਵਾਲਾ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਅਮਰ ਸ਼ਹੀਦ ਦੇ ਇਸ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਇਸ ਮੰਤਵ ਲਈ ਉਨ੍ਹਾਂ ਨੇ 21 ਜਨਵਰੀ ਨੂੰ ਚੰਡੀਗੜ੍ਹ ਵਿਖੇ ਪਿੰਡ ਦੀ ਪੰਚਾਇਤ ਅਤੇ ਹੋਰ ਨੁਮਾਇੰਦਿਆਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਵੀ ਬੁਲਾਉਣ ਦਾ ਐਲਾਨ ਕੀਤਾ ਜਿੱਥੇ ਪਿੰਡ ਵਾਸੀਆਂ ਵੱਲੋਂ ਉਠਾਈਆਂ ਗਈਆਂ ਮੰਗਾਂ ’ਤੇ ਵਿਚਾਰ ਕਰਕੇ ਲੋੜੀਦੇਂ ਫੰਡ ਮੁਹੱਈਆ ਕਰਵਾਏ ਜਾਣਗੇ।
ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਪਿੰਡ ਠੀਕਰੀਵਾਲਾ ਦੇ ਸਰਕਾਰੀ ਸਕੂਲ ਨੂੰ ਹਾਈ ਸਕੂਲ ਵਜੋਂ ਅਪਗਰੇਡ ਕਰਨ ਦਾ ਐਲਾਨ ਕਰਦਿਆਂ ਆਖਿਆ ਕਿ ਭਲਕੇ 20 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਵਿਸ਼ੇਸ਼ ਕੇਸ ਵਜੋਂ ਪ੍ਰਵਾਨਗੀ ਦਿੱਤੀ ਜਾਵੇਗੀ।
ਆਪਣੇ ਸੰਬੋਧਨ ਵਿੱਚ ਸ. ਬਾਦਲ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਾਸੀਆਂ ਖਾਸ ਕਰਕੇ ਗਰੀਬਾਂ ਦੀ ਭਲਾਈ ਲਈ ਵਿਸ਼ੇਸ ਉਪਰਾਲੇ ਕੀਤੇ ਹਨ, ਜਿਸ ਤਹਿਤ ਹੁਣ ਆਟਾ ਦਾਲ ਸਕੀਮ ਦਾ ਘੇਰਾ ਵਧਾ ਕੇ 16 ਲੱਖ ਪਰਿਵਾਰਾਂ ਤੋਂ 32 ਲੱਖ ਪਰਿਵਾਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲਿਆ ਕਰੇਗਾ।
ਕਿਸਾਨਾਂ ਦੀ ਵਰਤਮਾਨ ਸਥਿਤੀ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਹੀ ਅੱਜ ਮਿਹਨਤ ਮੁਸ਼ੱਕਤ ਕਰਨ ਵਾਲਾ ਕਿਸਾਨ ਕਰਜ਼ੇ ਥੱਲੇ ਦੱਬਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਫਸਲਾਂ ਦੇ ਭਾਅ ਮਿੱਥਣ ਅਤੇ ਖੇਤੀ ਲਾਗਤਾਂ ਦੀਆਂ ਕੀਮਤਾਂ ਤੈਅ ਕਰਨਾ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ, ਜਿਸ ਵੱਲੋਂ ਕਦੇ ਵੀ ਕਿਸਾਨਾਂ ਦੇ ਹਿੱਤ ਵਾਲਾ ਫੈਸਲਾ ਨਹੀ ਲਿਆ ਗਿਆ।
ਇਸ ਤੋਂ ਪਹਿਲਾ ਪੱਤਰਕਾਰਾਂ ਵੱਲੋਂ ਸ਼ਹੀਦ ਸੇਵਾ ਸਿੰਘ ਦੇ ਘਰ ਦੀ ਮੌਜੂਦਾ ਹਾਲਾਤ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਘਰ ਨੂੰ ਇਕ ਯਾਦਗਾਰ ਵਜੋਂ ਸੰਭਾਲਣ ਲਈ ਪੂਰਨ ਤੌਰ ਤੇ ਵਚਨਬੱਧ ਹੈ ਅਤੇ ਜੇਕਰ ਇਹ ਘਰ ਸਰਕਾਰ ਨੂੰ ਸੌਪਿਆ ਜਾਂਦਾ ਹੈ ਤਾਂ ਇਸਦੀ ਬਿਹਤਰ ਢੰਗ ਨਾਲ ਸੰਭਾਲ ਕੀਤੀ ਜਾਵੇਗੀ।
ਇਸ ਮੌਕੇ ਸ੍ਰੋਮ੍ਹਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੂੰ ‘ਪਾਰਟੀ ਦਾ ਦਿਮਾਗ’ ਕਰਾਰ ਦਿੰਦਿਆਂ ਸ. ਬਾਦਲ ਨੇ ਆਖਿਆ ਕਿ ਸ੍ਰੋਮ੍ਹਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਿੱਚ ਸ. ਢੀਂਡਸਾ ਦਾ ਬਹੁਤ ਵੱਡਾ ਯੋਗਦਾਨ ਹੈ।
ਇਸ ਮੌਕੇ ਸ. ਢੀਂਡਸਾ ਨੇ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਸ. ਬਾਦਲ ਨੇ ਸੂਬੇ ਵਿੱਚ ਸ਼ਹੀਦਾਂ ਦੀ ਯਾਦਗਾਰਾਂ ਬਣਾ ਕੇ ਨਵਾਂ ਇਤਿਹਾਸ ਸਿਰਜਿਆ ਹੈ, ਜੋ ਆਉਣ ਵਾਲੀਆਂ ਪੀੜੀਆਂ ਲਈ ਪ੍ਰਰੇਣਾ ਦਾ ਸਰੋਤ ਹੋਣਗੀਆਂ। ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਅੱਗੇ ਪਿੰਡ ਠੀਕਰੀ ਵਾਲਾ ਅਤੇ ਬਰਨਾਲਾ ਸ਼ਹਿਰ ਲਈ ਕੁੱਝ ਅਹਿਮ ਮੰਗਾਂ ਰੱਖੀਆਂ।
ਇਸ ਦੌਰਾਨ ਸ. ਬਾਦਲ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਹਲਕਾ ਇੰਚਾਰਜ਼ ਭਦੌੜ ਸ. ਦਰਬਾਰਾ ਸਿੰਘ ਗੁਰੂ, ਸ. ਰਜਿੰਦਰ ਸਿੰਘ ਕਾਂਝਲਾ ਸੀਨੀਅਰ ਅਕਾਲੀ ਆਗੂ, ਸ. ਕੁਲਵੰਤ ਸਿੰਘ ਕੀਤੂ ਸੀਨੀਅਰ ਅਕਾਲੀ ਆਗੂ, ਸ.ਪਰਮਜੀਤ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ., ਸ. ਬਲਦੇਵ ਸਿੰਘ ਚੂੰਘਾ ਮੈਂਬਰ ਐਸ.ਜੀ.ਪੀ.ਸੀ., ਸੰਤ ਦਲਬਾਰ ਸਿੰਘ ਛੀਨੀਵਾਲ ਮੈਂਬਰ ਐਸ.ਜੀ.ਪੀ.ਸੀ., ਕੈਪਟਨ ਅਮਰਜੀਤ ਸਿੰਘ ਜੇਜੀ ਬਾਬਾ ਟੇਕ ਸਿੰਘ ਧਨੋਲਾ, ਤਰਨਜੀਤ ਸਿੰਘ ਦੁੱਗਲ, ਰਵਿੰਦਰ ਸਿੰਘ ਰੰਮੀ, ਵੀਰ ਇੰਦਰ ਸਿੰਘ ਜੈਲਦਾਰ, ਮਹਿੰਦਰਪਾਲ ਸਿੰਘ, ਗੁਰਜਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਸ. ਉਪਿੰਦਰਜੀਤ ਸਿੰਘ ਘੁੰਮਣ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪ੍ਰਵੀਨ ਕੁਮਾਰ, ਐਸ.ਡੀ.ਐਮ. ਸ੍ਰੀ ਅਮਨਦੀਪ ਬਾਂਸਲ ਬਰਨਾਲਾ, ਐਸ.ਡੀ.ਐਮ ਤਪਾ ਸ. ਜਸਪਾਲ ਸਿੰਘ ਅਤੇ ਹੋਰ ਅਕਾਲੀ ਆਗੂ ਅਤੇ ਜ਼ਿਲ੍ਹਾ ਪ੍ਰਸਾਸਨ ਨੇ ਅਧਿਕਾਰੀ ਹਾਜ਼ਰ ਸਨ।