ਫ਼ਿਰੋਜ਼ਪੁਰ, 2 ਜਨਵਰੀ (ਸਤਬੀਰ ਬਰਾੜ ਗੁਰਜੀਤ ਸਿੰਘ)- ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨੀ ਫ਼ੌਜ ਦੇ ਹਮਲੇ ਵਿਚ ਸ਼ਹੀਦ ਹੋਏ 19 ਪੰਜਾਬ ਰੈਜੀਮੈਂਟ ਦੇ ਜਵਾਨ ਜਗਸੀਰ ਸਿੰਘ ਪੁਤਰ ਸ੍ਰ: ਅਮਰਜੀਤ ਸਿੰਘ ਦਾ ਉਸ ਦੇ ਜਦੀ ਪਿੰਡ ਲੋਹਗੜ੍ਹ ਠਾਕਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੀ ਦੇਹ ਕਲ੍ਹ ਫ਼ੌਜ ਵਲੋਂ ਹੈਲੀਕਾਪਟਰ ਰਾਹੀਂ ਜੰਮੂ ਤੋਂ ਫ਼ਿਰੋਜ਼ਪੁਰ ਲਿਆਂਦੀ ਗਈ ਤੇ ਅਜ ਭਾਰਤੀ ਫ਼ੌਜ ਦੇ ਜਵਾਨ ਸ਼ਹੀਦ ਜਗਸੀਰ ਸਿੰਘ ਦੀ ਦੇਹ ਨੂੰ ਪੂਰੇ ਸਨਮਾਨ ਨਾਲ ਪਿੰਡ ਲੈ ਕੇ ਗਏ, ਜਿਥੇ ਸਵੇਰ ਤੋਂ ਹੀ ਵਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਹੀਦ ਦਾ ਇੰਤਜ਼ਾਰ ਕਰ ਰਹੇ ਸਨ। ਜਿਉਂ ਹੀ ਸ਼ਹੀਦ ਜਗਸੀਰ ਸਿੰਘ ਦੀ ਦੇਹ ਪਿੰਡ ਪੁਜੀ ਤਾਂ ਸਮੁਚੇ ਇਲਾਕੇ ‘ਚ ਭਾਰੀ ਸੋਗ ਦੀ ਲਹਿਰ ਦੌੜ ਗਈ ਤੇ ਵਡੀ ਗਿਣਤੀ ਵਿਚ ਲੋਕਾਂ ਨੇ ਸੇਜਲ ਅਖਾਂ ਨਾਲ ਸ਼ਹੀਦ ਜਗਸੀਰ ਸਿੰਘ ਨੂੰ ਅੰਤਿਮ ਵਿਦਾਇਗੀ ਦਿਤੀ ਅਤੇ ਸ਼ਹੀਦ ਜਗਸੀਰ ਸਿੰਘ ਅਮਰ ਰਹੇ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਫ਼ੌਜ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ , ਫ਼ੌਜ ਤੇ ਪੁਲੀਸ ਅਧਿਕਾਰੀਆਂ, ਬੀ.ਐਸ.ਐਫ ਤੋਂ ਇਲਾਵਾ ਵਖ-ਵਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਸ਼ਹੀਦ ਦੀ ਦੇਹ ’ਤੇ ਫੁਲ ਮਲਾਵਾਂ ਭੇਟ ਕੀਤੀਆਂ।ਸ਼ਹੀਦ ਜਗਸੀਰ ਸਿੰਘ 2004 ਵਿਚ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ ਤੇ 32 ਸਾਲ ਦੀ ਉਮਰ ਵਿਚ ਦੇਸ਼ ਲਈ ਸ਼ਹਾਦਤ ਦਾ ਜਾਮ ਪੀ ਗਿਆ।
ਉਹ ਆਪਣੇ ਪਿਛੇ ਮਾਤਾ ਗੁਰਮੀਤ ਕੌਰ, ਪਿਤਾ ਅਮਰਜੀਤ ਸਿੰਘ, ਪਤਨੀ ਮਹਿੰਦਰਪਾਲ ਕੌਰ, ਦੋ ਬੇਟੀਆਂ ਨਗਮਜੀਤ ਕੌਰ, ਗੁਰਨੀਤ ਕੌਰ ਤੇ ਇਕ ਬੇਟਾ ਜਗਦੀਸ਼ ਅਤੇ ਭੈਣ ਪਵਨਦੀਪ ਕੌਰ ਤੇ ਛੋਟਾ ਭਰਾ ਜਸਬੀਰ ਸਿੰਘ ਛਡ ਗਿਆ। ਅੰਤਿਮ ਸਸਕਾਰ ਮੌਕੇ ਸ਼ਹੀਦ ਦੀ ਚਿਤਾ ਨੂੰ ਅਗਨੀ ਉਸ ਦੇ ਭਰਾ ਸ੍ਰ: ਜਸਬੀਰ ਸਿੰਘ ਵਲੋਂ ਦਿਤੀ ਗਈ। ਇਸ ਮੌਕੇ ਸ਼ਹੀਦ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਪ੍ਰਸ਼ਾਸਨ ਇਸ ਦੁਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਜਗਸੀਰ ਸਿੰਘ ਦੀ ਸ਼ਹਾਦਤ ਅਤੇ ਬਹਾਦਰੀ ਤੇ ਪੂਰੇ ਦੇਸ਼ ਨੂੰ ਮਾਣ ਹੈ, ਜਿਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰ ਦਿਤੀ।
ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।ਇਸ ਮੌਕੇ ਡੀ.ਆਈ.ਜੀ. ਸ੍ਰੀ. ਬੀ. ਐਸ. ਰਾਜਪਰੋਹਿਤ (ਬੀ.ਐਸ.ਐਫ), ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਭੁਪਿੰਦਰ ਸਿੰਘ ਸਿਧੂ, ਜਥੇਦਾਰ ਇੰਦਰਜੀਤ ਸਿੰਘ ਜੀਰਾ ਸਾਬਕਾ ਮੰਤਰੀ ਪੰਜਾਬ, ਸ੍ਰੀ ਕਮਲ ਸ਼ਰਮਾ ਸਾਬਕਾ ਭਾਜਪਾ ਪ੍ਰਧਾਨ ਪੰਜਾਬ, ਕਾਂਗਰਸੀ ਆਗੂ ਸ੍ਰ. ਜਸਮੇਲ ਸਿੰਘ ਲਾਡੀ ਗਹਿਰੀ, ਸ੍ਰ. ਹਰਜੀਤ ਸਿੰਘ ਸੰਧੂ ਐਸ.ਡੀ.ਐਮ, ਸ੍ਰ. ਮਨਜੀਤ ਸਿੰਘ ਤਹਿਸੀਲਦਾਰ, ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਬੋਰਡ ਲੈਫ਼ਟੀਨੈਂਟ ਕਰਨਲ (ਰਿਟਾ) ਅਮਰਬੀਰ ਸਿੰਘ ਚਹਿਲ, ਲੈਫ਼ਟੀਨੈਂਟ ਵਿਨੋਦ ਕੁਮਾਰ, ਸੂਬੇਦਾਰ ਸਵਰਨ ਸਿੰਘ, ਸੀ.ਐਚ.ਐਮ. ਮਨਮੋਹਨ ਕੁਮਾਰ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਸ੍ਰੀ ਜੁਗਰਾਜ ਕਟੋਰਾ ਸਮੇਤ ਵਡੀ ਗਿਣਤੀ ਵਿਚ ਫੌਜ਼, ਬੀ.ਐਸ.ਐਫ, ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ, ਰਾਜਸੀ, ਧਾਰਮਿਕ ਆਗੂਆਂ ਵਲੋਂ ਸ਼ਹੀਦ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ।