ਬਠਿੰਡਾ, 25 ਦਸੰਬਰ (ਇੰਦਰਜੀਤ ਨਥਾਣਾ )- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅਪਣਾਏ ਗਏੇ ਨਵੇਂ ਅਧਿਆਪਨ ਢੰਗਾਂ (ਇਨੋਵੇਟਿਵ ਟੀਚਿੰਗ ਮੈਥਡੋਲੋਜੀ) ਸਦਕਾ ਸੰਸਥਾ ਦੇ ਹਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਬਹੁਤ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ. (ਐਗਰੀਕਲਚਰ-4 ਸਾਲਾਂ) ਦੇ ਛੇਵੇਂ ਸਮੈਸਟਰ ਦੇ ਨਤੀਜਿਆਂ ਵਿੱਚ ਵੀ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ 85% ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ । ਬੀ.ਐਸ.ਸੀ.( ਐਗਰੀਕਲਚਰ-4 ਸਾਲਾਂ) ਛੇਵੇਂ ਸਮੈਸਟਰ ਦੇ ਨਤੀਜੇ ਵਿੱਚ ਬਜੀਤਾ ਅਧਿਕਾਰੀ ਨੇ 86 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਅਤੇ ਹਰਦੀਪ ਕੌਰ ਨੇ 85 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਪਰਮਪਾਲ ਸ਼ਰਮਾਂ ਤੇ ਕਰਨ ਜੋਸ਼ੀ ਨੇ 84 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ । ਇਸ ਨਤੀਜੇ ਅਨੁਸਾਰ 80% ਤੋਂ ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਤਾਨੀਆ ਸੈਣੀ(83%), ਹਿਮਾਂਸੂ(82%), ਰਮਨਦੀਪ ਕੌਰ (82%), ਉਪਾਸਨਾ ਕਰਕੀ (81%) ਅਤੇ ਰੁਪਿੰਦਰ ਕੌਰ (81%) ਆਦਿ ਸ਼ਾਮਿਲ ਹਨ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਨ੍ਹਾਂ ਸ਼ਾਨਦਾਰ ਨਤੀਜਿਆਂ ‘ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਸਥਾ ਵਿਖੇ ਲਾਗੂ ਇਨੋਵੇਟਿਵ ਟੀਚਿੰਗ ਮੈਥਡੋਲੋਜੀ ਤਹਿਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ਤੇ ਸੰਸਥਾ ਵਿਖੇ ਪ੍ਰਸਿੱਧ ਸਿੱਖਿਆ ਸ਼ਾਸਤਰੀਆਂ/ਵਿਸ਼ਾ ਮਾਹਿਰਾਂ ਅਤੇ ਹੋਰ ਵਿਦਵਾਨਾਂ ਦੇ ਵਿਸਥਾਰ ਭਾਸ਼ਣ, ਸੈਮੀਨਾਰ ਆਦਿ ਆਯੋਜਿਤ ਹੁੰਦੇ ਰਹਿੰਦੇ ਹਨ ਅਤੇ ਇਸ ਤੋਂ ਇਲਾਵਾ ਗਰੁੱਪ ਡਿਸਕਸ਼ਨ, ਡੀਬੇਟ, ਭਾਸ਼ਣ ਆਦਿ ਗਤੀਵਿਧੀਆਂ ਵਿੱਚ ਹਰ ਵਿਦਿਆਰਥੀ ਹਿੱਸਾ ਲੈਂਦਾ ਹੈ ਜਿਸ ਸਦਕਾ ਅਜਿਹੇ ਸ਼ਾਨਦਾਰ ਨਤੀਜੇ ਪ੍ਰਾਪਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਹਰ ਵਾਰ ਅਕਾਦਮਿਕ ਉਪਲੱਬਧੀਆਂ ਨਾਲ ਨਵੀਆਂ ਬੁਲੰਦੀਆਂ ਨੂੰ ਛੁੂਹ ਰਹੇ ਹਨ।