May 18, 2026 5:29 pm

ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਨਸ਼ਿਆਂ ਸਬੰਧੀ ਟੈਕਸੀ ਡਰਾਈਵਰਾਂ ਨੂੰ ਕੀਤਾ ਜਾਗਰੂਕ

ਸ੍ਰੀ ਅਨੰਦਪੁਰ ਸਾਹਿਬ, 25 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਜ਼ਿਲ੍ਹਾ ਪੁਲਿਸ ਮੁੱਖੀ ਰੂਪਨਗਰ ਰਾਜ ਬਚਨ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਵੱਲੋਂ ਟੈਕਸੀ ਡਰਾਇਵਰਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਏ.ਐਸ.ਆਈ ਕਰਨੈਲ ਸਿੰਘ ਅਤੇ ਏ.ਐਸ.ਆਈ ਹਰਮੇਸ਼ ਲਾਲ ਨੇ ਸਾਂਝੇ ਤੌਰ ਤੇ ਡਰਾਇਵਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰੇਕ ਇਨਸਾਨ ਲਈ ਨਸਾ ਬਹੁਤ ਮਾੜਾ ਹੈ। ਇਹ ਸ਼ਰਾਬ, ਭੁੱਕੀ , ਅਫੀਮ, ਚਰਸ , ਗਾਂਜਾ ਆਦਿ ਕਿਸੇ ਦਾ ਵੀ ਹੋ ਸਕਦਾ ਹੈ। ਕਦੇ ਵੀ ਨਸਾ ਕਰਕੇ ਵਾਹਨ ਨਹੀਂ ਚਲਾਉਣਾ ਚਾਹੀਦਾ। ਜਦੋਂ ਕੋਈ ਡਰਾਇਵਰ ਨਸ਼ਾ ਕਰਕੇ ਵਾਹਨ ਚਲਾਉਂਦਾ ਹੈ ਤਾਂ ਉਹ ਆਪਣੀ ਜਿੰਦਗੀ ਦੇ ਨਾਲ ਦੂਸਰਿਆਂ ਦੀ ਜਿੰਦਗੀ ਨੂੰ ਵੀ ਖ਼ਤਰੇ ਵਿਚ ਪਾਉਂਦਾ ਹੈ। ਨਸ਼ਾ ਕਰਨ ਵਾਲੇ ਵਿਅਕਤੀ ਦਾ ਘਰ ਬਰਬਾਦ ਹੁੰਦਾ ਹੈ, ਉਹ ਜੋ ਕਮਾਈ ਕਰਦਾ ਹੈ ਉਸ ਨੂੰ ਨਸ਼ਾ ਕਰਨ ਤੇ ਲਗਾ ਦਿੰਦਾ ਹੈ। ਜਿਸ ਕਾਰਨ ਪਰਿਵਾਰ ਫਾਕੇ ਕੱਟਣ ਲਈ ਮਜਬੂਰ ਹੋ ਜਾਂਦਾ ਹੈ ਤੇ ਪਰਿਵਾਰ ਵੀ ਨਸੇੜੀ ਵਿਅਕਤੀ ਤੋਂ ਪਾਸਾ ਵੱਟ ਜਾਂਦਾ ਹੈ।ਪੈਸਾ ਨਾ ਹੋਣ ਕਾਰਨ ਅਤੇ ਨਸ਼ੇ ਦੀ ਪੂਰਤੀ ਲਈ ਨਸੇੜੀ ਸਮਾਜ ਵਿਰੋਧੀ ਅਨਸਰਾਂ ਨਾਲ ਰਲ਼ ਕਿ ਗਲਤ ਕੰਮ ਕਰਨ ਲੱਗ ਜਾਂਦਾ ਹੈ ।ਨਸੇੜੀ ਵਿਅਕਤੀ ਦਾ ਅੰਤ ਮਾੜਾ ਹੁੰਦਾ ਹੈ।ਇਸ ਲਈ ਨਸ਼ਾ ਨਾ ਕਰਨ ਦਾ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ।ਇਹਨਾਂ ਕਿਹਾ ਕਿ ਜੇਕਰ ਤੁਹਾਡੇ ਨੇੜੇ ਤੇੜੈ ਕੋਈ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਤਾਂ ਉਸ ਬਾਰੇ ਪੁਲਿਸ ਨੂੰ ਜਾਣਕਾਰੀ ਦਿਓ ਤੁਹਾਡਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।ਸਮਾਜ ਵਿਚੋਂ ਨਸ਼ਾ ਖਤਮ ਕਰਨ ਲਈ ਪੁਲਿਸ ਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ।

Send this to a friend