ਫਤਿਹਗੜ੍ਹ ਸਾਹਿਬ, 25 ਦਸੰਬਰ- ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਵਾਲੀ ਧਰਤੀ ਸ੍ਰੀ ਫ਼ਤਹਿਗ੍ਹੜ ਸਾਹਿਬ ਵਿਖੇ ਸ਼ਹੀਦੀ ਸਭਾ ਦਾ ਆਰੰਭ ਹੋ ਗਿਆ ਹੈ। ਇਸ ਮੌਕੇ ਸੋਨੇ ਦੀਆਂ ਮੋਹਰਾਂ ਖੜ੍ਹੀਆ ਕਰਕੇ ਸ਼ਾਹ ਟੋਡਰ ਮਲ ਵਲੋਂ ਖਰੀਦ ਕੀਤੀ ਦੁਨੀਆ ਦੀ ਸਭ ਤੋ ਮਹਿੰਗੀ ਧਰਤੀ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅਜ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਵਲੋਂ ਅਰਦਾਸ ਕਰਕੇ ਮੁਖ ਵਾਕ ਲਿਆ। ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ। ਇਸ ਮੌਕੇ ਲਖਾਂ ਸੰਗਤਾਂ ਵਲੋਂ ਗੁਰੂਘਰ ਵਿਚ ਹਾਜ਼ਰੀ ਲਗਾਈ ਗਈ।ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਲਾਡਲੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸਹਾਦਤ ਸਮੇਤ ਧਰਮ ਦੀ ਰਾਖੀ ਅਤੇ ਜੁਲਮ ਦੇ ਟਾਕਰੇ ਲਈ ਅਨੇਕਾ ਸ਼ਹਾਦਤਾਂ ਦੇਣ ਵਾਲੀਆਂ ਮਹਾਨ ਸਖਸ਼ੀਅਤਾਂ ਦੇ ਖੂਨ-ਨਾਲ ਲਥ ਪਥ ਹੋਈ ਇਹ ਮਹਾਨ ਧਰਤੀ ਅਦੁਤੀ ਸ਼ਹੀਦੀਆਂ ਦੀ ਪ੍ਰਤੀਕ ਹੈ। ਉਨਾ ਸਮੂਹ ਜਗਤ ਨੂੰ ਬੇਨਤੀ ਕੀਤੀ ਕਿ ਉਹ ਜਿਥੇ ਹੀ ਹੋਣ 27 ਦਸੰਬਰ ਨੂੰ ਹੋਣ ਵਾਲੀ ਅਰਦਾਸ ਵਿਚ ਕੁਝ ਪਲ ਖੜਕੇ ਆਪਣੀ ਹਾਰਜ਼ੀ ਗੁਰੂਘਰ ਵਿਚ ਜਰੂਰ ਲਗਾਉਣ।ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਵਲੋਂ ਹਾਜਰ ਸਕਤਰ ਕੇਵਲ ਸਿੰਘ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਰਖਦੇ ਹੋਏ, ਸਿਖੀ ਦਾ ਵਧ ਤੋ ਵਧ ਪ੍ਰਚਾਰ ਕਰਨਾ ਚਾਹੀਦਾ ਹੈ। ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਗੜ੍ਹੀ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਤਿੰਨ ਦਿਨਾ ਸ਼ਹੀਦੀ ਜੋੜ ਮੇਲ ਸਮੂਹ ਗੁਰਦੁਆਰਾ ਸਾਹਿਬਾਨ ‘ਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਉਪਰੰਤ ਸ਼ੁਰੂ ਹੋ ਗਿਆ ਸੀ।ਪਹਿਲੇ ਦਿਨ ਵਡੀ ਗਿਣਤੀ ਵਿਚ ਸੰਗਤਾਂ ਨੇ ਇਥੋਂ ਦੇ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ, ਗੁ: ਸ੍ਰੀ ਗੜ੍ਹੀ ਸਾਹਿਬ, ਗੁ: ਸ੍ਰੀ ਤਾੜੀ ਸਾਹਿਬ, ਗੁ: ਸ੍ਰੀ ਦਮਦਮਾ ਸਾਹਿਬ, ਗੁ: ਸ੍ਰੀ ਰਣਜੀਤਗੜ੍ਹ ਸਾਹਿਬ, ਗੁ: ਸ਼ਹੀਦੀ ਬੁਰਜ ਭਾਈ ਜੈਤਾ ਜੀ ਵਿਖੇ ਨਤਮਸਤਕ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।ਬਾਅਦ ਦੁਪਹਿਰ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਢਾਡੀ ਦਰਬਾਰ ਦੀ ਸ਼ੁਰੂਆਤ ਹੋਈ, ਜਿਸ ‘ਚ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਜੋੜ ਮੇਲ ਸਬੰਧੀ ਪ੍ਰਸ਼ਾਸਨ ਵਲੋਂ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਸਹਿਯੋਗ ਨਾਲ ਵਧੀਆ ਪ੍ਰਬੰਧ ਕੀਤੇ ਗਏ ਹਨ। ਸਮਾਗਮ ਦੀ ਸ਼ੁਰੂਆਤ ਦੇ ਨਾਲ ਹੀ ਵਖ-ਵਖ ਪਿੰਡਾਂ/ਸ਼ਹਿਰਾਂ ਤੋਂ ਆਈਆਂ ਲੰਗਰ ਕਮੇਟੀਆਂ ਵਲੋਂ ਬਹੁਤ ਹੀ ਸਾਦੇ ਢੰਗ ਨਾਲ ਲੰਗਰਾਂ ਦੀ ਸ਼ੁਰੂਆਤ ਕਰ ਦਿਤੀ ਗਈ ਹੈ। ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਵਲੋਂ ਇਸ ਵਾਰ ਵੀ ਆਰਜ਼ੀ ਦੁਕਾਨਾਂ, ਰੇਹੜੀਆਂ ਫੜੀਆਂ ਵਾਲਿਆਂ ਤੋਂ ਕੋਈ ਵੀ ਕਿਰਾਇਆ ਨਾ ਲੈਣ ਦੇ ਲਏ ਫ਼ੈਸਲੇ ਕਾਰਨ ਇਨ੍ਹਾਂ ਦੁਕਾਨਾਂ/ਫੜੀਆਂ ਦੀ ਵੀ ਕਾਫ਼ੀ ਭਰਮਾਰ ਹੈ। ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਨੇ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਰੇਹੜੀਆਂ ਫੜ੍ਹੀਆਂ ਵਾਲਿਆਂ ਤੋਂ ਵਸੂਲੀ ਕਰਦਾ ਹੈ ਤਾਂ ਉਹ ਨਗਰ ਪੰਚਾਇਤ ਦੇ ਦਫ਼ਤਰ ਸੂਚਿਤ ਕਰਨ। ਸ਼ਹੀਦੀ ਜੋੜ ਮੇਲ ‘ਚ ਸ਼ਮੂਲੀਅਤ ਕਰਨ ਲਈ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵੀ ਪੁਜ ਗਈਆਂ ਹਨ।