May 19, 2026 4:47 am

ਸਭਿਆਚਾਰਕ ਮੇਲੇ ਦੌਰਾਨ ਦਵਿੰਦਰ ਬਰਨਾਲਾ ਦਾ ਵਿਸ਼ੇਸ਼ ਸਨਮਾਨ

ਸਾਦਿਕ, 22 ਦਸੰਬਰ (ਗੁਲਜ਼ਾਰ ਮਦੀਨਾ)-ਪਿਛਲੇ ਸਾਲ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਪੰਜਾਬੀ ਲੋਕ ਗਾਇਕੀ ਦੇ ਹੀਰੇ ਫ਼ਨਕਾਰ ਗਾਇਕ ‘ਦੇਵ ਝੁਨੀਰ’ ਜਿਨ੍ਹਾਂ ਨੇ ਆਪਣੀ ਗਾਇਕੀ ਰਾਹੀ ਸਰੋਤਿਆਂ ਦਾ ਮਨ ਹੋਇਆ ਸੀ ਤੇ ਉਨ੍ਹਾਂ ਦੀ ਮਿਠੀ ਯਾਦ ਨੂੰ ਸਮਰਪਿਤ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਭਿਆਚਾਰਕ ਮੇਲਾ ਬਾਬਾ ਧਿਆਨ ਦਾਸ ਯੁਵਕ ਭਲਾਈ ਕਲਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੇਲੇ ਦੌਰਾਨ ਹੀ ਗਾਇਕ ਦੇਵ ਝੁਨੀਰ ਦੇ ਬਹੁਤ ਹੀ ਨੇੜਲੇ ਸਾਥੀ ‘ਦਵਿੰਦਰ ਬਰਨਾਲਾ’ ਦਾ ਮੇਲਾ ਕਮੇਟੀ ਅਤੇ ਪੰਜਾਬੀ ਲੋਕ ਗਾਇਕ ਸੋਨੂੰ ਵਿਰਕ ਅਤੇ ਕਰਮਜੀਤ ਧੂਰੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਸੰਬੰਧੀ ਗਲਬਾਤ ਦੌਰਾਨ ‘ਦਵਿੰਦਰ ਬਰਨਾਲਾ’ ਨੇ ਗਾਇਕ ਦੇਵ ਝੁਨੀਰ ਬਾਰੇ ਗਲਬਾਤ ਦੌਰਾਨ ਦਸਿਆ ਕਿ ਜਿਥੇ ਦੇਵ ਇਕ ਬਹੁਤ ਵਧੀਆ ਗਾਇਕ ਸੀ ਉਥੇ ਆਪਣੇ ਹਸਮੁਖ, ਮਿਲਣਸਾਰ ਸੁਭਾਅ ਨਾਲ ਪਹਿਲੀ ਤਕਣੀ ’ਚ ਹੀ ਹਰ ਇਕ ਇਨਸਾਨ ਨੂੰ ਆਪਣਾ ਬਣਾ ਲੈਂਦਾ ਸੀ। ਉਨ੍ਹਾਂ ਅਗੇ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਇਕਠੇ ਬਤੀਤ ਕੀਤੇ ਅਤੇ ਔਖੇ ਤੋਂ ਔਖੇ ਦਿਨ ਵੀ ਦੇਖੇ ਪਰ ਦੇਵ ਦੇ ਚਿਹਰੇ ’ਤੇ ਹਰ ਸਮੇਂ ਖ਼ੁਸ਼ੀ ਹੀ ਨਜ਼ਰ ਆਉਦੀ ਸੀ, ਹਰ ਸਮੇਂ ਕੁਝ ਨਾ ਕੁਝ ਬਣਨ ਦਾ ਜਜਬਾ ਦੇਵ ਦੇ ਦਿਮਾਗ ’ਚ ਹੀ ਰਹਿੰਦਾ ਸੀ ਪਰ ਮਾਲਿਕ ਨੂੰ ਕੁਝ ਹੋਰ ਹੀ ਮਨਜੂਰ ਸੀ ਜੋ ਸਾਡੇ ਹੀਰੇ ਵਰਗੇ ਵੀਰ ਨੂੰ ਹਮੇਸ਼ਾ ਲਈ ਉਸ ਜਗ੍ਹਾ ’ਤੇ ਲੈ ਗਏ ਜਿਥੋਂ ਅਜ ਤਕ ਕੋਈ ਵਾਪਿਸ ਨਹੀਂ ਮੁੜ ਸਕਿਆ। ਇਸ ਮੌਕੇ ਮਰਹੂਮ ਦੇਵ ਝੁਨੀਰ ਦੀ ਧਰਮਪਤਨੀ ਰਾਣੀ ਕੌਰ ਬੇਟੇ ਅਮਨਦੀਪ ਟੋਨੀ ਅਤੇ ਰਾਜੂ ਸਮੇਤ ਪੂਰੇ ਪਰਿਵਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅੰਤ ’ਚ ਪੰਜਾਬੀ ਦੋਗਾਣਾ ਗਾਇਕ ਜੋੜੀ ਬਲਬੀਰ ਚੋਟੀਆ-ਜੈਸਮੀਨ ਚੋਟੀਆ, ਜਸਵੰਤ ਪਪੂ-ਸਤਵਿੰਦਰ ਕੌਰ, ਜਸਪਾਲ ਮਾਨ-ਕੀਰਤ ਮਾਨ, ਗਾਇਕਾ ਜਸਪ੍ਰੀਤ ਜਸੀ, ਡੀ ਗਿਲ-ਹਰਮੀਤ ਜਸੀ, ਲਖਾ ਥਰਾਜ, ਦਿਲਬਰ ਟੀਨਾ, ਜਸਪਾਲ ਪਾਲੀ ਅਤੇ ਜਸਪ੍ਰੀਤ ਸਿੰਮੀ ਬਰਨਾਲਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਦਮਦਾਰ ਅਵਾਜ਼ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਜਗਾ ਖੋਖਰ, ਗੀਤਕਾਰ ਕੁਲਵਿੰਦਰ ਸਪਾਂਲਾ, ਮੇਜਰ ਖੋਖਰ, ਸੁਖਵਿੰਦਰ ਸਿੰਘ ਸੁਪਰਡੈਂਟ ਪੀ.ਆਰ.ਟੀ.ਸੀ, ਸੁਖਮਿੰਦਰ ਸਿੰਘ ਸੀਨੀਅਰ ਸਹਾਇਕ, ਜਗਜੀਤ ਬਰਨਾਲਾ, ਮਨਪ੍ਰੀਤ ਬਰਨਾਲਾ, ਹਾਕਮ ਸਿੰਘ ਚੀਫ਼ ਇੰਪੈਕਟਰ ਤੇ ਧਰਮ ਸਿੰਘ ਬੋਹਾ ਆਦਿ ਹਾਜ਼ਰ ਸਨ।

Send this to a friend