ਹਰ ਮਾਂ ਨੂੰ ਆਪਣੇ ਪਤੀ ਤੇ ਸੰਤਾਨ ਤੇ ਫਖਰ ਹੁੰਦਾ ਹੈ। ਮਾਤਾ ਗੁਜਰੀ ਜਿਹੀਆਂ ਮਾਵਾਂ ਵਿਰਲਿਆਂ ਹਨ ਜੋ ਪਤੀ ਤੇ ਸੰਤਾਨ ਲਈ ਹੀ ਨਹੀਂ ਪੂਰੀ ਮਨੁਖਤਾ ਲਈ ਗਰਵ ਦਾ ਵਿਸ਼ਾ ਬਣ ਜਾਂਦੀਆਂ ਹਨ। ਮਾਤਾ ਗੁਜਰੀ ਜੀ ਨੇ ਪਿਤਾ ਸ੍ਰੀ ਲਾਲ ਚੰਦ ਜੀ ਤੇ ਮਾਤਾ ਬਿਸ਼ਨ ਕੌਰ ਜੀ ਦੇ ਘਰ ਜਨਮ ਲਿਆ। ਆਪ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨਾਲ 4 ਫਰਵਰੀ ਸੰਨ 1633 ਨੂੰ ਹੋਇਆ। ਆਪ ਨੇ ਛੇਤੀ ਹੀ ਆਪਣੇ ਜੀਵਨ ਅੰਦਰ ਗੁਰਬਾਣੀ , ਗੁਰਸਿਖੀ, ਤੇ ਪਤੀ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀਅਤ ਨੂੰ ਧਾਰਣ ਕਰ ਲਿਆ। ਮਾਤਾ ਗੁਜਰੀ ਜੀ ਸੇਵਾ, ਸ਼ਰਧਾ ਤੇ ਸਮਰਪਣ ਦੀ ਸਰਵ ਸ੍ਰੇਸ਼ਟ ਮਿਸਾਲ ਬਣ ਗਏ। ਜਿਨ੍ਹਾਂ ਵੀ ਹਾਲਾਤ ’ਚ ਰਹਿਣਾ ਪਿਆ ਮਾਤਾ ਗੁਜਰੀ ਜੀ ਨੇ ਉਚ ਆਤਮਕ ਅਵਸਥਾ ਵਿਚ ਰਹਿੰਦਿਆ ਆਪਣੇ ਫਰਜ ਦਿਲੋਂ ਨਿਭਾਏ। ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਅਵਸਥਾ ਦਾ ਵਰਣਨ ਰਾਗੁ ਗਉੜੀ ਵਿਚ ਰਚੀ ਅਪਣੀ ਬਾਣੀ ਵਿਚ ਕੀਤਾ ਹੈ। ਗੁਰੂ ਸਾਹਿਬ ਨੇ ਨਿਰਬਾਨ ਪਦ ਪ੍ਰਾਪਤ ਕਰਨ ਦੀ ਨਿਸ਼ਾਨੀ ਦਸਦਿਆਂ ਕਿਹਾ ਕਿ ਜਿਸ ਨੇ ਮਨ ਦੇ ਵਿਕਾਰ ਮੋਹ ਮਾਇਆ ਤਿਆਗ ਦਿਤੀ, ਸਾਧ ਸੰਗਤ ਨਾਲ ਜੁੜ ਗਿਆ, ਸੁਖ –ਦੁਖ , ਮਾਨ – ਅਪਮਾਨ, ਹਰਖ –ਸੋਗ , ਉਸਤਤ – ਨਿੰਦਾ ਤੋਂ ਉਦਾਸ ਹੋ ਗਿਆ ਭਾਵ ਸਹਿਜਤਾ ਵਿਚ ਆ ਗਿਆ ਉਹ ਸੰਸਾਰ ਦੇ ਤਤ ਦੇ ਜੀਵਨ ਦੇ ਮਨੋਰਥ ਨੂੰ ਪਛਾਣ ਲੈਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਇਹ ਬਹੁਤ ਹੀ ਕਠਿਨ ਹੈ “ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ। ਕੋਈ ਭਾਗਵਾਨ ਹੀ ਇਸ ਅਵਸਥਾ ਨੂੰ ਪ੍ਰਾਪਤ ਕਰ ਸਕਿਆ ਹੈ। ਮਾਤਾ ਗੁਜਰੀ ਜੀ ਨੇ ਇਸ ਅਵਸਥਾ ਨੂੰ ਸਿਧ ਹੀ ਨਹੀਂ ਕੀਤਾ ਸੰਸਾਰ ਅੰਦਰ ਪਲ ਪਲ ਪ੍ਰਕਟ ਵੀ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਹੁਕਮ ਕੀਤਾ “ ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਊ ਮੁਕਤਿ ਕਾ ਕਰੁ ਰੇ। ਮਾਤਾ ਗੁਜਰੀ ਜੀ ਨੇ ਇਸ ਹੁਕਮ ਦੀ ਪਾਲਨਾ ’ਚ ਸਾਰਾ ਜੀਵਨ ਲਗਾ ਦਿਤਾ। ਗੁਰੂ ਤੇਗ ਬਹਾਦਰ ਜੀ ਨੇ ਸਿਖਿਆ ਦਿਤੀ “ ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ , ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ। ਮਾਤਾ ਗੁਜਰੀ ਜੀ ਨੇ ਦੇਸ਼ ਤੇ ਪੰਥ ਦੀ ਸੇਵਾ ਆਪਣਾ ਆਪ ਮਿਟਾ ਕੇ ਕੀਤੀ। ਆਪ ਅੰਮ੍ਰਿਤਸਰ ਰਹੇ ਤਾਂ ਆਪਣੇ ਗੁਣਾਂ ਨਾਲ ਸਾਰੀਆਂ ਦਾ ਮਨ ਮੋਹ ਲਿਆ। ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਗੁਰੂ ਤੇਗ ਬਹਾਦਰ ਜੀ ਨਾਲ ਬਕਾਲੇ ਚਲੇ ਆਏ। ਗੁਰੂ ਤੇਗ ਬਹਾਦਰ ਜੀ ਨੇ ਇਥੇ ਇਕੀ ਵਰ੍ਹੇ ਦਾ ਲੰਬਾ ਸਮਾਂ ਲਗਭਗ ਇਕਾਂਤਵਾਸ ਵਿਚ ਪਰਮਾਤਮਾ ਦਾ ਸਿਮਰਨ ਕਰਦਿਆਂ ਬਿਤਾਇਆ। ਮਾਤਾ ਗੁਜਰੀ ਜੀ ਨੇ ਇਸ ਲੰਬੇ ਸਮੇਂ ਦੁਰਾਨ ਪੂਰਾ ਖਿਆਲ ਰਖਿਆ ਕਿ ਗੁਰੂ ਸਾਹਿਬ ਦੀ ਆਤਮਿਕ ਵਿਰਤੀ ਵਿਚ ਕੋਈ ਵਿਘਨ ਨਾ ਪਵੇ। ਇਹ ਬਹੁਤ ਹੀ ਕਠਿਨ ਸੰਕਲਪ ਸੀ ਜੋ ਮਾਤਾ ਗੁਜਰੀ ਜੀ ਨੇ ਪੂਰਾ ਕੀਤਾ ਤੇ ਘਰ ਬਾਰ ਸੁਚਜੇ ਢੰਗ ਨਾਲ ਸੰਭਾਲਿਆ। ਮਾਤਾ ਗੁਜਰੀ ਜੀ ਆਪ ਵੀ ਨਿਤਨੇਮ ਕਰਦੇ ਤੇ ਗੁਰਬਾਣੀ ਨਾਲ ਮਨ ਜੋੜੀ ਰਖਦੇ। ਬਕਾਲੇ ਅੰਦਰ ਗੁਰਸਿਖੀ ਦੇ ਅਗਲੇ ਮਹਾਨ ਪੜਾਅ ਦੀ ਭੂਮਿਕਾ ਲਿਖੀ ਜਾ ਰਹੀ ਸੀ।ਕਹਿਣ ’ਚ ਸੰਕੋਚ ਨਹੀਂ ਹੋਣਾ ਚਾਹਿਦਾ ਕਿ ਮਾਤਾ ਗੁਜਰੀ ਜੀ ਇਸ ਦੇ ਬਰਾਬਰ ਦੇ ਭਾਈਵਾਲ ਬਣੇ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਗਦੀ ਤੇ ਵਿਰਾਜਣ ਤੋਂ ਬਾਅਦ ਵੀ ਮਾਤਾ ਗੁਜਰੀ ਜੀ ਸਦਾ ਸਮਰਪਣ ਨਾਲ ਗੁਰਸਿਖੀ ਦੇ ਮਾਰਗ ਤੇ ਚਲਦੇ ਰਹੇ। ਆਪ ਸਦਾ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨੁਸਾਰੀ ਰਹੇ। ਗੁਰੂ ਸਾਹਿਬ ਦਾ ਹੁਕਮ ਮੰਨ ਉਹਨਾਂ ਨਾਲ ਧਰਮ ਯਾਤਰਾ ਤੇ ਗਏ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਪਟਨਾ ਸਾਹਿਬ ਠਹਿਰ ਗਏ ਤੇ ਹੁਕਮ ਅਨੁਸਾਰ ਹੀ ਦਸਮ ਪਿਤਾ ਦੇ ਪ੍ਰਕਾਸ਼ ਤੋਂ ਬਾਅਦ ਵਾਪਸ ਆਨੰਦਪੁਰ ਸਾਹਿਬ ਪਰਤੇ। ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੰਜ ਸਾਲ ਦੇ ਹੋ ਚੁਕੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਦੇ ਪਹਿਲੇ ਪੰਜ ਸਾਲ ਮਾਤਾ ਗੁਜਰੀ ਜੀ ਸਰਪ੍ਰਸਤੀ ਹੇਠ ਬਤੀਤ ਹੋਣਾ ਬੜਾ ਹੀ ਮਹਤਵਪੂਰਨ ਸੀ। ਧਰਮ ਮੰਡਲ ਦਾ ਇਕ ਸ਼ਿਖਰ ਪੁਰਸ਼ ਧਰਤੀ ਤੇ ਨਿਖਰ ਰਿਹਾ ਸੀ। ਮਾਤਾ ਗੁਜਰੀ ਜੀ ਇਕ ਆਦਰਸ਼ ਸੁਪਤਨੀ ਤੇ ਆਦਰਸ਼ ਮਾਤਾ ਦੇ ਰੂਪ ’ਚ ਮਨੁਖੀ ਸਭਿਅਤਾ ਲਈ ਸਦੀਵੀ ਪ੍ਰੇਰਣਾ ਸ੍ਰੋਤ ਬਣ ਰਹੇ ਸਨ। ਗੁਰੂ ਤੇਗ ਬਹਾਦਰ ਜੀ ਦੀ ਦਿਲੀ ਵਿਚ ਸ਼ਹੀਦੀ ਤੇ ਨੌ ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗਦੀ ਤੇ ਆਸੀਨ ਹੋਣਾ ਸਿਖ ਪੰਥ ਦਾ ਸਭ ਤੋਂ ਔਖਾ ਤੇ ਨਿਰਣਾਇਕ ਮੋੜ ਸੀ। ਇਸ ਵੇਲੇ ਨੂੰ ਸੰਭਾਲ ਕੇ ਇਤਿਹਾਸ ਦਾ ਸਭ ਤੋਂ ਖੂਬਸੂਰਤ ਤੇ ਗੌਰਵਸ਼ਾਲੀ ਵਰਕਾ ਬਣਾਉਣ ’ਚ ਮਾਤਾ ਗੁਜਰੀ ਜੀ ਦੀ ਆਤਮਕ ਦ੍ਰਿੜ੍ਹਤਾ ਤੇ ਸਹਿਜ ਭਾਵ ਦਾ ਵਡਾ ਯੋਗਦਾਨ ਰਿਹਾ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰਤਾ ਕਾਲ ਵਿਚ ਮਾਤਾ ਗੁਜਰੀ ਜੀ ਸਿਖ ਪੰਥ ਦੀ ਮਾਤਾ ਬਣ ਕੇ ਨਿਤਰੇ ਸ੍ਰੀ ਸਿਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਉਂਦੀਆਂ ਤਾਂ ਮਨ ਦੀਆਂ ਭਾਵਨਾਵਾਂ ਮਾਤਾ ਜੀ ਅਗੇ ਖੋਲਣ ’ਚ ਕੋਈ ਹਿਚਕ ਮਹਿਸੂਸ ਨਾ ਕਰਦਿਆਂ। ਖਾਲਸਾ ਪੰਥ ਦੀ ਸਾਜਨਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਦਮ ਤੇ ਮਾਤਾ ਗੁਜਰੀ ਜੀ ਦੀ ਪ੍ਰੋੜ੍ਹਤਾ ਨੇ ਸਿਖਾਂ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਕਰਨ ਦਾ ਵਡਮੁਲਾ ਯੋਗਦਾਨ ਕੀਤਾ। ਖਾਲਸਾ ਪੰਥ ਨੂੰ ਮਜਬੂਤ ਕਰਨ ’ਚ ਤੇ ਮੁਗਲਾਂ ਤੇ ਪਹਾੜੀ ਰਾਜਿਆਂ ਨਾਲ ਜੰਗਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੁਝੇਵੀਆਂ ਕਾਰਣ ਪਰਿਵਾਰ ਦੀ ਸੰਭਾਲ ਦਾ ਜਿੰਮਾ ਮਾਤਾ ਗੁਜਰੀ ਜੀ ਤੇ ਸੀ ਜੋ ਉਨ੍ਹਾਂ ਨੇ ਬੜੇ ਹੀ ਸੁਚਜੇ ਤਰੀਕੇ ਨਾਲ ਨਿਭਾਇਆ। ਇਸ ਦਾ ਹੀ ਨਤੀਜਾ ਸੀ ਕਿ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਚਮਕੌਰ ਦੇ ਜੁਧ ’ਚ ਬੇਮਿਸਾਲ ਵੀਰਤਾ ਵਿਖਾਈ ਤੇ ਸ਼ਹੀਦੀ ਪ੍ਰਾਪਤ ਕੀਤੀ। ਮਾਤਾ ਗੁਜਰੀ ਜੀ ਦੇ ਦਿਤੇ ਸੰਸਕਾਰ ਤੇ ਆਤਮਕ ਵਿਕਾਸ ਦੇ ਸਬਕ ਹੀ ਸਨ ਕਿ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਵਜੀਰ ਖਾਂ ਦੇ ਸਾਰੇ ਰੁਤਬੇ ਨੂੰ ਦਰਕਿਨਾਰ ਕਰਦਿਆਂ ਸਰਹਿੰਦ ‘ਚ ਦੀਵਾਰ ਅੰਦਰ ਚੁਣਿਆ ਜਾਣਾ ਖੁਸ਼ੀ ਖੁਸ਼ੀ ਕਬੂਲ ਕੀਤਾ। ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਸ਼ਹੀਦੀ ਦੀ ਰਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੋਰਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬਜਾਦਿਆਂ ਦੇ ਪਿਤਾ ਸਨ ਪਰ ਪੰਥ ਦੇ ਪਿਤਾ ਬਣ ਦੁਹਾਂ ਸਾਹਿਬਜਾਦਿਆਂ ਨੂੰ ਜੰਗ ਦੇ ਮੈਦਾਨ ’ਚ ਬਲੀਦਾਨ ਲਈ ਵਿਦਾ ਕਰ ਰਹੇ ਸਨ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਦਾ ਨਿਰਨਾਂ ਮਾਤਾ ਗੁਜਰੀ ਜੀ ਨੂੰ ਲੈਣਾ ਸੀ। ਇਸ ਲਈ ਉਨ੍ਹਾਂ ਨੂੰ ਸਾਹਿਬਜਾਦਿਆਂ ਦੇ ਪਿਤਾ ਸ੍ਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਿਆਂ ਦੀ ਮਾਤਾ ਜੀਤੋ ਜੀ ਅਗੇ ਵੀ ਜਵਾਬਦੇਹ ਹੋਣਾ ਸੀ ਤੇ ਲਾਡਲੇ ਪੋਤਰਿਆਂ ਦੀ ਪਿਆਰੀ ਦਾਦੀ ਹੋਣ ਦੇ ਨਾਤੇ ਆਪਣੀ ਨਿਗਾਹ ਵਿਚ ਵੀ ਖਰਾ ਉਤਰਨਾ ਸੀ। ਸਰਹਿੰਦ ਦੇ ਠੰਡੇ ਬੁਰਜ ਵਿਚ ਆਪ ਫੈਸਲਾ ਲੈਣਾ ਬੜਾ ਹੀ ਕਠਿਨ ਰਿਹਾ ਹੋਵੇਗਾ। ਮਾਤਾ ਗੁਜਰੀ ਜੀ ਨੇ ਫੈਸਲਾ ਪੰਥ ਦੇ ਹਕ ਵਿਚ ਲਿਆ। ਆਪ ਨੂੰ ਪਤਾ ਸੀ ਕਿ ਇਹ ਵਕਤ ਕਿਸੇ ਵੀ ਤਰਹ ਕਮਜੋਰ ਪੈਣ ਤੇ ਕਮਜੋਰ ਪੈਣ ਦੇਣ ਦਾ ਨਹੀਂ ਹੈ। ਇਕ ਪਲ ਦੀ ਵੀ ਕਮਜੋਰੀ ਇਤਿਹਾਸ ਬਦਲ ਦਿੰਦੀ। ਮਾਤਾ ਗੁਜਰੀ ਜੀ ਦੀ ਸ਼ਖਸੀਅਤ ਬਕਾਲੇ ਅੰਦਰ ਪਤੀ ਗੁਰੂ ਤੇਗ ਬਹਾਦਰ ਜੀ ਦੇ ਇਕੀਹ – ਬਾਈ ਸਾਲਾਂ ਦੇ ਅਡੋਲ ਸਿਮਰਨ ਤੋਂ ਲੈ ਕੇ ਦਿਲੀ ਅੰਦਰ ਦਿਤੇ ਬਲਿਦਾਨ ਦੀ ਪਾਵਨ ਭਾਵਨਾ ਨਾਲ ਪਰਿਪਕ ਹੋਈ ਸ਼ਖਸੀਅਤ ਸੀ। ਆਪ ਨੇ ਸੁਪੁਤਰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਬਾਲ ਅਵਸਥਾ ’ਚ ਗੁਰਗਦੀ ਤੇ ਬੈਠਨ ਤੋਂ ਲੈ ਕੇ ਪਾਉਂਟਾ ਸਾਹਿਬ ਤੇ ਆਨੰਦਪੁਰ ਸਾਹਿਬ ਦੀਆਂ ਰੌਣਕਾਂ, ਖਾਲਸਾ ਦੀ ਸਾਜਨਾ ਤੇ ਜੰਗਾਂ ਨੂੰ ਬੜੀ ਹੀ ਕੋਲੋਂ ਵੇਖਿਆ ਤੇ ਮਾਣਿਆ ਸੀ। ਇਸ ਨੇ ਮਾਤਾ ਗੁਜਰੀ ਅੰਦਰ ਵਿਲਖਣ ਦ੍ਰਿੜ੍ਹਤਾ ਪੈਦਾ ਕਰ ਕੀਤੀ ਸੀ। ਇਹੋ ਕਾਰਣ ਸੀ ਕਿ ਸਮੇਂ ਦੇ ਸਭ ਤੋ ਕਰੜੇ ਇਮਤਿਹਾਨ ਵਿਚ ਉਨ੍ਹਾਂ ਕੋਲੋਂ ਕੋਈ ਚੂਕ ਹੋਣਾ ਮੁਮਕਿਨ ਹੀ ਨਹੀਂ ਸੀ। ਮਾਤਾ ਜੀ ਨੇ ਆਪ ਸਜਾਇਆ ਸੰਵਾਰਿਆ ਤੇ ਖਾਲਸਾਈ ਸੋਚ ਦੇ ਜਲਾਲ ਨਾਲ ਨੂਰੋ ਨੂਰ ਕਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਵਜੀਰ ਖਾਂ ਦੀ ਕਚਹਿਰੀ ਵਿਚ ਭੇਜਿਆ। ਸਾਹਿਬਜ਼ਾਦਿਆਂ ਦੇ ਇਸ ਅਦੁਤੀ ਨੂਰ ਅਗੇ ਹੰਕਾਰੀ ਤੇ ਜਾਲਮ ਵਜੀਰ ਖਾਂ ਰਤੀ ਭਰ ਵੀ ਟਿਕ ਨਾ ਸਕਿਆ ਤੇ ਹਾਰ ਕੇ ਉਨ੍ਹਾਂ ਨੂੰ ਦੀਵਾਰ ਵਿਚ ਚਿਣਵਾ ਦਿਤਾ।
ਮਾਤਾ ਗੁਜਰੀ ਜੀ ਲਈ ਇਸ ਤੋਂ ਵਡਭਾਗੀ ਸਮਾਂ ਹੋਰ ਕੀ ਹੁੰਦਾ ਸੰਸਾਰ ਤਿਆਗਣ ਦਾ। ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਦਾ ਸਮਾਚਾਰ ਸੁਣਨ ਤੋਂ ਬਾਅਦ ਆਪ ਵੀ ਪਰਮਾਤਮਾ ਵਿਚ ਜਾ ਸਮਾਏ। ਪਰਿਵਾਰ, ਸੰਸਾਰ ਤਿਆਗ ਦੇਣਾ ਹੀ ਤਿਆਗ ਨਹੀਂ ਹੁੰਦਾ। ਜੰਗ ਦੇ ਮੈਦਾਨ ਅੰਦਰ ਸ਼ਹੀਦੀ ਪ੍ਰਾਪਤ ਕਰ ਲੈਣਾ ਹੀ ਬਲਿਦਾਨ ਨਹੀਂ ਹੈ। ਜਦੋਂ ਦ੍ਰਿਸ਼ਟੀ ਵਿਆਪਕ ਤੇ ਇੰਨੀ ਉਦਾਰ ਹੋ ਜਾਏ ਕਿ ਮਨੁਖਤਾ ਦੇ ਹਿਤਾਂ ਅਗੇ ਆਪਣਾ ਆਪ ਵਿਖਾਈ ਦੇਣਾ ਹੀ ਬੰਦ ਹੋ ਜਾਏ ਤਾਂ ਸਚਾ ਤਿਆਗ ਤੇ ਬਲਿਦਾਨ ਹੁੰਦਾ ਹੈ।
ਮਾਤਾ ਗੁਜਰੀ ਜੀ ਨੂੰ ਦੇਸ਼ ਤੇ ਕੌਮ ਹੀ ਵਿਖਾਈ ਦੇ ਰਹੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਸੀ “ ਸਾਧੋ ਇਹੁ ਤਨੁ ਮਿਥਿਆ ਜਾਨਉ, ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ। ਮਾਤਾ ਗੁਜਰੀ ਜੀ ਨੇ ਗੁਰਸਿਖੀ ਦੀ ਮਨ ਅੰਦਰ ਦੇ ਪਰਮਾਤਮਾ ਨੂੰ ਪਛਾਣਨ ਦੀ ਜੁਗਤ ਧਾਰਣ ਕੀਤੀ ਹੋਈ ਸੀ। ਗੁਰਸਿਖੀ ਦਾ ਸੰਜਮ , ਸਹਿਜ ਤੇ ਸੰਕਲਪ ਸਮਝਣ ਤੇ ਧਾਰਣ ਕਰਨ ਲਈ ਮਾਤਾ ਗੁਜਰੀ ਜੀ ਦਾ ਜੀਵਨ ਚਾਨਣ ਮੁਨਾਰਾ ਹੈ।