ਪਟਿਆਲਾ, 14 ਦਸੰਬਰ- ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਸਮੁੱਚੇ ਭਾਰਤ ਦੇ ਐਨ.ਐਸ.ਐਸ. ਵਲੰਟੀਅਰਾਂ ਵਿੱਚੋਂ ਗਣਤੰਤਰ ਦਿਵਸ ਪਰੇਡ ਲਈ ਕੀਤੀ ਗਈ ਸਕਰੀਨਿੰਗ ਵਿੱਚ ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਗੁਰਿੰਦਰ ਸਿੰਘ ਦੀ ਚੋਣ ਕੀਤੀ ਗਈ ਹੈ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਾਲਜ ਦੀ ਗਵਰਨਿੰਗ ਕੌਂਸਲ ਦੇ ਐਡੀਸ਼ਨਲ ਸਕੱਤਰ ਸ. ਇੰਦਰਮੋਹਨ ਸਿੰਘ ਬਜਾਜ ਨੇ ਵਿਦਿਆਰਥੀ ਤੇ ਐਨ.ਐਸ.ਐਸ. ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਅਤੇ ਸਮੁੱਚੇ ਇਲਾਕੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕਾਲਜ ਦਾ ਵਿਦਿਆਰਥੀ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਮੌਕੇ ਪੰਜਾਬ ਦੀ ਪ੍ਰਤੀਨਿਧਤਾ ਕਰੇਗਾ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀ ਗੁਰਿੰਦਰ ਸਿੰਘ ਨੂੰ ਮੁਬਾਰਕ ਪੇਸ਼ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਮਿਤੀ 1 ਜਨਵਰੀ ਤੋਂ 31ਜਨਵਰੀ 2018 ਤੱਕ ਲਗਾਏ ਜਾ ਰਹੇ, ਗਣਤੰਤਰ ਦਿਵਸ ਪ੍ਰੇਡ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ, ਆਪਸੀ ਭਾਈਚਾਰੇ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਵਿਚ ਲੀਡਰਸ਼ਿਪ ਗੁਣਾਂ ਦੇ ਉਭਾਰ ਅਤੇ ਸ਼ਖ਼ਸੀਅਤ ਉਸਾਰੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ ਸਪਨਾ, ਡਾ. ਜਗਤਾਰ ਸਿੰਘ ਅਤੇ ਪ੍ਰੋ ਰਾਜਬਿੰਦਰ ਸਿੰਘ ਨੇ ਗਣਤੰਤਰ ਦਿਵਸ ਪਰੇਡ ਕੈਂਪ ਲਈ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਜ਼ੋਨਲ ਪੱਧਰ ’ਤੇ ਕੈਂਪ ਲਗਾਏ ਜਾਂਦੇ ਹਨ। ਇਸ ਉਪਰੰਤ ਪੂਰੇ ਦੇਸ਼ ਵਿੱਚੋਂ 160 ਪ੍ਰਤਿਭਾਸ਼ਾਲੀ ਅਤੇ ਬਿਹਤਰੀਨ ਕਾਰਜ ਕਾਰੁਜ਼ਗਾਰੀ ਵਾਲੇ ਵਾਲੰਟੀਅਰਾਂ ਦੀ ਚੋਣ ਗਣਤੰਤਰ ਦਿਵਸ ਪਰੇਡ ਕੈਂਪ ਲਈ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੈਂਪ ਦੌਰਾਨ ਵਿਦਿਆਰਥੀ ਦੇਸ਼-ਵਿਦੇਸ਼ ਦੀਆਂ ਨਾਮਵਰ ਹਸਤੀਆਂ ਨੂੰ ਮਿਲਦੇ ਹਨ ਜੋ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਦੇ ਨਾਲ ਨਾਲ ਦੇਸ਼ ਦੇ ਚੰਗੇ ਨਾਗਰਿਕ ਬਣਨ ਵਿੱਚ ਮਾਰਗ ਦਰਸ਼ਕ ਦਾ ਰੋਲ ਅਦਾ ਕਰਦੇ ਹਨ।