June 26, 2026 3:55 pm

ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਥੈਚਰ ਦੀ ਭੂਮਿਕਾ ਬਾਰੇ ਜਾਂਚ ਦੇ ਹੁਕਮ

image ਲੰਦਨ, 14 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਨ੍ਹਾਂ ਦਾਅਵਿਆਂ ਪਿੱਛੇ ਤੱਥਾਂ ਦਾ ਪਤਾ ਲਾਉਣ ਲਈ ਆਪਣੇ ਕੈਬਨਿਟ ਸਕੱਤਰ ਨੂੰ ਜਾਂਚ ਦਾ ਹੁਕਮ ਦਿੱਤਾ ਹੈ ਕਿ 1984 ’ਚ ਮਾਰਗਰੇਟ ਥੈਚਰ ਸਰਕਾਰ ਨੇ ਇੰਦਰਾ ਗਾਂਧੀ ਦੀ ਬਲਿਊ ਸਟਾਰ ਯੋਜਨਾ ਵਿੱਚ ਮਦਦ ਕੀਤੀ ਸੀ। ਲੇਬਰ ਐਮ. ਪੀ. ਟਾਮ ਵਾਟਸਨ ਤੇ ਲਾਰਡ ਇੰਦਰਜੀਤ ਸਿੰਘ ਨੇ ਹਾਲ ਹੀ ਵਿੱਚ ਗੁਪਤ ਦਸਤਾਵੇਜ਼ਾਂ ਤੋਂ ਇਹ ਸੰਕੇਤ ਮਿਲਣ ਪਿੱਛੋਂ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ’ਚੋਂ ਖਾੜਕੂਆਂ ਨੂੰ ਬਾਹਰ ਕੱਢਣ ਲਈ ਦਰਬਾਰ ਸਾਹਿਬ ’ਤੇ ਧਾਵਾ ਬੋਲਣ ਦੀ ਯੋਜਨਾ ਵਿੱਚ ਭਾਰਤ ਦੀ ਮਦਦ ਲਈ ਬਰਤਾਨੀਆ ਦੀ ਸਪੈਸ਼ਲ ਏਅਰ ਫੋਰਸ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ। ਇਸ ਕਾਰਵਾਈ ’ਚ ਹਜ਼ਾਰਾਂ ਲੋਕ ਮਾਰੇ ਗਏ ਸਨ।

ਕਾਂਗਰਸ ਨੇ ਸਾਕਾ ਨੀਲਾ ਤਾਰਾ ਦੌਰਾਨ ਦੇਸ਼ ਦੀ ਪ੍ਰਭੂਸੱਤਾ ਨਾਲ ਸਮਝੌਤਾ ਕੀਤਾ : ਬਾਦਲ ਦਲ
ਚੰਡੀਗੜ੍ਹ, 14 ਜਨਵਰੀ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਵੱਲੋਂ ਸਿੱਖ ਭਾਈਚਾਰੇ ਖਿਲਾਫ ਸਾਜ਼ਿਸ਼ਾਂ ਰਚਨ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਬਰਤਾਨੀਆ ਦੇ ਅਤਿਅੰਤ ਗੁਪਤ ਦਸਤਾਵੇਜ਼ਾਂ ਦੇ ਸਾਹਮਣੇ ਆਉਣ ਨਾਲ ਸਾਕਾ ਨੀਲਾ ਤਾਰਾ ਪਿਛਲੀ ਅਸਲ ਸਾਜ਼ਿਸ਼ ਬੇਨਕਾਬ ਹੋ ਗਈ ਹੈ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ  ਅੱਜ ਪ੍ਰਕਾਸ਼ਤ ਹੋਈਆਂ ਮੀਡੀਆ ਰਿਪੋਰਟਾਂ ਨੇ  ਕਾਂਗਰਸ ਪਾਰਟੀ ਦੀ ਵੱਡੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਸਿਆਸੀ ਹਿਤਾਂ ਦੀ ਖਾਤਰ ਦੇਸ਼ ਦੀ ਪ੍ਰਭੂਸੱਤਾ ਨਾਲ ਵੀ ਸਮਝੌਤਾ ਕਰ ਲਿਆ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਰਾਜ ਦੇ ਅੰਦਰੂਨੀ ਸੁਰੱਖਿਆ ਦੇ ਮਸਲੇ ਨੂੰ ਹੱਲ ਕਰਨ ਲਈ ਉਦੋਂ ਕਾਂਗਰਸੀ ਨੇਤਾ ਇੰਦਰਾ ਗਾਂਧੀ ਨੇ ਬਰਤਾਨਵੀ ਫੌਜ ਦੀਆਂ ਸੇਵਾਵਾਂ ਲਈਆਂ। ਅਜਿਹਾ ਕਰਨਾ ਨਾ ਸਿਰਫ ਭਾਰਤੀ ਫੌਜ ’ਤੇ ਬੇਵਿਸਾਹੀ ਦੇ ਤੁੱਲ ਸੀ ਬਲਕਿ ਇਹ ਲੋਕਤੰਤਰੀ ਮੁਲਕ ਦੀ ਪ੍ਰਭੂਸੱਤਾ ਨਾਲ ਸਮਝੌਤਾ ਵੀ ਸੀ। ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਨੂੰ ਇਸ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਆਖਦਿਆਂ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਉਸ ਨੂੰ ਸਾਕਾ ਨੀਲਾ ਤਾਰਾ ਨਾਲ ਸਬੰਧਤ ਸਾਰੇ ਦਸਤਾਵੇਜ਼ ਜਨਤਕ ਕਰਨੇ ਚਾਹੀਦੇ ਹਨ ਅਤੇ ਦੇਸ਼ ਨੂੰ ਇਸ ਕਾਰਵਾਈ ਪਿਛਲੇ ‘ਸੱਚ’ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਸਿੱਖ ਭਾਈਚਾਰੇ ਦੇ ਮਨਾਂ ਵਿਚ ਸਾਕੇ ਨਾਲ ਬਣੇ ਜ਼ਖ਼ਮ ਹਾਲੇ ਵੀ ਅੱਲ੍ਹੇ ਹਨ।

ਦਲ ਖਾਲਸਾ ਵੱਲੋਂ ਦਰਬਾਰ ਸਾਹਿਬ ’ਤੇ ਹਮਲੇ ਸਬੰਧੀ ਕੈਮਰੂਨ ਨੂੰ ਖਤ ਲਿਖ ਕੇ ਚਿੰਤਾ ਦਾ ਇਜ਼ਹਾਰ
ਅੰਮ੍ਰਿਤਸਰ, 14 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਨੇ ਜੂਨ 1984 ਮੌਕੇ ਦਰਬਾਰ ਸਾਹਿਬ ’ਤੇ ਹਮਲੇ ਲਈ ਇੰਗਲੈਂਡ ਸਰਕਾਰ ਵੱਲੋਂ ਭਾਰਤ ਸਰਕਾਰ ਦੀ ਕੀਤੀ ਮਦਦ ਦੇ ਖੁੱਲ੍ਹੇ ਭੇਦ ਉਤੇ ਆਪਣੀ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਖੱਤ ਲਿਖ ਕੇ ਕੌਮ ਦੀ ਪੀੜਾ, ਗੁੱਸਾ ਅਤੇ ਚਿੰਤਾ ਦਾ ਇਜ਼ਹਾਰ ਕੀਤਾ ਹੈ।ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਵੱਲੋਂ ਇਹ ਖੱਤ ਦਿੱਲੀ ਸਥਿਤ ਇੰਗਲੈਂਡ ਦੇ ਦੂਤਾਵਾਸ ਰਾਹੀਂ ਭੇਜਿਆ ਗਿਆ ਹੈ। ਖੱਤ ਵਿੱਚ ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਲਾਇਬਰੇਰੀ ਵਿੱਚ ਪਏ ਖੁਫੀਆ ਦਸਤਾਵੇਜ਼ ਤੋਂ ਇਹ ਭੇਦ ਖੁਲ੍ਹਿਆ ਹੈ ਕਿ ਭਾਰਤ ਦੀ ਪ੍ਰਧਾਨ ਮੰਤਰੀ ਨੇ ਉਥੋਂ ਦੀ ਸਰਕਾਰ ਕੋਲੋਂ ਸਾਕਾ ਨੀਲਾ ਤਾਰਾ ਕਾਰਵਾਈ ਕਰਨ ਲਈ ਮਦਦ ਮੰਗੀ ਸੀ। ਉਨ੍ਹਾਂ ਕਿਹਾ ਕਿ ਇਸ ਰਾਜ਼ ਦੇ ਖੁੱਲ੍ਹਣ ਨਾਲ ਸਿੱਖਾਂ ਨੂੰ ਡਾਢਾ ਧੱਕਾ ਵੱਜਾ ਹੈ ਕਿਉਂਕਿ ਉਹ ਇੰਗਲੈਂਡ ਦੀ ਸਰਕਾਰ ਪਾਸੋਂ ਅਜਿਹੇ ਘਿਣਾਉਣੇ ਕੰਮ ਦੀ ਉਮੀਦ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਮਨਾਂ ਅੰਦਰ ਇਹ ਗੱਲ ਘਰ ਕਰ ਚੁੱਕੀ ਸੀ ਕਿ ਇਸ ਕੰਮ ਲਈ ਰੂਸ ਨੇ ਭਾਰਤ ਦੀ ਮਦਦ ਕੀਤੀ ਹੈ ਪਰ ਘਲੂਘਾਰੇ ਦੇ 30 ਵਰ੍ਹਿਆਂ ਬਾਅਦ ਇਹ ਭੇਦ ਖੁੱਲ੍ਹਣਾ ਕਿ ਇਸ ਹੌਲਨਾਕ ਕਾਰੇ ਲਈ ਇੰਗਲੈਂਡ ਨੇ ਵੀ ਭਾਰਤ ਦੀ ਮਦਦ ਕੀਤੀ ਹੈ, ਸਿੱਖਾਂ ਲਈ ਅਸਹਿ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਠੱਗੀ ਹੋਈ ਮਹਿਸੂਸ ਕਰ ਰਹੀ ਹੈ ਕਿਉਂਕਿ ਉਸ ਨੇ ਇੰਗਲੈਂਡ ਦੀਆਂ ਸਰਕਾਰਾਂ ’ਤੇ ਭਰੋਸਾ ਕਰ ਰੱਖਿਆ ਸੀ। ਖੁਫੀਆ ਦਸਤਾਵੇਜ਼ ਅਨੁਸਾਰ ਭਾਰਤ ਦੇ ਉਸ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇੰਗਲੈਂਡ ਸਰਕਾਰ ਨੂੰ ਫਰਵਰੀ 1984 ਵਿੱਚ ਖੱਤ ਲਿਖ ਕੇ ਦਰਬਾਰ ਸਾਹਿਬ ਉਤੇ ਹਮਲੇ ਦੀ ਯੋਜਨਾ ਤਿਆਰ ਕਰਨ ਲਈ ਮਦਦ ਦੀ ਗੁਆਰ ਲਾਈ ਸੀ ਅਤੇ ਉਥੋਂ ਦੀ ਸਰਕਾਰ ਨੇ ਆਪਣਾ ਬੇਹਤਰੀਨ ਉ¤ਚ ਅਫਸਰ ਭਾਰਤ ਭੇਜਿਆ ਸੀ।
ਉਨ੍ਹਾਂ ਕਿਹਾ ਕਿ ਸਾਹਮਣੇ ਆਏ ਦਸਤਾਵੇਜ਼ ਵਿੱਚ ਇਹ ਸਪੱਸ਼ਟ ਨਹੀ ਹੈ ਕਿ ਇਹ ਮੱਦਦ ਕਿਸ ਰੂਪ ਅਤੇ ਕਿਸ ਪੱਧਰ ਤੱਕ ਕੀਤੀ ਗਈ ਸੀ। ਖੱਤ ਵਿਚ ਮੰਗ ਕੀਤੀ ਗਈ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਿਆਨ ਜਾਰੀ ਕਰਕੇ ਇਹ ਸੱਚ ਦੱਸਣ ਦੀ ਖੇਚਲ ਕਰਨ ਕਿ ਇਹ ਮਦਦ ਕਿਸ ਰੂਪ ਵਿੱਚ ਅਤੇ ਕਿਸ ਹੱਦ ਤੱਕ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇੰਗਲੈਂਡ ਸਰਕਾਰ ਅਤੇ ਦਰਬਾਰ ਸਾਹਿਬ ਉਤੇ ਹਮਲਾ ਕਰਨ ਵਾਲਿਆਂ ਦੀ ਮਿਲੀਭੁਗਤ ਬਾਰੇ ਸੁਣ ਕੇ ਸਿੱਖ ਹੱਕੇ ਬੱਕੇ ਰਹਿ ਗਏ ਹਨ। ਉਨ੍ਹਾਂ ਕਿਹਾ ਸਿੱਖ ਨਾ-ਸ਼ੁਕਰੇ ਨਹੀਂ ਹਨ ਅਤੇ ਉਹ ਸਵੀਕਰਦੇ ਹਨ ਕਿ ਬ੍ਰਿਟਿਸ਼ ਸਿੱਖਾਂ ਨੂੰ ਉਸ ਮੁਲਕ ਵਿੱਚ ਆਪਣੇ ਵਿਚਾਰ ਰੱਖਣ ਅਤੇ ਆਪਣੀਆਂ ਸਰਗਰਮੀਆਂ ਬਿਨਾ ਭੈਅ ਤੋਂ ਕਰਨ ਦੀ ਖੁੱਲ੍ਹ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪਰ ਇਸ ਦੇ ਨਾਲ ਜੋ ਭੇਦ ਹੁਣ ਖੁੱਲ੍ਹ ਕੇ ਸਾਹਮਣੇ ਆਏ ਹਨ, ਉਸ ਨੇ ਇੰਗਲੈਂਡ ਦੇ ਦੋਹਰੇ ਮਾਪਦੰਡ ਨੂੰ ਨੰਗਿਆਂ ਕੀਤਾ ਹੈ। ਉਨ੍ਹਾਂ ਖੱਤ ਵਿਚ ਕਿਹਾ ਕਿ ਇੰਗਲੈਂਡ ਜਮੂਹਰੀਅਤ ਦਾ ਥੰਮ ਮੰਨਿਆ ਜਾਂਦਾ ਹੈ, ਇਸ ਨਾਤੇ ਉਹ ਉਮੀਦ ਕਰਨਗੇ ਕਿ ਉਥੋਂ ਦੀ ਮੌਜੂਦਾ ਸਰਕਾਰ, ਦਰਬਾਰ ਸਾਹਿਬ ਦੇ ਹਮਲੇ ਵਿੱਚ ਉਸ ਮੌਕੇ ਦੀ ਸਰਕਾਰ ਦੀ ਭੂਮਿਕਾ ਬਾਬਤ ਸੱਚ ਦਸੇਗੀ। ਕੰਵਰਪਾਲ ਸਿੰਘ ਨੇ ਕਿਹਾ ਕਿ ਇਸ ਭੇਦ ਦੇ ਖੁੱਲ੍ਹਣ ਨਾਲ ਇੱਕ ਹੋਰ ਗੱਲ ਵੀ ਸਪੱਸ਼ਟ ਹੋਈ ਹੈ ਕਿ ਭਾਰਤ ਸਰਕਾਰ ਇਸ ਹਮਲੇ ਦੀ ਵਿਉਂਤ ਅਤੇ ਸਾਜਿਸ਼ ਬਹੁਤ ਪਹਿਲਾਂ ਤੋਂ ਤਿਆਰ ਕਰ ਰਹੀ ਸੀ। ਉਨ੍ਹਾਂ ਕਿਹਾ ਭਾਰਤ ਦੇ ਆਗੂ ਇਸ ਬਾਬਤ ਹਮੇਸ਼ਾ ਹੀ ਝੂਠ ਬੋਲਦੇ ਆ ਰਹੇ ਹਨ।

Send this to a friend