ਅਕਾਲੀ-ਭਾਜਪਾ ਗਠਜੋੜ ਦੇ ਵਫਦ ਵੱਲੋਂ ਸ. ਸੁਖਬੀਰ ਸਿੰਘ ਬਾਦਲ ਅਤੇ ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ’ਚ ਰਾਜਪਾਲ ਨੂੰ ਬੇਨਤੀ
ਚੰਡੀਗੜ੍ਹ, 11 ਦਸੰਬਰ- ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਇਕ ਸਾਂਝੇ ਵਫ਼ਦ ਨੇ ਅਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਵਿਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਹਿਤਾਂ ਨੂੰ ਪੂਰਨ ਲਈ ਲੋਕਤੰਤਰ ਦਾ ਗਲਾ ਘੁਟਣ ਵਾਲੇ ਸਿਆਸਤਦਾਨਾਂ-ਅਫਸਰਸ਼ਾਹੀ-ਚੋਣ ਨਿਗਰਾਨਾਂ ਦੇ ਗਠਜੋੜ ਦੀ ਨਿਆਂਇਕ ਜਾਂਚ ਦਾ ਆਦੇਸ਼ ਦੇਣ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਦੀ ਅਗਵਾਈ ਵਿਚ ਗਏ ਇਸ ਵਫ਼ਦ ਨੇ ਕਿਹਾ ਕਿ ਇਸ ਨਾਪਾਕ ਗਠਜੋੜ ਨੇ ਚੋਣ ਪ੍ਰਕਿਰਿਆ ਦੇ ਹਰ ਪੜਾਅ ਉਤੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਖਜਲ-ਖੁਆਰ ਕਰਨ ਦੀ ਸਾਜ਼ਿਸ਼ ਰਚੀ ਹੈ, ਜਿਸ ਵਿਚ ਉਹਨਾਂ ਨੂੰ ਇਤਰਾਜ਼ਹੀਣਤਾ ਦੇ ਸਰਟੀਫਿਕੇਟ ਨਾ ਦੇਣਾ ਅਤੇ ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਸਵੀਕਾਰ ਨਾ ਕਰਨਾ ਸ਼ਾਮਿਲ ਸੀ । ਵਫ਼ਦ ਦੇ ਮੈਂਬਰਾਂ ਨੇ ਰਾਜਪਾਲ ਨੂੰ ਦਸਿਆ ਕਿ ਉਹ ਉਹਨਾਂ ਤਕ ਇਸ ਲਈ ਪਹੁੰਚ ਕਰ ਰਹੇ ਹਨ, ਕਿਉਂਕਿ ਇਸ ਸੰਬੰਧੀ ਸੂਬਾਈ ਚੋਣ ਕਮਿਸ਼ਨ ਨੂੰ ਕੀਤੀਆਂ ਸ਼ਿਕਾਇਤਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਜਿਹਨਾਂ ਚਾਰ ਥਾਂਵਾਂ ਉਤੇ ਅਕਾਲੀ ਵਰਕਰਾਂ ਉਤੇ ਜਿਸਮਾਨੀ ਹਮਲੇ ਕੀਤੇ ਜਾਣ ਤੋਂ ਇਲਾਵਾ ਉਹਨਾਂ ਦੇ ਨਾਮਜ਼ਦਗੀ ਕਾਗਜ਼ ਵੀ ਪਾੜ ਦਿਤੇ ਗਏ ਸਨ, ਉਥੇ ਥਾਂਵਾਂ ਉਤੇ ਚੋਣਾਂ ਰਦ ਨਹੀਂ ਕੀਤੀਆਂ ਗਈਆਂ।ਸਰਦਾਰ ਬਾਦਲ ਨੇ ਰਾਜਪਾਲ ਨੂੰ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਆ ਰਹੀਆਂ ਨਗਰ ਨਿਗਮਾਂ ਦੀਆਂ ਚੋਣਾਂ ਵਾਸਤੇ ਨੀਮ-ਫੌਜੀ ਦਸਤਿਆਂ ਦੀ ਮੰਗ ਕਰਨ ਦਾ ਨਿਰਦੇਸ਼ ਦੇਣ।ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਇਥੇ ਨਿਰਪਖ ਅਤੇ ਆਜ਼ਾਦ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਮਨਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾ ਚੁਕਿਆ ਹੈ।ਚੋਣਾਂ ਦੌਰਾਨ ਅਕਾਲੀ-ਭਾਜਪਾ ਵਰਕਰਾਂ ਖਿਲਾਫ ਵਡੇ ਪਧਰ ਉਤੇ ਹੇਰਾਫੇਰੀ ਅਤੇ ਹਿੰਸਾ ਦੀ ਸੰਭਾਵਨਾ ਹੈ। ਅਜਿਹੇ ਹਾਲਾਤਾਂ ਵਿਚ ਸਿਰਫ ਨੀਮ ਫੌਜੀ ਦਸਤੇ ਹੀ ਆਜ਼ਥਾਦ ਅਤੇ ਨਿਰਪਖ ਚੋਣਾਂ ਦਾ ਹੋਣਾ ਯਕੀਨੀ ਬਣਾ ਸਕਦੇ ਹਨ।ਵਫ਼ਦ ਦੇ ਮੈਂਬਰਾਂ ਵਿਚ ਸ਼ਾਮਿਲ ਸਾਂਸਦਾਂ ਸੁਖਦੇਵ ਸਿੰਘ ਢੀੰਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਜਪਾਲ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਮੁਖ ਸਕਤਰ ਨੂੰ ਸਖ਼ਤ ਨਿਰਦੇਸ਼ ਜਾਰੀ ਕਰਨ ਕਿ ਜੇਕਰ ਨਗਰ ਨਿਗਮ ਚੋਣਾਂ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਕਾਂਗਰਸ ਦੇ ਹੱਕ ਵਿਚ ਪਖਪਾਤੀ ਭੂਮਿਕਾ ਨਿਭਾਈ ਤਾਂ ਇਸ ਵਾਸਤੇ ਮੁਖ ਸਕੱਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਉਹਨਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਨਗਰ ਨਿਗਮ ਚੋਣਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਲੈ ਕੇ ਕਾਂਗਰਸ ਦੇ ਏਜੰਟਾਂ ਵਾਂਗ ਕੰਮ ਕੀਤਾ ਹੈ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਇਸੇ ਦੌਰਾਨ ਵਫ਼ਦ ਨੇ ਰਾਜਪਾਲ ਉਤੇ ਸੂਬਾ ਸਰਕਾਰ ਤੋਂ ਇਹ ਸਪਸ਼ਟੀਕਰਨ ਲੈਣ ਲਈ ਵੀ ਜ਼ੋਰ ਪਾਇਆ ਕਿ ਪ੍ਰਦੇਸ਼ ਕਾਂਗਰਸ ਮੁਖੀ ਪੁਲਿਸ ਫੋਰਸ ਦਾ ਨੁੰਮਾਇਦਾ ਬਣ ਕੇ ਬਿਆਨ ਕਿਉਂ ਜਾਰੀ ਕਰ ਰਿਹਾ ਹੈ? ਵਫ਼ਦ ਨੇ ਕਿਹਾ ਕਿ ਜਿਸ ਢੰਗ ਨਾਲ ਸੁਨੀਲ ਜਾਖੜ ਨੇ ਪੁਲਿਸ ਦੇ ਕੰਮ ਕਾਜ ਬਾਰੇ ਬਿਆਨ ਦਿਤੇ ਹਨ, ਉਸ ਤੋਂ ਸਪਸ਼ਟ ਹੁੰਦਾ ਹੈ ਕਿ ਪੁਲਿਸ ਆਜ਼ਾਦਾਨਾ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ। ਉਹਨਾਂ ਰਾਜਪਾਲ ਨੂੰ ਸੂਬਾ ਸਰਕਾਰ ਤਕ ਇਹ ਸੁਨੇਹਾ ਪਹੁੰਚਾਉਣ ਲਈ ਕਿਹਾ ਕਿ ਇਸ ਦੇ ਸਿਆਸੀ ਆਗੂ ਪੁਲਿਸ ਫੋਰਸ ਦੀਆਂ ਸ਼ਕਤੀਆਂ ਆਪਣੇ ਹਥਾਂ ਵਿਚ ਨਹੀਂ ਲੈ ਸਕਦੇ।ਵਫਦ ਦੇ ਮੈਂਬਰਾਂ ਵਿਚ ਸੇਵਾ ਸਿੰਘ ਸੇਖਵਾਂ, ਮਹੇਸ਼ਇੰਦਰ ਸਿੰਘ ਗਰੇਵਾਲ,ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਢਿਲੋਂ, ਡਾਕਟਰ ਦਲਜੀਤ ਚੀਮਾ, ਮਦਨ ਮੋਹਨ ਮਿਤਲ ਅਤੇ ਹਰਜੀਤ ਗਰੇਵਾਲ ਸ਼ਾਮਿਲ ਸਨ।



