ਅਮਲੋਹ, 1 ਦਸੰਬਰ (ਰਣਜੀਤ ਸਿੰਘ ਘੁੰਮਣ)-ਦੇਸ਼ ਭਗਤ ਯੂਨੀਵਰਸਿਟੀ ਦੇ ਪੇਟੈਂਟ ਸੂਚਨਾ ਕੇਂਦਰ ਵਲੋਂ ਪੇਟੈਂਟ ਜਾਗਰੂਕਤਾ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿਚ ਭਾਰਤ ਦੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਮਾਹਿਰਾਂ ਦੇ ਨਾਲ-ਨਾਲ ਲੁਧਿਆਣਾ, ਮੰਡੀ ਗੋਬਿੰਦਗੜ੍ਹ, ਅਮਰਗੜ੍ਹ, ਅਮਲੋਹ ਅਤੇ ਰਾਜਪੁਰਾ ਤੋਂ ਪਹੁੰਚੇ ਉਦਯੋਗਪਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਯੂਨੀਵਰਸਿਟੀ ਦੀ ਵੱਖ-ਵੱਖ ਫੈਕਲਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਪ੍ਰੋਗਰਾਮ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਪੇਟੈਂਟ, ਟ੍ਰੇਡ ਮਾਰਕ, ਇੰਡਸਟਰੀਅਲ ਡਿਜ਼ਾਇਨ ਅਤੇ ਕਾਪੀ ਰਾਈਟ ਅਧਿਕਾਰਾਂ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਹੈ। ਇਹ ਅਧਿਕਾਰ ਕਿਸੇ ਵੀ ਨਵੀਂ ਖੋਜ ਨੂੰ ਪ੍ਰਫੁੱਲਿਤ ਕਰਨ ਅਤੇ ਕੁਝ ਨਵਾਂ ਕਰਨ ਲਈ ਪ੍ਰੇਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਵਿਨੋਦ ਵਸ਼ਿਸਟ (ਪ੍ਰਧਾਨ ਆਲ ਇੰਡੀਆ ਸਟੀਲ ਰੋ¦ਿਗ ਐਸੋਸੀਏਸ਼ਨ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਾਪੀ ਰਾਈਟ ਅਤੇ ਮੌਜੂਦਾ ਸਮੇਂ ਵਿਚ ਨਵੇਂ ਉਦਯੋਗਾਂ ਦੇ ਸਥਾਪਿਤ ਕਰਨ ਸਮੇਂ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ।ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸੰਗੀਤਾ ਨਾਗਰ (ਸਾਇੰਟਿਸਟ, ਸਾਇੰਸ ਐਂਡ ਟੈਕਨਾਲੋਜੀ ਵਿਭਾਗ, ਭਾਰਤ ਸਰਕਾਰ) ਨੇ ਦੱਸਿਆ ਕਿ ਕਿਸੇ ਵੀ ਨਵੀਂ ਖੋਜ, ਵਿਸ਼ੇਸ਼ ਡਿਜ਼ਾਇਨ, ਖਾਸ ਰਚਨਾ ਜਾਂ ਕਿਸੇ ਵਿਲੱਖਣ ਨੁਕਤੇ ਨੂੰ ਰਜਿਸਟਰ ਕਰਵਾਉਣ ਜਾਂ ਉਸਦਾ ਪੈਟੇਂਟ ਹਾਸਿਲ ਕਰਨਾ ਬੇਹੱਦ ਜਰੂਰੀ ਹੈ ਅਤੇ ਇਸ ਬਾਰੇ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਸ੍ਰੀ ਬੀ.ਐਸ.ਸੂਚ (ਰਜਿਸਟਰਡ ਪੇਟੈਂਟ ਏਜੰਟ) ਨੇ ਭਾਰਤ ਦੀ ਪੇਟੈਂਟ ਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕੀਤੀ। ਇਕ ਨਿੱਜੀ ਵੱਡੇ ਅਦਾਰੇ ਦੀ ਪੇਟੈਂਟ ਅਟਾਰਨੀ ਸੰਜੀਤਾ ਦਾਸ ਨੇ ਟਰੇਡ ਮਾਰਕ ਅਤੇ ਡਿਜਾਇਨ ਰਜਿਸਟ੍ਰੇਸ਼ਨ ਸਬੰਧੀ ਆਪਣੇ ਵਿਚਾਰ ਰੱਖੇ।ਦੂਜੇ ਸੈਸ਼ਨ ਵਿਚ ਡਾ. ਅਸ਼ਵਨੀ ਸਿਵਾਲ ਕਾਨੂੰਨ ਵਿਭਾਗ ਦਿੱਲੀ ਯੂਨੀਵਰਸਿਟੀ ਨੇ ਅਕਾਦਮਿਕ ਸੰਸਥਾਵਾਂ ਦੇ ਕਾਪੀ ਰਾਈਟ ਮੈਨੇਜਮੈਂਟ ਬਾਰੇ ਜਾਣਕਾਰੀ ਦਿੱਤੀ। ਪ੍ਰਸਿੱਧ ਵਿਗਿਆਨੀ ਦਿਵਿਆ ਕੌਸ਼ਿਕ ਨੇ ਪੀ.ਆਈ.ਸੀ. ਦੀ ਭੂਮਿਕਾ ਅਤੇ ਇਸ ਦੀ ਮਹੱਤਤਾ ਬਾਰੇ ਲੈਕਚਰ ਦਿੱਤਾ। ਇਸ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਨਵੀਂ ਖੋਜ ਜਾ ਨਿਵੇਕਲੇ ਨੁਕਤੇ ਨੂੰ ਰਜਿਸਟਰ ਕਰਵਾਉਣ ਵਿਚ ਮੱਦਦ ਮਿਲੇਗੀ। ਪ੍ਰੋ ਚਾਂਸਲਰ ਡਾ. ਤੇਜਿੰਦਰ ਕੌਰ ਨੇ ਦੱਸਿਆ ਕਿ ਪ੍ਰੋਫੈਸਨਲ ਕੰਪਨਟੈਂਸੀ ਟੈਸਟ ਅਧੀਨ ਯੂਨੀਵਰਸਿਟੀ ਵਲੋਂ ਸੈਸ਼ਨ 2017-18 ਤੋਂ ਬੌਧਿਕ ਸੰਪਦਾ ਅਧਿਕਾਰ ਵਿਸ਼ੇ ਨੂੰ ਯੂਨੀਵਰਸਿਟੀ ਵਲੋਂ ਆਪਣੇ ਪਾਠਕ੍ਰਮ ਦੇ ਸਾਰੇ ਕੋਰਸਾਂ ਵਿਚ ਲਾਜ਼ਮੀ ਤੌਰ ਤੇ ਸ਼ਾਮਿਲ ਕੀਤਾ ਜਾ ਚੁੱਕਾ ਹੈ।
ਦੇਸ਼ ਭਗਤ ਯੂਨੀਵਰਸਿਟੀ ਵਿਖੇ ਪੇਟੈਂਟ ਅਵੇਅਰਨੈਸ ਵਰਕਸ਼ਾਪ



