ਫਰੀਦਕੋਟ, 22 ਨਵੰਬਰ (ਗੁਰਜੀਤ ਰੋਮਾਣਾ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸ਼ੁਭ ਆਰੰਭ ਕੀਤਾ ਗਿਆ ਹੈ ਇਸੇ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ, ਜੀਵਨਵਾਲਾ ਦਾ ਰਸਮੀ ਉਦਘਾਟਨ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ ਸਿਖਿਆ ) ਸ੍ਰੀਮਤੀ ਇੰਦਰਜੀਤ ਕੌਰ ਬਰਾੜ ਨੇ 3 ਤੋਂ 6 ਸਾਲ ਤਕ ਦੇ ਪ੍ਰੀ ਪ੍ਰਾਇਮਰੀ ਬਚਿਆਂ ਨੂੰ ਸਮਾਇਲੀ ਬੈਜ ਲਗਾ ਕੇ ਕੀਤਾ । ਉਨ੍ਹਾਂ ਆਪਣੇ ਸੰਬੋਧਨ ਵਿਚ ਆਖਿਆ ਕਿ ਪੰਜਾਬ ਸਰਕਾਰ ਵਲੋਂ 3 ਤੋਂ 6 ਸਾਲ ਤਕ ਦੇ ਬਚਿਆਂ ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ‘ਚ ਦਾਖਲ ਕਰਨਾ ਇਕ ਸ਼ਲਾਘਾਯੋਗ ਕਦਮ ਹੈ । ਜਿਸ ਨਾਲ ਪੰਜਾਬ ਪਧਰ ਤੇ ਪ੍ਰਾਇਮਰੀ ਸਿਖਿਆ ਅੰਦਰ ਚੰਗੇਰੇ ਵਿਦਿਅਕ ਮਾਹੌਲ ਦੀ ਉਸਾਰੀ ਹੋਵੇਗੀ । ਉਨ੍ਹਾਂ ਸਕੂਲ ਸਟਾਫ ਵਲੋਂ ਪ੍ਰੀ-ਪ੍ਰਾਇਮਰੀ ਲਈ ਸਿਰਜਨਾਤਮਕ ਤਰੀਕੇ ਦੇ ਬਣਾਏ ਗਏ ਟੀ.ਐਲ.ਐਮ. ( ਟੀਚਿੰਗ ਲਰਨਿੰਗ ਮਟੀਰੀਅਲ ) ਦੀ ਸ਼ਲਾਘਾ ਕੀਤੀ । ਇਸ ਮੌਕੇ ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਢਿਲੋਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਸਰਕਾਰੀ ਸਕੂਲਾਂ ਵਿਚ ਹੁਣ ਨਰਸਰੀ,ਐਲ.ਕੇ.ਜੀ.ਅਤੇ ਯੂ.ਕੇ.ਜੀ.ਦੀਆਂ ਜਮਾਤਾਂ ਸ਼ੁਰੂ ਹੋ ਗਈਆਂ ਹਨ । ਸਕੂਲ ਮੁਖੀ ਦਵਿੰਦਰ ਪਾਲ ਸਿੰਘ ਨੇ ਬਚਿਆਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਸਬੰਧੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ । ਉਨ੍ਹਾਂ ਕਿਹਾ ਕਿ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਅਤੇ ਨੰਨੇ-ਮੁੰਨੇ ਬਾਲਾਂ ਨੂੰ ਰੋਚਕ ਤਰੀਕੇ ਨਾਲ ਖੇਡ ਵਿਧੀ ਰਾਹੀਂ ਵਧੀਆ ਮਾਹੌਲ ਸਿਰਜਿਆ ਜਾਵੇਗਾ । ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਮੇਂ ਨਵੇਂ ਸ਼ੈਸਨ ਦੌਰਾਨ 24 ਬਚੇ ਦਾਖਲ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਬਚਿਆ ਦੀ ਸਮਰਥਾ ਵਿਚ ਹੋਰ ਵਾਧਾ ਕਰਨ ਦੀ ਹੋਵੇਗੀ। ਦਵਿੰਦਰ ਸਿੰਘ ਨੇ ਦਸਿਆ ਕਿ 3-4 ਸਾਲ ਦੇ ਬਚੇ ਨੂੰ ਨਰਸਰੀ, 4-5 ਐਲ.ਕੇ.ਜੀ, 5-6- ਯੂ.ਕੇ.ਜੀ ਪੜ੍ਹਾਅਵਾਰ ਕਲਾਸਾਂ ‘ਚ ਸਿਖਿਆ ਦਿਤੀ ਜਾਵੇਗੀ। ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਜੀਵਨ ਵਾਲਾ ਦੇ ਪ੍ਰਿੰਸੀਪਲ, ਸਟਾਫ਼ ਅਤੇ ਬਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ ।
ਸਰਕਾਰੀ ਪ੍ਰਾਇਮਰੀ ਸਕੂਲ ਜੀਵਨਵਾਲਾ ਵਿਖੇ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਪ੍ਰਾਇਮਰੀ ਸਿਖਿਆ ਅੰਦਰ ਚੰਗੇਰੇ ਵਿਦਿਅਕ ਮਾਹੌਲ ਦੀ ਹੋਵੇਗੀ ਉਸਾਰੀ : ਇੰਦਰਜੀਤ ਕੌਰ ਬਰਾੜ



