ਫ਼ਿਰੋਜ਼ਪੁਰ, 7 ਨਵੰਬਰ 2017 (ਮਨੋਹਰ ਲਾਲ, ਸਤਬੀਰ ਬਰਾੜ)- ਅਜ ਤੜਕ ਸਵੇਰੇ ਸੰਘਣੀ ਧੁੰਦ ਦੇ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਕਰੀ ਕਲਾਂ ਦੇ ਸਾਹਮਣੇ ਪੈਟਰੋਲ ਪੰਪ ਦੇ ਕੋਲ ਪੰਜਾਬ ਰੋਡਵੇਜ ਦੀ ਬਸ ਅਤੇ ਟਰਾਲੇ ਦੇ ਵਿਚਕਾਰ ਭਿਆਨਕ ਟਕਰ ’ਚ ਦੋਵੇਂ ਚਾਲਕਾਂ ਸਮੇਤ 10 ਵਿਅਕਤੀ ਮਾਰੇ ਗਏ। ਜਦੋਂਕਿ ਡੇਢ ਦਰਜਨ ਤੋਂ ਵਧ ਲੋਕ ਜ਼ਖਮੀ ਹੋ ਗਏ।ਮਰਨ ਵਾਲਿਆਂ ਵਿੱਚ ਜ਼ਿਆਦਾਤਰ ਰੋਜ਼ ਸਫਰ ਕਰਨ ਵਾਲੇ ਸਰਕਾਰੀ ਮੁਲਾਜ਼ਮ ਸਨ ਜੋ ਡਿਊਟੀ ਲਈ ਜਲਾਲਾਬਾਦ ਜਾ ਰਹੇ ਸਨ। ਜਿਨ੍ਹਾਂ ਨੂੰ ਇਲਾਜ਼ ਦੇ ਲਈ ਫਿਰੋਜ਼ਪੁਰ, ਫਰੀਦਕੋਟ, ਲੁਧਿਆਣਾ ਅਤੇ ਅਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦਿਆ ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਿਸ ਮੁਖੀ ਭੁਪਿੰਦਰ ਸਿੰਘ ਸਿਧੂ, ਐ ਪੀ ਅਜਮੇਰ ਸਿੰਘ ਬਾਠ ਅਤੇ ਹੋਰ ਪੁਲਿਸ ਅਤੇ ਪ੍ਰਸਾਸ਼ਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ। ਘਟਨਾ ਸਥਾਨ ਤੇ ਮੌਜ਼ੂਦ ਟ੍ਰੈਫਿਕ ਇੰਚਾਰਜ ਰਵੀ ਕੁਮਾਰ ਨੇ ਦਸਿਆ ਕਿ ਇਕ ਪੰਜਾਬ ਰੋਡਵੇਜ ਬਸ ਨੰਬਰ ਪੀਬੀ 05 ਐਲ 8223 ਜੋ ਫਿਰੋਜ਼ਪੁਰ ਤੋਂ ਫਾਜ਼ਿਲਕਾ ਵਲ ਨੂੰ ਜਾ ਰਹੀ ਸੀ। ਇਸੇ ਦੌਰਾਨ ਫਾਜ਼ਿਲਕਾ ਵਾਲੇ ਪਾਸਿਓ ਇਕ ਟਰਾਲਾ ਫਿਰੋਜ਼ਪੁਰ ਵਲ ਨੂੰ ਆ ਰਿਹਾ ਸੀ। ਜਦੋਂ ਬਸ ਅਤੇ ਟਰਾਲਾ ਰਸਤੇ ਵਿਚ ਪੈਂਦੇ ਪਿੰਡ ਕਰੀ ਕਲਾਂ ਦੇ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਸੰਘਨੀ ਧੂੰਦ ਦੇ ਕਾਰਨ ਦੋਵਾਂ ਦੀ ਆਪਸ ਵਿਚ ਟਕਰ ਹੋ ਗਈ।ਹਾਦਸੇ ਵਿਚ ਮਾਰੇ ਜਾਣ ਵਾਲੇ ਵਿਅਕਤੀਆਂ ਦੀ ਪਛਾਣ ਸੁਧੀਰ ਕੁਮਾਰ ਗਰੋਵਰ ਲੈਕਚਰਾਰ, ਅਰਜਨ ਸਿੰਘ ਪੁਤਰ ਜਸਵੰਤ ਸਿੰਘ, ਪਰਮਜੀਤ ਸਿੰਘ ਬਸ ਡਰਾਈਵਰ ਜਦੋਂਕਿ ਟਰਕ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ। ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਲੋਕਾਂ ਦੀ ਪਛਾਣ ਮਨਪ੍ਰੀਤ ਕੌਰ ਪੁਤਰੀ ਕਸ਼ਮੀਰ ਸਿੰਘ, ਸੁਰਿੰਦਰ ਕੁਮਾਰ ਪੁਤਰ ਰਾਮ ਪ੍ਰਕਾਸ਼, ਅੰਮ੍ਰਿਤਪਾਲ ਸਿੰਘ ਪੁਤਰ ਹਰਪਾਲ ਸਿੰਘ (ਜੰਡਵਾਲਾ) ਅਤੇ ਸੁਖਜਿੰਦਰ ਸਿੰਘ ਪੁਤਰ ਕਸ਼ਮੀਰ ਸਿੰਘ ਅਤੇ ਦਰਜਨ ਤੋਂ ਵਧ ਲੋਕ ਜ਼ਖਮੀ ਆਦਿ ਹੋਏ ਹਨ, ਜਿਨ੍ਹਾਂ ਨੂੰ ਫ਼ਿਰੋਜ਼ਪੁਰ, ਫ਼ਰੀਦਕੋਟ, ਲੁਧਿਆਣ ਅਤੇ ਅੰਮ੍ਰਿਤਸਰ ਆਦਿ ਥਾਵਾਂ ਤੇ ਇਲਾਜ ਲਈ ਰੈਫਰ ਕੀਤਾ ਗਿਆ ਹੈ।ਇਸ ਮੌਕੇ ਤੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਘਟਨਾ ਸਬੰਧੀ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਫਿਰੋਜ਼ਪੁਰ-ਫਾਜ਼ਿਲਕਾ ਮਾਰਗ ’ਤੇ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ’ਚ ਦੋਵੇਂ ਚਾਲਕਾਂ ਸਣੇ 10 ਮੌਤਾਂ



