ਮਾਨਸਾ, 4 ਜਨਵਰੀ (ਜਸਪਾਲ ਹੀਰੇਵਾਲਾ)-ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਨੇ ਦੇਸ਼ ਵਿਚ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਵਧਾ ਕੇ ਦੇਸ਼ ਦਾ ਭੱਠਾ ਬਿਠਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਨੇ ਘਪਲੇ ਕਰ ਕੇ ਦੇਸ਼ ਦਾ ਖਜ਼ਾਨਾ ਲੁੱਟਿਆ, ਜਿਸ ਕਰਕੇ ਲੋਕ ਗਰੀਬੀ ਦੇ ਬੋਝ ਥੱਲੇ ਦੱਬ ਗਏ ਹਨ ਅਤੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਵਾਗਡੋਰ ਸੰਭਾਲਦਿਆਂ 100 ਦਿਨਾਂ ਵਿਚ ਮਹਿੰਗਾਈ ਨੂੰ ਠੱਲ੍ਹ ਪਾਉਣ ਦਾ ਭਾਸ਼ਣ ਦਿੱਤਾ ਸੀ, ਪਰ 10 ਸਾਲਾਂ ਵਿਚ ਇਨ੍ਹਾਂ ਨੇ ਮਹਿੰਗਾਈ ਵਧਾ ਕੇ ਸਮਾਜ ਦੇ ਹਰੇਕ ਵਰਗ ਦਾ ਕਚੂੰਬਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕਠਪੁਤਲੀ ਬਣ ਕੇ ਚੱਲਣ ਵਾਲੇ ਦੀ ਨਹੀਂ, ਬਲਕਿ ਇਮਾਨਦਾਰ ਅਤੇ ਕਾਬਿਲ ਪ੍ਰਧਾਨ ਮੰਤਰੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਹੀ ਦੇਸ਼ ਦੀ ਤਰੱਕੀ ਲਈ ਬਿਲਕੁੱਲ ਕਾਬਿਲ ਉਮੀਦਵਾਰ ਹਨ, ਜਿਸ ਦੀ ਮਿਸਾਲ ਗੁਜਰਾਤ ਦੇ ਵਿਕਾਸ ਤੋਂ ਮਿਲਦੀ ਹੈ, ਜਿੱਥੇ ਉਹ ਪੰਜ ਵਾਰ ਮੁੱਖ ਮੰਤਰੀ ਬਣੇ ਅਤੇ ਗੁਜਰਾਤ ਨੂੰ ਵਿਕਾਸ ਦੇ ਰਾਹ ‘ਤੇ ਤੋਰਿਆ। ਬੀਬੀ ਬਾਦਲ ਅੱਜ ਮਾਨਸਾ ਜ਼ਿਲ੍ਹੇ ਵਿਚ ਸੰਗਤ ਦਰਸ਼ਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਲੋਕ ਸਭਾ ਮੈਂਬਰ ਨੇ ਜਨਤਾ ਨੂੰ ਸੱਦਾ ਦਿੰਦਿਆਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿਚ ‘ਕਾਂਗਰਸ ਬਿਮਾਰੀ’ ਦਾ ਸਫ਼ਾਇਆ ਕੀਤਾ ਜਾਵੇ ਅਤੇ ਪ੍ਰਧਾਨ ਮੰਤਰੀ ਦਾ ਫੈਸਲਾ ਉਮੀਦਵਾਰ ਦੀ ਇਮਾਨਦਾਰੀ ਅਤੇ ਕਾਬਲੀਅਤ ਦੇਖ ਕੇ ਹੀ ਕੀਤਾ ਜਾਵੇ, ਜੋ ਦੇਸ਼ ਵਿਚ ਤਰੱਕੀ ਦੀਆਂ ਨਵੀਆਂ ਪੈੜਾਂ ਪਾ ਸਕੇ। ਉਨ੍ਹਾਂ ਕਿਹਾ ਕਿ ਇਕ ਪਾਸੇ ਸ਼੍ਰੀ ਨਰਿੰਦਰ ਮੋਦੀ ਹਨ, ਜਿਹੜੇ ਦੇਸ਼ ਨੂੰ ਚਲਾਉਣ ਵਿਚ ਸਮਰੱਥ ਹਨ ਅਤੇ ਦੂਜੇ ਪਾਸੇ ਕਾਂਗਰਸ ਦੇ ਰਾਹੁਲ ਗਾਂਧੀ ਹਨ, ਜਿਹੜੇ ਕਦੇ ਵੀ ਮੰਤਰੀ ਜਾਂ ਮੁੱਖ ਮੰਤਰੀ ਦੇ ਅਹੁਦੇ ‘ਤੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਪਾਰਲੀਮੈਂਟ ਵਿਚ 50 ਫੀਸਦੀ ਹਾਜ਼ਰੀ ਵੀ ਨਹੀਂ ਰਹੀ ਅਤੇ ਨਾ ਹੀ ਇਸ ਨੇ ਕਦੇ ਮੂੰਹ ਖੋਲ੍ਹਿਆ। ਉਨ੍ਹਾਂ ਕਿਹਾ ਕਿ 10 ਸਾਲ ਦੇਸ਼ ਦੀ ਵਾਗਡੋਰ ਸੰਭਾਲਣ ਦੇ ਬਾਵਜੂਦ ਇਨ੍ਹਾਂ ਨੇ ਦੇਸ਼ ਅਤੇ ਜਨਤਾ ਦੇ ਹਿੱਤ ਲਈ ਕੁਝ ਨਹੀਂ ਕੀਤਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ 13 ਸੀਟਾਂ ‘ਤੇ ਜਿਤਾ ਕੇ ਕੇਂਦਰ ਵਿਚ ਨੁਮਾਇੰਦਗੀ ਦਿਵਾਈ ਜਾਵੇ, ਤਾਂ ਜੋ ਪੰਜਾਬ ਦੀ ਹੋਰ ਤਰੱਕੀ ਹੋ ਸਕੇ।
ਬੀਬੀ ਬਾਦਲ ਨੇ ਸੰਗਤ ਦਰਸ਼ਨ ਦੌਰਾਨ ਜੁੜੇ ਇੱਕਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦਾ ਵਿਕਾਸ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਪੈਨਸ਼ਨ ਅਤੇ ਸ਼ਗਨ ਸਕੀਮ ਦੀ ਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿਚ ਜਮ੍ਹਾ ਕਰਵਾ ਦਿੱਤੀ ਗਈ ਹੈ, ਇਸ ਤੋਂ ਇਲਾਵਾ ਸਰਕਾਰ ਵਲੋਂ 10ਵੀਂ ਜਮਾਤ ਵਿਚੋਂ 80 ਫੀਸਦੀ ਨੰਬਰ ਲੈਣ ਵਾਲੇ ਹੁਸ਼ਿਆਰ ਵਿਦਿਆਰਥੀਆਂ ਨੂੰ 30 ਹਜ਼ਾਰ ਰੁਪਏ ਵਜੀਫ਼ਾ ਦੇਣ ਦੇ ਨਾਲ-ਨਾਲ ਗਰੀਬ ਪਰਿਵਾਰਾਂ ਲਈ 30 ਹਜ਼ਾਰ ਰੁਪਏ ਤੱਕ ਦੇ ਸਿਹਤ ਬੀਮੇ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਝੁਨੀਰ, ਮਾਖੇਵਾਲਾ, ਫੱਤਾ ਮਾਲੋਕਾ, ਜਗਤਗੜ੍ਹ ਬਾਂਦਰਾਂ, ਜਟਾਣਾ ਕਲਾਂ, ਕਾਹਨੇਵਾਲਾ, ਸਾਧੂਵਾਲਾ ਅਤੇ ਫੂਸ ਮੰਡੀ ਵਿਖੇ ਸੰਗਤ ਦਰਸ਼ਨ ਦੌਰਾਨ ਜਨਤਾ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਉਨ੍ਹਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਕਾਸ ਕਾਰਜਾਂ ਲਈ ਜਿੱਥੇ ਕਰੀਬ 90 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ, ਉਥੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਲਈ ਖੇਡ ਕਿੱਟਾਂ ਵੀ ਵੰਡੀਆਂ। ਉਨ੍ਹਾਂ ਧਰਮਸ਼ਾਲਾਵਾਂ ਲਈ ਬਰਤਨਾਂ ਦੇ ਸੈਟ ਵੀ ਸੌਂਪੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ, ਐਸ.ਐਸ.ਪੀ. ਸ੍ਰ. ਭੁਪਿੰਦਰ ਸਿੰਘ ਖੱਟੜਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦੂਲਗੜ੍ਹ ਸ੍ਰ. ਦਿਲਰਾਜ ਸਿੰਘ ਭੂੰਦੜ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰ. ਸੁਖਦੇਵ ਸਿੰਘ ਚੈਨੇਵਾਲਾ, ਚੇਅਰਮੈਨ ਬਲਾਕ ਸੰਮਤੀ ਝੁਨੀਰ ਸ਼੍ਰੀਮਤੀ ਹਰਬੰਸ ਕੌਰ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਸ਼੍ਰੀਮਤੀ ਹਰਪ੍ਰੀਤ ਕੌਰ ਝੁਨੀਰ, ਸ੍ਰ. ਗੁਰਸੇਵਕ ਸਿੰਘ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਹਾਜ਼ਰ ਸਨ।