ਅਮਰਗੜ੍ਹ, 4 ਨਵੰਬਰ (ਸੁਖਵਿੰਦਰ ਸਿੰਘ ਅਟਵਾਲ)- ਕਲਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬ੍ਰੇਨਟਰੀ ਵਰਲਡ ਸੀਨੀਅਰ ਸੈਕੰਡਰੀ ਸਕੂਲ ਅਮਗਰੜ੍ਹ ਦੇ ਵਿਹੜੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੰਗਤਾਂ ਨੇਂ ਨਤਮਸ਼ਤਕ ਹੋਕੇ ਹਾਜ਼ਰੀ ਭਰੀ, ਭਾਈ ਹਰਜੀਤ ਸਿੰਘ ਅਤੇ ਭਾਈ ਬਲਜੀਤ ਸਿੰਘ ਦੇ ਰਾਗੀ ਜਥੇ ਨੇਂ ਰਸਭਿੰਨੇ ਕੀਰਤਨ ਅਤੇ ਕਥਾ ਵਖਿਆਨ ਰਾਂਹੀ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਿੱਤੂ ਪਾਠਕ ਅਤੇ ਚੇਅਰਮੈਨ ਸ੍ਰੀ ਆਰ.ਪੀ. ਗੋਇਲ ਨੇਂ ਸਾਰਿਆਂ ਨੂੰ ਗੁਰੂ ਪੂਰਵ ਦੀਆਂ ਮੁਬਾਰਕਾਂ ਦਿੰਦਿਆਂ ਗੁਰੂਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ।ਪੰਜਾਬੀ ਅਧਿਆਪਕਾ ਮੈਡਮ ਮਨਪ੍ਰੀਤ ਕੌਰ ਸੋਹੀ ਦੀ ਸਟੇਜ਼ ਸੰਚਾਲਕਾ ਦੌਰਾਨ ਸਕੂਲ ਦੇ ਵਿਦਿਆਰਥੀਆਂ ਸਾਹਿਬਦੀਪ ਸਿੰਘ ਨੇਂ ’ਸਤਿਗੁਰ ਨਾਨਕ ਪ੍ਰਗਟਿਆ’ ਅਤੇ ਯੂ.ਕੇ.ਜੀ ਦੇ ਵਿਦਿਆਰਥੀ ਨੇਂ ’ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਯੋਗੀ’ ਗਾਕੇ ਮਹੌਲ ਨੂੰ ਅਧਿਆਤਮ ਰੰਗ ਵਿੱਚ ਰੰਗ ਦਿੱਤਾ ਅਤੇ ਇੱਕ ਨਿੱਕੀ ਜਿਹੀ ਬੱਚੀ ਦਿੱਤਵੀ ਨੇਂ ਮੂਲਮੰਤਰ ਦੇ ਪਾਠ ਦਾ ਉਚਾਰਨ ਕੀਤਾ ਅਤੇ ਸੰਗਤਾਂ ਨੂੰ ਕਰਵਾਇਆ।ਸੁੰਦਰ ਦਸਤਾਰ ਮੁਕਾਬਲੇ ਦੌਰਾਨ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ ਦਿਲਪ੍ਰੀਤ ਸਿੰਘ ਦਸਵੀਂ, ਹਰਸ਼ਦੀਪ ਸਿੰਘ ਢਿੱਲੋਂ ਅੱਠਵੀਂ ਅਤੇ ਸੁਖਜੀਤ ਸਿੰਘ ਨੌਵੀਂ ਨੂੰ ਮੁਕਾਬਲੇ ਦੀ ਜੱਜਮੈਂਟ ਕਰਨ ਵਾਲੇ ਅਧਿਆਪਕ ਸਹਿਬਾਨ ਕਮਲਜੀਤ ਸਿੰਘ ਤੇ ਹਰਦੀਪ ਸਿੰਘ ਅਤੇ ਸਕੂਲ ਸਟਾਫ਼ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਫੁੱਲਾਂ ਨਾਲ਼ ਬਹੁਤ ਹੀ ਸੁਚੱਜੇ ਢੰਗ ਨਾਲ਼ ਸਜਾਇਆ ਹੋਇਆ ਸੀ ਅਤੇ ਇਸ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਸ੍ਰੀਮਤੀ ਪਰਮਜੀਤ ਕੌਰ, ਗੁਰਚਰਨ ਸਿੰਘ ਅਤੇ ਗੁਰਵੀਰ ਸਿੰਘ ਸੋਹੀ ਵੱਲੋਂ ਕੀਤਾ ਗਿਆ।ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ।
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬ੍ਰੇਨਟਰੀ ਸਕੂਲ ਨੇ ਕਰਵਾਏ ਸੁੰਦਰ ਦਸਤਾਰ ਮੁਕਾਬਲੇ



