ਬਰੇਟਾ, 26 ਅਕਤੂਬਰ (ਜੈਲ ਕੌਰ ਖਾਲਸਾ, ਸੁਖਜਿੰਦਰ ਸੰਘਰੇੜੀ)-ਸਰਕਾਰੀ ਸਿਵਲ ਹਸਪਤਾਲ ਬਰੇਟਾ ਚੰਗੀਆ ਸਿਹਤ ਸਹੂਲਤਾਂ ਦੇਣ ਵਿੱਚ ਹਮੇਸ਼ਾ ਅਸਫਲ ਸਿੱਧ ਹੋਇਆਂ ਹੈ।ਪਿਛਲੇ ਲੰਬੇ ਸਮੇਂ ਤੋ ਇਸ ਹਸਪਤਾਲ ਵਿੱਚ ਕਦੇ ਵੀ ਅਸਾਮੀਆਂ ਦੀ ਭਰ ਪਾਈ ਨਹੀ ਹੋਈ ਜਿਸ ਕਾਰਨ ਛੋਟੇ ਮੋਟੇ ਇਲਾਜ ਲਈ ਵੀ ਮਰੀਜ਼ਾਂ ਨੂੰ ਦੂਰ-ਦੁਰਾਡੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਸਥਾਨਕ ਮੰਡੀ ਨਿਵਾਸੀ ਲਖਵੀਰ ਸ਼ਰਮਾ ਨੇ ਆਪਣੀ ਪਤਨੀ ਮਨਜੀਤ ਸ਼ਰਮਾ ਦੇ ਕੰਨ ਦਾ ਇਲਾਜ ਕਰਵਾਉਣ ਲਈ ਗਿਆ ਤਾਂ ਉਥੇ ਮੌਜੂਦ ਡਾਕਟਰ ਵੱਲੋਂ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਨਾ ਤਾ ਸਾਡੇ ਕੋਲ ਸਮਾ ਹੈ ਅਤੇ ਨਾ ਹੀ ਇਸ ਫਟੇ ਹੋਏ ਕੰਨ ਦੀ ਸਰਜਰੀ ਕਰਨ ਸਾਧਨ ਹੈ।ਇਸ ਲਈ ਤੁਹਾਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਜਾਣਾ ਪਵੇਗਾ।ਲਖਵੀਰ ਸ਼ਰਮਾ ਨੇ ਕਿਹਾ ਕਿ ਜੇਕਰ ਇਸ ਹਸਪਤਾਲ ਵਿੱਚ ਅਜਿਹੀਆਂ ਸਹੂਲਤਾਂ ਉਪਲਬਧ ਨਹੀ ਹਨ ਤਾਂ ਫਿਰ ਕਰੋੜਾਂ ਰੁਪਏ ਹਸਪਤਾਲ ਦੀ ਦਿੱਖ ਚਮਕਾਉਣ ਵਾਲੀ ਇਮਾਰਤ ਦਾ ਆਮ ਲੋਕਾਂ ਨੂੰ ਕੀ ਲਾਭ ਹੋਇਆ।ਇਹ ਹਸਪਤਾਲ ਸਿਰਫ਼ ਮੁੱਢਲੀ ਸਹਾਇਤਾ ਦੇਣ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ।ਜ਼ਿਕਰ ਯੋਗ ਹੈ ਕਿ ਮੰਡੀ ਨਿਵਾਸੀ ਪਹਿਲਾ ਵੀ ਬਹੁਤ ਵਾਰ ਮੰਗ ਕਰ ਚੁੱਕੇ ਹਨ ਕਿ ਇਸ ਹਸਪਤਾਲ ਵਿੱਚ ਪੱਕੇ ਤੌਰ ਤੇ ਮਾਹਿਰ ਡਾਕਟਰਾਂ ਦੀ ਟੀਮ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਕਿਸੇ ਵੀ ਛੋਟੇ-ਮੋਟੇ ਇਲਾਜ ਲਈ ਦੂਰ ਦੀ ਖਾਕ ਨਾ ਛਾਨਣੀ ਪਵੇ।ਜਦ ਇਸ ਸੰਬੰਧੀ ਹਸਪਤਾਲ ਵਿੱਚ ਤਾਇਨਾਤ ਡਾਕਟਰ ਸਿਮਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਸੰਬੰਧਿਤ ਮਰੀਜ਼ ਨੂੰ ਇਹ ਕਿਹਾ ਸੀ ਕਿ ਇਹ ਕੰਮ ਸਰਜਨ ਦਾ ਹੈ ਤੇ ਇਸ ਲਈ ਤੁਹਾਨੂੰ ਬੁਢਲਾਡਾ ਦੇ ਸਿਵਲ ਹਸਪਤਾਲ ਵਿੱਚ ਜਾਣਾ ਪਵੇਗਾ।
ਸਿਵਲ ਹਸਪਤਾਲ ਬਰੇਟਾ ਵਿਖੇ ਸਰਜਨ ਦੀ ਆਸਾਮੀ ਨਾ ਹੋਣ ਕਾਰਨ ਮਰੀਜ਼ ਢੁਕਵੇਂ ਇਲਾਜ ਤੋਂ ਵਾਂਝੇ



