ਮੁੰਬਈ, 20 ਦਸੰਬਰ (ਵਿਸ਼ਵ ਵਾਰਤਾ)-ਸਿੰਗਾਪੁਰ ਵਿਚ ਇਕ ਭਾਰਤੀ ਨਾਗਰਿਕ ਗੁਰਸ਼ਰਨ ਸਿੰਘ (25) ਨੂੰ ਇਕ 33 ਸਾਲ ਔਰਤ ਦੇ ਕਤਲ ਦੇ ਦੋਸ਼ ਿਵਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਲਾਸ਼ ਪਿਛਲੇ ਹਫ਼ਤੇ ਵੇਪੋਇਆ ਨਹਿਰ ਵਿਚ ਤੈਰਦੀ ਮਿਲੀ ਸੀ। ਮ੍ਰਿਤਕ ਔਰਤ ਦਾ ਸਿਰ ਉਸ ਦੀ ਧੜ ਤੋਂ ਵੱਖ ਸੀ ਅਤੇ ਉਸ ਦੇ ਹੱਥ ਗੁੱਟਾਂ ਤੋਂ ਟੁੱਟੇ ਹੋਏ ਸਨ। ਮ੍ਰਿਤਕ ਜਸਵਿੰਦਰ ਕੌਰ, ਦੋਸ਼ੀ ਗੁਰਸ਼ਰਨ ਸਿੰਘ ਦੇ ਦੋਸਤ ਹਰਵਿੰਦਰ ਸਿੰਘ ਦੀ ਪਤਨੀ ਸੀ। ਪੁਲਿਸ ਨੂੰ ਇਸ ਮਾਮਲੇ ਵਿਚ ਜਸਵਿੰਦਰ ਦੇ ਪਤੀ ਹਰਵਿੰਦਰ ਦੀ ਵੀ ਤਲਾਸ਼ ਹੈ, ਜੋ ਜਸਵਿੰਦਰ ਦੀ ਲਾਸ਼ ਮਿਲਣ ਤੋਂ ਅੱਧਾ ਘੰਟਾ ਪਹਿਲਾਂ ਮਲੇਸ਼ੀਆ ਦੌੜ ਗਿਆ। ਜਸਵਿੰਦਰ ਦੀ ਲਾਸ਼ ਦੀ ਪਛਾਣ ਫੋਰੈਂਸਿਕ ਜਾਂਚ ਤੋਂ ਬਾਅਦ ਹੋਈ। ਜਸਵਿੰਦਰ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਤੋਂ ਪਹਿਲਾਂ ਪਤੀ-ਪਤਨੀ ਵਿਚਾਲੇ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ ਸੀ। ਹਰਵਿੰਦਰ ਸਿੰਗਾਪੁਰ ਵਿਚ ਸੀਨੀਅਰ ਲੋਜਿਸਟਿਕ ਕੋਰਡੀਨੇਟਰ ਦੇ ਤੌਰ ‘ਤੇ ਕੰਮ ਕਰਦਾ ਸੀ, ਜਦੋਂਕਿ ਫੜਿਆ ਗਿਆ ਸ਼ੱਕੀ ਦੋਸ਼ੀ ਗੁਰਸ਼ਰਨ ਸਿੰਘ ਫੋਰਕਲਿਫਟ ਦੇ ਡਰਾਈਵਰ ਵਜੋਂ ਕੰਮ ਕਰਦਾ ਹੈ। ਗੁਰਸ਼ਰਨ ਨੂੰ ਉਸ ਦੇ ਕੰਮ ਵਾਲੀ ਥਾਂ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ।