ਮੇਰੇ ਲਈ ਦੇਸ਼ ਵਾਸੀਆਂ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ : ਮੋਦੀ
ਦਹਿਰਾਦੂਨ, 20 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇਕ ਦਿਨਾਂ ਦੌਰੇ ਲਈ ਕੇਦਾਰਨਾਥ ਪਹੁੰਚੇ। ਇਥੇ ਉਨ੍ਹਾਂ ਨੇ ਕੇਦਾਰਨਾਥ ਮੰਦਰ ’ਚ ਪੂਚਾ ਅਰਚਨਾ ਕੀਤੀ। ਪ੍ਰਧਾਨ ਮੰਤਰੀ ਮੋਦੀ ਇਥੇ ਕੇਦਾਰਪੁਰੀ ’ਚ ਦੁਬਾਰਾ ਨਿਰਮਾਣ ਦੇ ਕਰੀਬ ਪੰਜ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਤੇ ਇਕ ਜਨ ਸਭਾ ਨੂੰ ਸੰਬੋਧਨ ਵੀ ਕੀਤਾ।ਇਹ ਇਸ ਸੀਜਨ ਵਿੱਚ ਦੂਜਾ ਮੌਕਾ ਹੈ, ਜਦੋਂ ਪ੍ਰਧਾਨ ਮੰਤਰੀ ਕੇਦਾਰਨਾਥ ਦੀ ਯਾਤਰਾ ਕਰ ਰਹੇ ਹਨ।ਪ੍ਰਧਾਨ ਮੰਤਰੀ ਸਵੇਰੇ 8:55 ’ਤੇ ਜੌਲੀਗ੍ਰਾਂਟ ਹਵਾਈ ਅੱਡੇ ’ਤੇ ਪੁੱਜੇ, ਜਿੱਥੇ ਰਾਜਪਾਲ ਡਾ. ਕ੍ਰਿਸ਼ਨਕਾਂਤ ਪਾਲ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ। ਪ੍ਰਧਾਨ ਮੰਤਰੀ ਦੀ ਯਾਤਰਾ ਦੇ ਮੱਦੇਨਜ਼ਰ ਇਲਾਕੇ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਉਹ ਜੌਲੀ ਗ੍ਰਾਂਟ ਹਵਾਈ ਅੱਡੇ ਤੋਂ ਸਿੱਧਾ ਕਿਦਾਰਨਾਥ ਮੰਦਿਰ ਦਰਸ਼ਨਾਂ ਲਈ ਪਹੁੰਚੇ, ਜਿੱਥੇ ਉਨ੍ਹਾਂ ਜਨਸਭਾ ਨੂੰ ਸੰਬੋਧਨ ਕੀਤਾ। ਮੋਦੀ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੇਰੇ ਲਈ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ।ਉਨ੍ਹਾਂ ਕੇਦਾਰਨਾਥ ਤਰਾਸਦੀ ਵਿੱਚ ਮਾਰੇ ਗਏ ਸਾਰੇ ਸ਼ਰਧਾਲੂਆਂ ਨੂੰ ਸ਼ਰਧਾਜਲੀ ਵੀ ਭੇਂਟ ਕੀਤੀ। ਪ੍ਰਧਾਨ ਮੰਤਰੀ ਵੱਲੋਂ ਦੁਬਾਰਾ ਨਿਰਮਾਣ ਲਈ ਰੱਖੇ ਗਏ ਨੀਂਹ ਪੱਥਰਾਂ ’ਚ ਆਦਿ ਗੁਰੂ ਸ਼ੰਕਰਾਚਾਰੀਆ ਦੀ ਸਮਾਧੀ ਜੋ 2013 ’ਚ ਆਏ ਹੜ੍ਹ ਨਾਲ ਤਬਾਹ ਹੋ ਗਈ ਸੀ, ਸ਼ਾਮਿਲ ਹੈ।ਉਤਰਾਖੰਡ ’ਚ ਰੁਦਰਪ੍ਰਯਾਗ ਜਿਲ਼ੇ ਦੇ ਉਚ ਹਿਮਾਲਿਆ ਖੇਤਰ ’ਚ ਸਥਿਤ ਕੇਦਾਰਨਾਥ ਧਾਮ ਪੁੱਜ ਕੇ ਭਗਵਾਨ ਸ਼ਿਵ ਦੀ ਪੂਜਾ ਕੀਤੀ। ਕੇਦਾਰਨਾਥ ਦੇ ਮੁੜ ਨਿਰਮਾਣ ਕਾਰਜਾਂ ਲਈ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਦੇਸ਼ ਧੰਨ ਦੀ ਕਮੀ ਨਹੀਂ ਆਉਣ ਦੇਵੇਗਾ, ਜਿਸ ਵਿੱਚ ਦੇਸ਼ ਦੀਆਂ ਸਰਕਾਰਾਂ ਦੇ ਨਾਲ-ਨਾਲ ਉਦਯੋਗ ਅਤੇ ਵਪਾਰ ਜਗਤ ਦੇ ਲੋਕ ਵੀ ਸਹਿਯੋਗ ਦੇਣਗੇ। ਉਨ੍ਹਾਂ ਵੱਲੋਂ ਕੀਤੇ ਗਏ ਐਲਾਨ ਵਿੱਚ ਪੁਜਾਰੀਆਂ ਨੂੰ ਤਿੰਨ ਮੰਜ਼ਿਲਾ ਮਕਾਨ, ਮੰਦਿਰ ਦੇ ਮਾਰਗ ਨੂੰ ਚੌੜਾ ਕੀਤਾ ਜਾਣਾ, ਡਾਕ ਘਰ, ਬੈਂਕ, ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਮੰਦਾਕਿਨੀ ਅਤੇ ਸਰਸਵਤੀ ਘਾਟ ਦਾ ਨਿਰਮਾਣ ਅਤੇ ਸ਼ਰਧਾਲੂਆਂ ਦੇ ਠਹਿਰਨ ਅਤੇ ਬੈਠਣ ਲਈ ਪੂਰਾ ਇੰਤਜ਼ਾਮ ਹੋਵੇਗਾ। ਆਮ ਤੌਰ ’ਤੇ ਦੀਵਾਲੀ ਦੇ ਤਿਉਹਾਰ ਮੌਕੇ ਮੰਦਿਰ ਦੇ ਜ਼ਿਆਦਾਤਰ ਪੁਜਾਰੀ ਅਤੇ ਦੁਕਾਨਦਾਰ ਆਪਣੇ ਘਰ ਵਾਪਿਸ ਚਲੇ ਜਾਂਦੇ ਹਨ, ਲੇਕਿਨ ਇਹ ਪਹਿਲੀ ਵਾਰ ਸੀ ਕਿ ਦੀਵਾਲੀ ਦੇ ਬਾਅਦ ਵੀ ਇਸ ਮੰਦਿਰ ਦੀ ਦਿਖ ਨੂੰ ਪ੍ਰਧਾਨ ਮੰਤਰੀ ਦੇ ਆਉਣ ਲਈ ਪੂਰੀ ਤਰ੍ਹਾਂ ਬਦਲਿਆ ਗਿਆ। ਦੀਵਾਲੀ ਦੇ ਬਾਅਦ ਇਹ ਮੰਦਿਰ 6 ਮਹੀਨਿਆਂ ਲਈ ਬੰਦ ਕਰ ਦਿੱਤਾ ਜਾਂਦਾ ਹੈ। ਕਿਦਾਰਨਾਥ ਦੇਸ਼ ਦੇ ਪ੍ਰਮੁੱਖ ਤਿੰਨ ਤੀਰਥ ਸਥਾਨਾਂ ’ਚੋਂ ਇੱਕ ਹੈ। ਮੋਦੀ ਦੀ ਯਾਤਰਾ ਦੇ ਬਾਅਦ 21 ਅਕਤੂਬਰ ਨੂੰ ਇਹ ਮੰਦਿਰ ਸਰਦੀਆਂ ਦੇ ਲਈ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾ ਇਹ ਇੱਕ ਦਿਨਾ ਦੌਰਾ ਉਤਰਾਖੰਡ ਦੇ ਲਈ ਲਾਹੇਵੰਦ ਸਾਬਿਤ ਹੋਵੇਗਾ।



