ਚੰਡੀਗੜ੍ਹ, 16 ਦਸੰਬਰ (ਵਿਸ਼ਵ ਵਾਰਤਾ)- ਪ੍ਰਸਿੱਧ ਪੰਜਾਬੀ ਗਾਇਕ ਮਿਸ ਪੂਜਾ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਈ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਿਸ ਪੂਜਾ ਨੇ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਨਰਿੰਦਰ ਮੋਦੀ ਵੱਲੋਂ ਕਰਾਏ ਗਏ ਵਿਕਾਸ ਕੰਮਾਂ ਕਾਰਨ ਹੀ ਉਨ੍ਹਾਂ ਨੇ ਭਾਜਪਾ ਪਾਰਟੀ ਵਿਚ ਇਕ ਵਰਕਰ ਦੇ ਰੂਪ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਤੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਕੰਮ ਕਰਾਂਗੀ। ਮਿਸ ਪੂਜਾ ਦੇ ਹੁਸ਼ਿਆਰਪੁਰ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਦੀ ਚਰਚਾ ਹੈ, ਹਾਲਾਂਕਿ ਮਿਸ ਪੂਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਨ੍ਹਾਂ ਦੀ ਇਸ ਬਾਰੇ ਪਾਰਟੀ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰਾ ਲੋਕ ਸਭਾ ਚੋਣਾਂ ਲੜਣ ਦਾ ਕੋਈ ਇਰਾਦਾ ਨਹੀਂ ਹੈ। ਇਸ ਮੌਕੇ ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ, ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਚੁਨੀ ਲਾਲ ਭਗਤ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਆਪਣੇ ਗੀਤਾਂ ਰਾਹੀਂ ਕਰੋੜਾਂ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਮਿਸ ਪੂਜਾ ਦਾ ਪੂਰਾ ਨਾਮ ਨਾਮ ਗੁਰਿੰਦਰ ਕੌਰ ਕੈਂਥ ਹੈ। ਬਹੁਤ ਸਾਰੇ ਦੋਗਾਣੇ ਗਾ ਕੇ ਮਿਸ ਪੂਜਾ ਨੇ ਕਾਫੀ ਪ੍ਰਸਿੱਧ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਮਿਸ ਪੂਜਾ ਨੇ ਪੰਜਾਬੀ ਫਿਲਮਾਂ ਵਿਚ ਵੀ ਕਿਰਦਾਰ ਨਿਭਾਏ ਹਨ। ਵਿਆਹ ਤੋਂ ਬਾਅਦ ਵੀ ਮਿਸ ਪੂਜਾ ਨੇ ਆਪਣੇ ਨਾਮ ਨਾਲੋਂ ‘ਮਿਸ’ ਸ਼ਬਦ ਨਹੀਂ ਹਟਾਇਆ ਕਿਉਂਕਿ ਹੁਣ ਇਹ ਸ਼ਬਦ ਉਸ ਦੀ ਪਛਾਣ ਬਣ ਚੁੱਕਾ ਹੈ।