ਪਟਿਆਲਾ, 12 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਅੱਜ ਖ਼ਾਲਸਾ ਕਾਲਜ ਪਟਿਆਲਾ ਵਿਖੇ ਕਾਲਜ ਦੇ ਐਨ.ਐਸ.ਐਸ ਵਿੰਗ,ਵਿਦਿਆਰਥੀ ਭਲਾਈ ਕਮੇਟੀ ਅਤੇ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਵੱਲੋਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ ਕਾਲਜ ਵੱਲੋਂ ਇਹ ਕੈਂਪ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਖ਼ੂਨ ਦੀ ਅਮਰਜੈਂਸੀ ਹੋਣ ਕਾਰਨ ਹਸਪਤਾਲ ਵੱਲੋਂ ਇੱਕ ਦਿਨ ਦੇ ਸੱਦੇ ਤੇ ਲਗਾਇਆ ਗਿਆ। ਇਸ ਕੈਂਪ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇੱਕ ਸੌ ਪੰਜ ਯੂਨਿਟ ਖ਼ੂਨਦਾਨ ਕੀਤਾ।ਇਸ ਕੈਂਪ ਦਾ ਉਦਾਘਾਟਨ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਕੀਤਾ। ਕਾਲਜ ਦਾ ਇਹ ਕੈਂਪ ਆਯਜਿਤ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਵਿਚ ਸਮਾਜ ਭਲਾਈ ਕਰਨ ਦੀ ਇੱਛਾ ਨੂੰ ਪੈਦਾ ਕਰਨਾ ਅਤੇ ਵਧਾਉਣਾ ਸੀ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਇਸ ਕੈਂਪ ਦਾ ਉਦਘਾਟਨ ਕਰਦੇ ਹੋਏ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਖ਼ੂਨਦਾਨ ਨੂੰ ਮਹਾਂਦਾਨ ਦਾ ਦਰਜ਼ਾ ਦਿੰਦੇ ਹੋਏ ਕਿਹਾ ਕਿ ਤੁਹਾਡੇ ਦੁਆਰਾ ਦਾਨ ਕੀਤਾ ਗਿਆ ਖ਼ੂਨ ਕਿਸੇ ਦੀ ਖ਼ਤਮ ਹੋ ਰਹੀ ਜ਼ਿੰਦਗੀ ਨੂੰ ਬਚਾ ਸਕਦਾ ਹੈ। ਡਾ. ਉਭਾ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਸਮਾਜ ਭਲਾਈ ਦੀ ਖ਼ਾਤਰ ਹਮੇਸ਼ਾਂ ਤਤਪਰ ਰਹਿਣਾ ਚਾਹੀਦਾ ਹੈ ਤਾਂ ਜੋ ਸਮੁੱਚੀ ਮਨੁੱਖਤਾ ਅੰਦਰ ਭਲਾਈ ਦੀ ਭਾਵਨਾ ਪੈਦਾ ਹੁੰਦੀ ਰਹੇ।ਉਹਨਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਰਟੀਫ਼ਿਕੇਟ ਵੀ ਦਿੱਤੇ। ਕਾਲਜ ਦੇ ਡੀਨ ਵਿਦਿਆਰਥੀ ਭਲਾਈ ਕਮੇਟੀ ਅਤੇ ਕੋਆਰਡੀਨੇਟਰ ਡੀ.ਡੀ.ਯੂ. ਕੌਸ਼ਲ ਕੇਂਦਰ ਡਾ. ਅਜੀਤ ਸਿੰਘ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਜੀਵਨ ਨੂੰ ਸਹੀ ਸੇਧ ਦਿੰਦੇ ਹਨ ਅਤੇ ਲੋੜਵੰਦ ਦੇ ਜੀਵਨ ਦਾ ਆਧਾਰ ਬਣਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਖ਼ੂਨਦਾਨ ਵਿਅਕਤੀ ਵੱਲੋਂ ਕੀਤਾ ਗਿਆ ਇੱਕ ਅਜਿਹਾ ਉਪਰਾਲਾ ਹੈ ਜੋ ਸਵੈ ਸੰਤੁਸ਼ਟੀ ਦੇ ਨਾਲ ਨਾਲ ਦੂਸਰਿਆਂ ਲਈ ਵੀ ਵਰਦਾਨ ਸਾਬਤ ਹੁੰਦਾ ਹੈ।
ਖ਼ਾਲਸਾ ਕਾਲਜ ਪਟਿਆਲਾ ਵੱਲੋਂ ਲਗਾਏ ਖ਼ੂਨਦਾਨ ਕੈਂਪ ਦੌਰਾਨ 105 ਯੂਨਿਟ ਖ਼ੂਨ ਦਾਨ



