ਭਗਤਾ ਭਾਈ ਕਾ, 12 ਅਕਤੂਬਰ (ਸਵਰਨ ਸਿੰਘ ਭਗਤਾ)- ਗੁਰਦਾਸਪੁਰ ਜਿਮਣੀ ਚੋਣ ਲਈ ਵੋਟਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜ਼ਿਲ੍ਹਾ ਜੱਥੇਦਾਰ ਤੇ ਸਾਬਕਾ ਪੰਚਾਇਤ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕਾਂਗਰਸ ਸਰਕਾਰ ਦਾ ਵਿਰੋਧ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਜਿਮਣੀ ਚੋਣ ਦੇ ਨਤੀਜੇ ਗਠਬੰਧਨ ਉਮੀਦਵਾਰ ਦੇ ਹੱਕ ਵਿੱਚ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਲਾਰੀਆ ਵੱਡੀ ਜਿੱਤ ਪ੍ਰਾਪਤ ਕਰਨਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਜੱਥੇਦਾਰ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਪੂਰੇ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰਾਂ ਵੱਲੋਂ ਗੁਰਦਾਸਪੁਰ ਜਿਮਣੀ ਚੋਣ ਦੌਰਾਨ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਸ੍ਰ. ਮਲੂਕਾ ਨੇ ਕਿਹਾ ਕਿ 6 ਮਹੀਨੇ ਪਹਿਲਾ ਬਣੀ ਕਾਂਗਰਸ ਸਰਕਾਰ ਤੋਂ ਲੋਕ ਦੁਖੀ ਹਨ, ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋ ਕੀਤੇ ਗਏ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਕਰਜ਼ਾ ਮੁਆਫੀ ਦਾ ਮੁੱਦਾ ਕਾਂਗਰਸ ਤੇ ਭਾਰੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋ ਕਿਸਾਨਾਂ ਦੇ ਸਾਰੇ ਕਰਜੇ ਮੁਆਫ ਕਰਨ ਤੋਂ ਇਲਾਵਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਇਲਾਵਾ ਕਈ ਵੱਡੇ ਵੱਡੇ ਦਾਅਵੇ ਕੀਤੇ ਸਨ, ਜਿਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ। ਜਿਮਣੀ ਚੋਣ ਪ੍ਰਚਾਰ ਦੌਰਾਨ ਲੋਕਾਂ ਵਿੱਚ ਕਾਂਗਰਸ ਪ੍ਰਤੀ ਗੁੱਸਾ ਸਾਫ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਸ ਚੋਣ ਪ੍ਰਚਾਰ ਦੌਰਾਨ ਦੋਨਾਂ ਪਾਰਟੀਆਂ ਵਰਕਰਾਂ ਵੱਲੋਂ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਦਿਨ ਰਾਤ ਪ੍ਰਚਾਰ ਕੀਤਾ ਗਿਆ ਤੇ ਲੋਕਾਂ ਨੂੰ ਗਠਬੰਧਨ ਉਮੀਦਵਾਰ ਦੀ ਜਿੱਤ ਲਈ ਲਾਮਬੰਦ ਕੀਤਾ ਗਿਆ। ਸ੍ਰ. ਮਲੂਕਾ ਨੇ ਬਠਿੰਡਾ ਜਿਲਾ ਦੀ ਪੂਰੀ ਜੱਥੇਬੰਦੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਚੋਣ ਪ੍ਰਚਾਰ ਦੌਰਾਨ ਮਨਜੀਤ ਸਿੰਘ ਧੁੰਨਾ, ਜਸਵੰਤ ਸਿੰਘ ਭਾਈ ਰੂਪਾ, ਹਰਿੰਦਰ ਸਿੰਘ ਹਿੰਦਾ, ਰਤਨ ਸ਼ਰਮਾ ਮਲੂਕਾ, ਹਰਜੀਤ ਸਿੰਘ ਮਲੂਕਾ, ਬਲਕਾਰ ਬਰਾੜ, ਰਾਕੇਸ਼ ਗੋਇਲ ਆਦਿ ਸ਼ਾਮਲ ਸਨ।
ਜਿਮਣੀ ਚੋਣ ਦਾ ਨਤੀਜਾ ਗਠਜੋੜ ਉਮੀਦਵਾਰ ਦੇ ਹੱਕ ਵਿੱਚ ਹੋਵੇਗਾ : ਸਾਬਕਾ ਮੰਤਰੀ ਮਲੂਕਾ



