ਜੰਡਿਆਲਾ ਗੁਰੂ, 12 ਅਕਤੂਬਰ (ਵਰੁਣ ਸੋਨੀ)- ਅਜ ਦਿਨ ਦਿਹਾੜੇ ਕਰੀਬ 11.30 ਵਜੇ ਜੀ ਟੀ ਰੋਡ ਤੇ ਪੁਲਿਸ ਸਟੇਸ਼ਨ ਤੋਂ ਕਰੀਬ 200 ਮੀਟਰ ਦੀ ਦੂਰੀ ਤੇ ਦੋ ਗੈਂਗਸਟਰ ਗਰੁਪਾਂ ਵਿਚ ਆਹਮਣੇ ਸਾਹਮਣੇ ਗੋਲੀਆਂ ਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਇਕਤਰ ਕੀਤੀ ਜਾਣਕਾਰੀ ਵਿਚ ਆਸ ਪਾਸ ਦੇ ਲੋਕਾਂ ਨੇ ਦਸਿਆ ਕਿ ਸਾਰੀ ਘਟਨਾ ਇਕ ਫਿਲਮ ਦੀ ਸ਼ੂਟਿੰਗ ਵਾਂਗ ਸੀ। ਦੋ ਕਾਰਾ ਵਿਚ ਸਵਾਰ ਲੜਕੇ ਜੋ ਜਲੰਧਰ ਵਾਲੀ ਸਾਈਡ ਤੋਂ ਆਏ ਤਾਂ ਉਹਨਾਂ ਨੇ ਗੁਰਦੁਆਰਾ ਬਾਬਾ ਹੰਦਾਲ ਵਾਲੀ ਰੋਡ ਤੋਂ ਆ ਰਹੇ ਦੋ ਮੋਟਰਸਾਇਕਲ ਸਵਾਰਾਂ ਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਮੌਕੇ ਦਾ ਅਖੀਂ ਡਿਠਾ ਹਾਲ ਦੇਖਣ ਵਾਲੇ ਇਕ ਵਿਅਕਤੀ ਨੇ ਦਸਿਆ ਕਿ ਕਾਰ ਸਵਾਰ ਇਕ ਲੜਕੇ ਨੇ ਦੋਹਾਂ ਹਥਾਂ ਵਿਚ ਰਿਵਾਲਵਰ ਫੜ੍ਹੀ ਹੋਈ ਸੀ ਅਤੇ ਫਾਇਰਿੰਗ ਕਰ ਰਿਹਾ ਸੀ। ਦੂਸਰੇ ਪਾਸੇ ਮੋਟਰਸਾਇਕਲ ਸਵਾਰਾਂ ਨੇ ਵੀ ਜਵਾਬੀ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ। ਕਰੀਬ 2-3 ਮਿੰਟ ਚਲੀ ਇਸ ਫਾਇਰਿੰਗ ਦੌਰਾਨ ਜੀ ਟੀ ਰੋਡ ਤੇ ਆਵਾਜਾਈ ਵੀ ਪ੍ਰਭਾਵਿਤ ਹੋਣ ਦਾ ਪਤਾ ਲਗਾ ਹੈ । ਮੌਕੇ ਤੇ ਤੁਰੰਤ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਐਸ ਐਚ ਓ ਜੰਡਿਆਲਾ ਹਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ । ਪਤਰਕਾਰਾਂ ਨਾਲ ਗਲਬਾਤ ਦੋਰਾਨ ਡੀ ਐਸ ਪੀ ਜੰਡਿਆਲਾ ਨੇ ਦਸਿਆ ਕਿ ਦੋਨੋ ਪਾਸੇ ਤੋਂ ਅਣਪਛਾਤੇ ਹਮਲਾਵਰ ਫਰਾਰ ਹੋ ਗਏ ਹਨ ਅਤੇ ਕਿਸੇ ਦੇ ਵੀ ਜਖਮੀ ਹੋਣ ਦੀ ਜਾਣਕਾਰੀ ਨਹੀਂ ਹੈ । ਦੇਰ ਸ਼ਾਮ ਖਬਰ ਲਿਖੇ ਜਾਣ ਤਕ ਕਿਸੇ ਦੇ ਵੀ ਗ੍ਰਿਫਤਾਰ ਹੋਣ ਦੀ ਜਾਣਕਾਰੀ ਨਹੀਂ ਮਿਲੀ ਅਤੇ ਪੁਲਿਸ ਪਾਰਟੀ ਸਾਰੀ ਘਟਨਾ ਦੀ ਜਾਂਚ ਪੜਤਾਲ ਕਰਨ ਵਿਚ ਲਗੀ ਹੋਈ ਸੀ ।
ਜੰਡਿਆਲਾ ਗੁਰੂ ’ਚ 2 ਗੈਂਗਸਟਰ ਗਰੁੱਪਾਂ ਵਿਚਾਲੇ ਦਿਨ-ਦਿਹਾੜੇ ਚੱਲੀਆਂ ਗੋਲੀਆਂ



