ਬ੍ਰਿਸਬੇਨ, 8 ਅਕਤੂਬਰ (ਸਤਵਿੰਦਰ ਟੀਨੂੰ)-ਆਸਟਰੇਲੀਆ ਦੀ ਸਰਗਰਮ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਸਾਹਿਤਕ ਸਰਗਰਮੀਆਂ ਲਗਾਤਾਰ ਜਾਰੀ ਰਖਦਿਆਂ ਕਲ ਅਠ ਅਕਤੂਬਰ ਨੂੰ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਇਸ ਮਹੀਨੇ ਦਾ ਮਾਸਿਕ ਕਵੀ ਦਰਬਾਰ ਆਯੋਜਿਤ ਕਰਵਾਇਆ ਗਿਆ । ਇਸ ਮੌਕੇ ਪੰਜਾਬ ਦੇ ਸਿਰਮੌਰ ਗ਼ਜ਼ਲਗੋ ਪ੍ਰੋ ਗੁਰਭਜਨ ਗਿਲ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਰਾਵੀ” ਲੋਕ ਹਥਾਂ ਵਿਚ ਸੌਂਪਿਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਇੰਡੋਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਨੇ ਕੀਤੀ, ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਅਤੇ ਇਕਬਾਲ ਧਾਮੀ ਜੀ ਸ਼ਾਮਿਲ ਸਨ । ਕਵੀ ਦਰਬਾਰ ਦੀ ਸ਼ੁਰੂਆਤ ਪ੍ਰਗਟ ਸਿੰਘ ਰੰਧਾਵਾ ਦੀ ਮੌਜੂਦਾ ਦੌਰ ਤੇ ਕਟਾਕਸ਼ ਕਰਦੀ ਕਵਿਤਾ ਨਾਲ ਹੋਈ, ਉਪਰੰਤ ਨੌਜਵਾਨ ਗ਼ਜ਼ਲਗੋ ਰੁਪਿੰਦਰ ਸੋਜ਼, ਗੀਤਕਾਰ ਸੁਰਜੀਤ ਸੰਧੂ, ਪਾਲ ਰਾਊਕੇ, ਸ਼ਾਇਰਾ ਹਰਜੀਤ ਸੰਧੂ, ਹਰਕੀ ਵਿਰਕ, ਭੁਪਿੰਦਰ ਸਿੰਘ ਖਹਿਰਾ, ਸਰਬਜੀਤ ਸੋਹੀ, ਵਰਿੰਦਰ ਅਲੀਸ਼ੇਰ ਆਦਿ ਕਵੀਆਂ, ਕਵਿਤਰੀਆਂ ਅਤੇ ਵਿਚਾਰਕ ਸਰੋਤਿਆਂ ਦੇ ਸਨਮੁਖ ਹੋਏ । ਇਸ ਮੌਕੇ ਅਮਰਜੀਤ ਮਾਹਲ ਨੇ ਆਏ ਹੋਏ ਦਰਸ਼ਕਾਂ ਕੋਲ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਕਰਨ ਲਈ ਸੁਝਾਅ ਮੰਗੇ ਅਤੇ ਇੰਡੋਜ਼ ਵਲੋਂ ਪੰਜਾਬੀ ਮਾਤ ਭਾਸ਼ਾ ਅਤੇ ਸਭਿਆਚਾਰ ਦੇ ਪਸਾਰ ਲਈ ਯਤਨ ਕਰਦੇ ਰਹਿਣ ਦੀ ਵਚਨਬਧਤਾ ਦੁਹਰਾਈ । ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਜੀ ਵਲੋਂ ਬਾਖੂਬੀ ਨਿਭਾਈ ਗਈ ।
ਗ਼ਜ਼ਲ ਸੰਗ੍ਰਹਿ ‘ਰਾਵੀ’” ਪ੍ਰੋ. ਗੁਰਭਜਨ ਗਿਲ ਬ੍ਰਿਸਬੇਨ ਵਿਖੇ ਲੋਕ ਅਰਪਣ ਅਤੇ ਕਵੀ ਦਰਬਾਰ ਦਾ ਆਯੋਜਨ


