Skip to content
Independent perspectives. Global stories.
BREAKING

ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਹਿਤ 9ਵਾਂ ਗੁਰਮਤ ਸਮਾਗਮ ਕਰਵਾਇਆ

Share this story

ਅੰਮ੍ਰਿਤਸਰ, 5 ਅਕਤੂਬਰ (ਗੁਰਪ੍ਰੀਤ ਸਿੰਘ ਮਾਨ)- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਹਿਤ ਨੌਵਾਂ ਮਹਾਨ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਦੁਪਹਿਰ ਨੂੰ ਸੇਂਟ ਕਬੀਰ ਪਬਲਿਕ ਸਕੂਲ ਦੀ ਗਰਾਊਂਡ ’ਚ, ਗੁਰਨਾਮ ਨਗਰ, ਸੁਲਤਾਨਵਿੰਡ ਰੋਡ ਵਿਖੇ ਸੁੰਦਰ ਦੀਵਾਨ ਸਜਾਏ ਗਏ। ਜਿਸ ਵਿਚ ਰਾਗੀਆਂ, ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ, ਕਥਾਵਾਚਕਾਂ ਨੇ ਹਰ ਜਸ ਅਤੇ ਗੁਰਮਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸਕਤਰ ਦੀ ਮੁਖ ਭੂਮਿਕਾ ਸੁਸਾਇਟੀ ਦੇ ਮੁਖ ਸੇਵਾਦਾਰ ਭਾਈ ਗੁਰਚਰਨ ਸਿੰਘ ਨੇ ਬਾਖੂਬੀ ਢੰਗ ਨਾਲ ਨਿਭਾਈ। ਆਯੋਜਿਤ ਸਮਾਗਮ ਚ ਵਿਸ਼ੇਸ਼ ਤੌਰ ਤੇ ਨਿਹੰਗ ਸਿੰਘਾਂ ਸੰਪਰਦਾ ਦੇ ਮੁਖੀ ਜਥੇਦਾਰ ਬਾਬਾ ਰਘਬੀਰ ਸਿੰਘ ਖਿਆਲੇ ਵਾਲੇ, ਜਥੇਦਾਰ ਬਾਬਾ ਦਰਸ਼ਨ ਸਿੰਘ ਨਿਹੰਗ ਟਾਹਲਾ ਸਾਹਿਬ ਵਾਲੇ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਦੇ ਸੰਚਾਲਕ ਤੇ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਅਤੇ ਰਾਗੀ ਭਾਈ ਅਮਨਦੀਪ ਸਿੰਘ, ਸਿਖ ਸਦਭਾਵਨਾ ਦਲ ਦੇ ਮੁਖ ਸੇਵਾਦਰ ਰਾਗੀ ਭਾਈ ਬਲਦੇਵ ਸਿੰਘ ਵਡਾਲਾ, ਸਿਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਪ੍ਰਚਾਰਕ, ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਨਾਮ ਸਿੰਘ ਕੁਹਾੜਕਾ ਅਤੇ ਭਾਈ ਕਰਨੈਲ ਸਿੰਘ ਖ਼ਾਲਸਾ, ਬਾਬਾ ਦੀਪ ਸਿੰਘ ਸ਼ਹੀਦ ਗੰਜ ਦੇ ਹਜੂਰੀ ਰਾਗੀ ਭਾਈ ਦਵਿੰਦਰ ਸਿੰਘ, ਪਟਿਆਲਾ ਤੋਂ ਰਾਗੀ ਤੇ ਕਥਾਵਾਚਕ ਭਾਈ ਸ਼ੋਮਨਦੀਪ ਸਿੰਘ, ਬੰਬੇ ਤੋਂ ਪ੍ਰਸਿਧ ਕੀਰਤਨੀਏ ਭਾਈ ਗੁਰਿੰਦਰ ਸਿੰਘ ਮਾਦੋਕੇ ਆਦਿ ਦੇ ਜਥੇ ਪਹੁੰਚੇ। ਆਯੋਜਿਤ ਸਮਾਗਮ ਚ ਵਿਚਾਰਾਂ ਦੀ ਸਾਂਝ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਜ ਜਿਹੜੇ ਅਖੌਤੀ ਪ੍ਰਚਾਰਕ ਤੇ ਫੇਸਬੁਕੀਏ ਵਿਦਵਾਨ ਕੌਮ ਵਿਚ ਵਾਦ-ਵਿਵਾਦ ਪਾ ਕੇ ਭਰਾ ਮਾਰੂ ਜੰਗ ਕਰਵਾ ਰਹੇ ਹਨ, ਇਨ੍ਹਾਂ ਤੋਂ ਦੇਸ਼-ਵਿਦੇਸ਼ ਦੀਆਂ ਸਿਖ ਸੰਗਤਾਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਆਪਣਾ ਜੀਵਨ ਗੁਰਮਤ ਤੋਂ ਸਖਣਾ ਹੈ ਤੇ ਉਹ ਦੂਜਿਆਂ ਨੂੰ ਗੁਰਮਤ ਦੀ ਰੌਸ਼ਨੀ ਕਿਵੇਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਹਜਾਰਾਂ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਖੀ ਦੇ ਪ੍ਰਚਾਰ ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਹੋਂਦ ਚ ਆਈ ਸੀ ਪਰ ਅਜ ਇਹ ਕੌਮ ਦੀ ਮਹਾਨ ਸਿਰਮੌਰ ਸੰਸਥਾ ਸਿਰਫ਼ ਆਰ.ਐਸ.ਐਸ ਤੇ ਬਾਦਲਕਿਆਂ ਦੀ ਰਖੇਲ ਬਣ ਚੁੱਕੀ ਹੈ ਤੇ ਗੰਦਲੀ ਰਾਜਨੀਤੀ ਦੇ ਗਲਬੇ ਹੇਠ ਆ ਕੇ ਆਪਣੇ ਸਿਧਾਂਤਾਂ ਨੂੰ ਵਿਸਾਰ ਚੁਕੀ ਹੈ। ਉਨ੍ਹਾਂ ਸੰਗਤਾਂ ਨੂੰ ਸਦਾ ਦਿਤਾ ਕਿ ਨਰੈਣੂ ਮਹੰਤ ਦੇ ਵਾਰਸ ਬਾਦਲਕਿਆਂ ਦਾ ਡਟ ਕੇ ਵਿਰੋਧ ਕਰੋ ਤੇ ਆਉਂਦੀਆਂ ਚੋਣਾਂ ਚ ਇਨ੍ਹਾਂ ਦਾ ਬੋਰੀ ਬਿਸਤਰਾ ਗੋਲ ਕੀਤਾ ਜਾਵੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਵਿਚਾਰਾਂ ਦੀ ਸਾਂਝ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਵਾਂ ਤੇ ਮਹਾਨਤਾ ਬਾਰੇ ਚਾਨਣਾ ਪਾਇਆ। ਕਥਾਵਾਚਕ ਭਾਈ ਗੁਰਚਰਨ ਸਿੰਘ ਨੇ ਅੰਮ੍ਰਿਤ ਦੀ ਮਹਾਨਤਾ ਦਾ ਵਿਸਥਾਰ ਸਹਿਤ ਜਿਕਰ ਕੀਤਾ।ਸਮਾਗਮ ’ਚ ਹਜਾਰਾਂ ਦੀ ਤਾਦਾਦ ਚ ਸਿਖ ਸੰਗਤਾਂ ਨੇ ਹਾਜਰੀ ਭਰੀ ਅਤੇ ਗੁਰੂ ਕੇ ਲੰਗਰ ਅਤੁਟ ਵਰਤੇ। ਅੰਮ੍ਰਿਤ ਸੰਚਾਰ ਚ 35 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਅਤੇ ਫ੍ਰੀ ਕਕਾਰ ਵੰਡੇ ਗਏ।ਅੰਤ ’ਚ ਭਾਈ ਗੁਰਚਰਨ ਸਿੰਘ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਭ ਜਥਿਆਂ ਨੂੰ ਸਿਰੋਪਿਆਂ ਲੋਈਆਂ ਸ਼ੀਲਡਾਂ ਨਾਲ ਸਨਮਾਨਿਤ ਕੀਤਾ। ਸੁੰਦਰ ਦੁਮਾਲਾ ਤੇ ਦਸਤਾਰ ਮੁਕਾਬਲੇ ਚ ਭਾਗ ਲੈਣ ਵਾਲੇ ਬਚਿਆਂ ਨੂੰ ਵੀ ਜੈਕਾਰਿਆਂ ਦੀ ਗੂੰਜ ਚ ਸਟੇਜ ਤੋਂ ਸਨਮਾਨਿਆ ਗਿਆ। ਇਸ ਮੌਕੇ ਭਾਈ ਹਰਪ੍ਰੀਤ ਸਿੰਘ, ਭਾਈ ਹਰਜੀਤ ਸਿੰਘ, ਭਾਈਸਤਬੀਰ ਸਿੰਘ ਰਾਣਾ ਆਦਿ ਪਤਵੰਤੇ ਸਜਣ ਆਦਿ ਹਾਜਰ ਸਨ।

WRITTEN BY