ਮਾਨਸਾ, 14 ਜੁਲਾਈ (ਜਸਪਾਲ ਹੀਰੇਵਾਲਾ/ਅਲਵਿੰਦਰ ਗੋਇਲ) : ਨਸ਼ੇ ਦੇ ਸੌਦਾਗਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਪ੍ਰਾਪਤ ਹੋਈ ਜਦੋਂ ਲੱਖਾਂ ਰੁਪਏ ਦੀ ਭੁੱਕੀ ਚੂਰਾਪੋਸਤ ਸਣੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ .ਨਰਿੰਦਰ ਭਾਰਗਵ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਦੋ ਅੰਤਰਰਾਜੀ ਸਮੱਗਲਰਾਂ ਨੂੰ ਵੱਡੀ ਮਾਤਰਾ ਵਿੱਚ ਭੁੱਕੀ ਚੂਰਾਪੋਸਤ ਦੀ ਸਮੱਗਲਿੰਗ ਕਰਦੇ ਹੋਏ ਗ੍ਰਿਫਤਾਰ ਕਰਕੇ ਕਰੀਬ 72 ਲੱਖ ਰੁਪਏ ਦੀ ਭੁੱਕੀ ਚੂਰਾਪੋਸਤ ਅਤੇ ਭੁੱਕੀ ਦੀ ਸਮੱਗਲਿੰਗ ਲਈ ਵਰਤੇ ਜਾ ਰਹੇ ਲੰਬੀ ਬਾਡੀ ਵਾਲੇ ਕੈਂਟਰ ਟਾਟਾ 1109 ਨੂੰ ਵੀ ਕਬਜੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਕੋਲ ਇਤਲਾਹ ਸੀ ਕਿ ਅੰਤਰਰਾਜੀ ਸਮੱਗਲਰਾਂ ਦੇ ਗਿਰੋਹ ਬਾਹਰਲੇ ਰਾਜਾਂ ਤੋਂ ਭਾਰੀ ਮਾਤਰਾ ਵਿਚ ਭੁੱਕੀ ਚੂਰਾਪੋਸਤ ਲਿਆ ਕੇ ਪੰਜਾਬ ਵਿਚ ਸਪਲਾਈ ਕਰਨ ਲਈ ਮਾਨਸਾ ਜ਼ਿਲ੍ਹੇ ਦੀ ਹੱਦ ਵਿਚੋਂ ਲੰਘਣਗੇ। ਉਨ੍ਹਾਂ ਕਿਹਾ ਕਿ ਇਸ ਕਰਕੇ ਸਾਰੇ ਜ਼ਿਲ੍ਹੇ ਅੰਦਰ ਸਪੈਸ਼ਲ ਨਾਕਾਬੰਦੀਆਂ ਕਰਵਾਈਆਂ ਗਈਆਂ ਸਨ। ਡਾ. ਭਾਰਗਵ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ (ਸ:ਡ:) ਬੁਢਲਾਡਾ ਸ਼੍ਰੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਬੁਢਲਾਡਾ ਦੇ ਮੁੱਖ ਅਫਸਰ ਇੰਸਪੈਕਟਰ ਰਛਪਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਬਾਹੱਦ ਚੋਰੱਸਤਾ ਫੁੱਲੂਵਾਲਾ ਡੋਗਰਾ ਕੋਲ ਸਖ਼ਤ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਨ੍ਹੇ ਵਿੱਚ ਇੱਕ ਕੈਂਟਰ (ਨੰਬਰੀ ਪੀ.ਬੀ.23ਈ-7799) ਬੋਹਾ ਵਾਲੇ ਪਾਸਿਓਂ ਆਇਆ, ਜਿਸਨੂੰ ਨਾਕੇ ‘ਤੇ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਕੈਂਟਰ ਰੁਕਣ ‘ਤੇ ਕੈਂਟਰ ਡਰਾਇਵਰ ਨੇ ਆਪਣਾ ਨਾਮ ਅਮਨਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਿੱਧਵਾ ਕਲਾਂ ਥਾਣਾ ਸਦਰ ਜਗਰਾਓ ਅਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਗੁਰਦਾਸ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਖਾੜਾ ਥਾਣਾ ਹਠੂਰ ਜ਼ਿਲ੍ਹਾ ਲੁਧਿਆਣਾ ਦੱਸੇ। ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਦੋਨੋਂ ਵਿਅਕਤੀਆਂ ਨੂੰ ਕੈਂਟਰ ਵਿੱਚ ਲੱਦੇ ਸਮਾਨ ਬਾਰੇ ਅਤੇ ਸਮਾਨ ਕਿੱਥੋ ਆਇਆ ਹੈ ਅਤੇ ਕਿੱਥੇ ਲੈ ਕੇ ਜਾਣਾ ਹੈ, ਬਾਰੇ ਪੁੱਛਗਿੱਛ ਕਰਨ ‘ਤੇ ਉਹ ਤਸੱਲੀਬਖ਼ਸ ਜਵਾਬ ਨਾ ਦੇ ਸਕੇ ਅਤੇ ਪੁਲਿਸ ਪਾਰਟੀ ਵੱਲੋਂ ਸ਼ੱਕ ਪੈਣ ‘ਤੇ ਕੈਂਟਰ ਵਿੱਚ ਲੱਦੇ ਸਮਾਨ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚ ਭਾਰੀ ਮਾਤਰਾ ਵਿੱਚ ਬੋਰੀਆ ਲੱਦੀਆ ਹੋਈਆਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਨ੍ਹਾਂ ਬੋਰੀਆਂ ਵਿੱਚ ਭੁੱਕੀ ਚੂਰਾਪੋਸਤ ਹੋਣ ਦਾ ਸ਼ੱਕ ਹੋਇਆ।ਐਸ.ਐਸ.ਪੀ. ਨੇ ਕਿਹਾ ਕਿ ਸ਼ੱਕ ਦੇ ਅਧਾਰ ‘ਤੇ ਉਪ ਕਪਤਾਨ ਪੁਲਿਸ ਸ਼੍ਰੀ ਬਲਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਕੈਂਟਰ ਵਿੱਚ ਲੱਦੀਆਂ ਬੋਰੀਆਂ ਦੀ ਤਲਾਸ਼ੀ ਕੀਤੀ ਗਈ ਤਾਂ ਕੈਂਟਰ ਵਿੱਚ ਲੱਦੀਆਂ ਇਹਨਾਂ ਬੋਰੀਆਂ ਵਿੱਚੋ ਭਾਰੀ ਮਾਤਰਾ ਵਿੱਚ ਭੁੱਕੀ ਚੂਰਾਪੋਸਤ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਗਿਣਤੀ ਕਰਨ ‘ਤੇ ਕੈਂਟਰ ਵਿੱਚੋਂ ਕੁੱਲ 150 ਬੋਰੀਆਂ (40 ਕਿਲੋ ਪ੍ਰਤੀ ਬੋਰੀ) ਕੁੱਲ 60 ਕੁਇੰਟਲ ਭੁੱਕੀ ਚੂਰਾਪੋਸਤ ਬਰਾਮਦ ਹੋਣ ‘ਤੇ ਦੋਨਾਂ ਵਿਅਕਤੀਆਂ ਅਮਨਦੀਪ ਸਿੰਘ ਅਤੇ ਗੁਰਦਾਸ ਸਿੰਘ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15/61/85 ਤਹਿਤ ਥਾਣਾ ਸਿਟੀ ਬੁਢਲਾਡਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਡਾ. ਭਾਰਗਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਨੋਂ ਵਿਅਕਤੀ ਇੱਕ ਅੰਤਰਰਾਜੀ ਗੈਂਗ ਦੇ ਸਰਗਰਮ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਭੁੱਕੀ ਚੂਰਾਪੋਸਤ ਦੀ ਵੱਡੀ ਖੇਪ ਮੱਧ ਪ੍ਰਦੇਸ਼ ਰਾਜ ਤੋਂ ਗੱਡੀਆਂ ਵਿੱਚ ਲੱਦ ਕੇ ਪੰਜਾਬ ਵਿੱਚ ਲਿਆ ਕੇ ਸਪਲਾਈ ਕਰਦੇ ਸਨ। ਇਹ ਭੁੱਕੀ ਨੀਮਚ ਸ਼ਹਿਰ (ਮੱਧ ਪ੍ਰਦੇਸ਼) ਤੋਂ ਲੈ ਕੇ ਆਏ ਸਨ ਅਤੇ ਜ਼ਿਲ੍ਹਾ ਬਰਨਾਲਾ ਦੇ ਏਰੀਆ ਵਿਖੇ ਉਤਾਰਨੀ ਸੀ। ਫੜੀ ਗਈ ਭੁੱਕੀ ਚੂਰਾਪੋਸਤ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 72,00,000/-ਰੁਪਏ (ਬਹੱਤਰ ਲੱਖ ਰੁਪਏ) ਬਣਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਹਨਾਂ ਪਾਸੋਂ ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਸ ਭੁੱਕੀ ਦੀ ਸਪਲਾਈ ਬਰਨਾਲਾ ਵਿਖੇ ਕਿੱਥੇ-ਕਿੱਥੇ ਕਰਨੀ ਸੀ, ਜਿਸ ਤੋਂ ਹੋਰ ਵੀ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ।
ਮਾਨਸਾ ਪੁਲਿਸ ਵੱਲੋਂ ਭੁੱਕੀ ਦੀਆਂ 150 ਬੋਰੀਆਂ ਸਮੇਤ 2 ਦੋਸ਼ੀ ਗ੍ਰਿਫਤਾਰ



