ਬ੍ਰਿਸਬੇਨ, 2 ਅਕਤੂਬਰ (ਸਤਵਿੰਦਰ ਟੀਨੂੰ)-ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਮਿਤੀ 8 ਅਕਤੂਬਰ ( ਐਤਵਾਰ ) ਨੂੰ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਦੇ ਹਾਲ ਵਿਚ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੇ ਉਦਮ ਨਾਲ ਪੰਜਾਬ ਵਸਦੇ ਸ਼ਾਇਰ ਪ੍ਰੋ ਗੁਰਭਜਨ ਗਿਲ ਦਾ ਨਵਾਂ ਗ਼ਜ਼ਲ ਸੰਗ੍ਰਹਿ “ਰਾਵੀ” ਲੋਕ ਹਥਾਂ ਵਿਚ ਸੌਂਪਿਆ ਜਾਵੇਗਾ । ਇਸ ਸਮੇਂ ਮਾਸਿਕ ਕਵੀ ਦਰਬਾਰਾਂ ਦੀ ਲੜੀ ਤਹਿਤ ਕਵੀ ਦਰਬਾਰ ਵੀ ਆਯੋਜਿਤ ਹੋਵੇਗਾ । ਇਸ ਵਿਚ ਸ਼ਹਿਰ ਦੇ ਕਵੀ ਅਤੇ ਕਵਿਤਰੀਆਂ ਭਾਗ ਲੈਣਗੇ । ਜ਼ਿਕਰਯੋਗ ਹੈ ਕਿ ਇੰਡੋਜ਼ ਪੰਜਾਬੀ ਸਾਹਿਤ ਦੀ ਸਥਾਪਨਾ ਤੋਂ ਲੈ ਕੇ ਮਹਿਜ਼ ਦੋ ਕੁ ਸਾਲ ਦੇ ਅਰਸੇ ਵਿਚ ਇੰਡੋਜ਼ ਪੰਜਾਬੀ ਸਾਹਿਤ ਸਭਾ ਨੇ ਜਿਥੇ ਪ੍ਰਕਾਸ਼ਨ ਦੇ ਖੇਤਰ ਵਿਚ ਪਹਿਲ ਕਰਦਿਆਂ ਲਗਾਤਾਰ ਕਿਤਾਬਾਂ ਛਪਵਾਈਆਂ ਹਨ, ਉਥੇ ਹਰ ਮਹੀਨੇ ਕਵੀ ਦਰਬਾਰ ਦੀ ਪਰੰਪਰਾ ਰਾਹੀਂ ਆਸਟਰੇਲੀਆ ਦੀ ਧਰਤੀ ਤੇ ਸਾਹਿਤਿਕ ਮਾਹੌਲ ਸਿਰਜਿਆ ਹੈ । ਇਸ ਨਾਲ ਇਥੇ ਨਵੇਂ ਕਵੀਆਂ ਦੀ ਇਕ ਕਤਾਰ ਖੜੀ ਹੋ ਗਈ ਹੈ, ਇਸ ਤੋਂ ਪਹਿਲਾ ਪ੍ਰੌੜ ਲੇਖਿਕ ਅਜੀਤ ਰਾਹੀ ਤੋਂ ਬਿਨਾ ਇਹ ਦੇਸ਼ ਗੰਭੀਰ ਕਿਸਮ ਦੀ ਸਾਹਿਤਕਾਰੀ ਤੋਂ ਸਖਣਾ ਸੀ । ਬ੍ਰਿਸਬੇਨ ਵਿਚ ਇਹ ਪਹਿਲਕਦਮੀ “ਇੰਡੋਜ਼ ਹੋਲਡਿੰਗਜ” ਦੀ ਸਾਹਿਤ ਪ੍ਰਤੀ ਸੁਹਿਰਦ ਅਤੇ ਸਮਰਪਿਤ ਪਹੁੰਚ ਅਤੇ ਜਰਨੈਲ ਬਾਸੀ ਦੀ ਦੇਖ-ਰੇਖ ਵਿਚ ਸਰਬਜੀਤ ਸੋਹੀ ਦੀ ਅਗਵਾਈ ਕਾਰਨ ਹੀ ਸੰਭਵ ਹੋਈ ਹੈ । ਇਸ ਸਮਾਗਮ ਪ੍ਰੈਸ ਨੋਟ ਜਾਰੀ ਕਰਦਿਆਂ ਸਭਾ ਦੇ ਮੀਡੀਆ ਸੈਕਟਰੀ ਦਲਵੀਰ ਹਲਵਾਰਵੀ ਨੇ ਦਸਿਆ ਕਿ ਕਵੀ ਦਰਬਾਰ ਲਈ ਚਾਹ-ਪਾਣੀ ਅਤੇ ਭੋਜਨ ਦਾ ਪ੍ਰਬੰਧ ਗੁਰਦੁਆਰਾ ਗੁਰੂ ਨਾਨਕ ਸਿਖ ਟੈਂਪਲ ਇਨਾਲਾ ਦੀ ਕਮੇਟੀ ਵਲੋਂ ਹੋਵੇਗਾ ।
ਬ੍ਰਿਸਬੇਨ ’ਚ ਪ੍ਰੋ. ਗੁਰਭਜਨ ਗਿਲ ਦਾ ਗ਼ਜ਼ਲ ਸੰਗ੍ਰਹਿ ‘ਰਾਵੀ’”8 ਨੂੰ ਹੋਵੇਗਾ ਲੋਕ ਅਰਪਣ


