ਨਵੀਂ ਦਿੱਲੀ, 23 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਚਿਤਾਵਨੀ ਦਿੱਤੀ ਕਿ ਅੱਤਵਾਦੀ ਸਮੂਹ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਸੁਰੱਖਿਆ ਫੋਰਸਾਂ ਨੂੰ ਕਿਹਾ ਕਿ ਉਹ ਸਰਗਰਮ ਰਹਿਣ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਸੀਨੀਅਰ ਪੁਲਸ ਅਧਿਕਾਰੀਆਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੁਝ ਸੂਬਿਆਂ ‘ਚ ਫਿਰਕੂ ਘਟਨਾਵਾਂ ਦੀ ਗਿਣਤੀ ‘ਚ ‘ਕਾਫੀ ਵਾਧਾ’ ਹੋਣ ਦੀ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਤੋਂ ਬਿਨਾਂ ਕਿਸੇ ਝੁਕਾਅ, ਡਰ ਜਾਂ ਪੱਖਪਾਤ ਨਾਲ ਜ਼ਿਆਦਾ ਦ੍ਰਿੜਤਾ ਨਾਲ ਨਜਿੱਠਿਆ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ,”ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨੂੰ ‘ਅੱਤਵਾਦੀ ਸਮੂਹਾਂ ਵੱਲੋਂ’ ਰੋਕੇ ਜਾਣ ਦਾ ਸ਼ੱਕ ਹੈ। ਸੁਰੱਖਿਆ ਫੋਰਸਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।” ਮਨਮੋਹਨ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਅਤੇ ਨੇੜੇ-ਤੇੜੇ ਦੇ ਜ਼ਿਲਿਆਂ ‘ਚ ਹਾਲ ਹੀ ‘ਚ ਫਿਰਕੂ ਹਿੰਸਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਵਾਲੀਆਂ ਏਜੰਸੀਆਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਕਿ ਫਿਰਕੂ ਭਾਵਨਾਵਾਂ ਭੜਕਾਉਣ ਲਈ ਸਥਾਨਕ ਮੁੱਦਿਆਂ ਦੀ ਵਰਤੋਂ ਨਾ ਕੀਤੀ ਜਾਵੇ। ਪ੍ਰਧਾਨ ਮੰਤਰੀ ਨੇ ਪੁਲਸ ਡਾਇਰੈਕਟਰ ਜਨਰਲਾਂ ਅਤੇ ਪੁਲਸ ਮਹਾ ਨਿਰੀਖਕਾਂ ਦੇ ਸੰਮੇਲਨ ‘ਚ ਕਿਹਾ,”ਮੌਜੂਦਾ ਸਾਲ ਦੌਰਾਨ ਕੁਝ ਸੂਬਿਆਂ ‘ਚ ਫਿਰਕੂ ਘਟਨਾਵਾਂ ‘ਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਅਸੀਂ ਅਜਿਹੇ ਹਾਲਾਤ ਬਰਦਾਸ਼ਤ ਨਹੀਂ ਕਰ ਸਕਦੇ, ਇਕ ਵਾਰ ਅਸ਼ਾਂਤੀ ਹੋਣ ‘ਤੇ ਉਸ ਤੋਂ ਬਿਨਾਂ ਝੁਕਾਅ, ਡਰ ਜਾਂ ਕਿਸੇ ਪੱਖਪਾਤ ਨਾਲ ਜ਼ਿਆਦਾ ਦ੍ਰਿੜਤਾ ਨਾਲ ਨਜਿੱਠਿਆ ਜਾਣਾ ਚਾਹੀਦਾ। ਉਨ੍ਹਾਂ ਨੇ ਸਮਾਜ ‘ਚ ਤਣਾਅ ਵਧਾਉਣ ਲਈ ਸੋਸ਼ਲ ਮੀਡੀਆ ਦੀ ਗਲਤ ਵਰਤੋਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਦੇਸ਼ ਨੇ ਹਾਲ ਹੀ ‘ਚ ਮੁਜ਼ੱਫਰਨਗਰ ‘ਚ ਗੜਬੜੀਆਂ ਅਤੇ ਸਾਲ ਦੌਰਾਨ ਹੋਏ ਸੋਸ਼ਲ ਮੀਡੀਆ ਅਤੇ ਐੱਸ. ਐੱਮ. ਐੱਸ. ਦੀ ਗਲਤ ਵਰਤੋਂ ਦੇਖੀ। ਉਨ੍ਹਾਂ ਨੇ ਕਿਹਾ,”ਅਜਿਹੇ ਰਚਨਾਤਕਮ ਹੱਲ ਲੱਭਣ ਦੀ ਜ਼ਰੂਰਤ ਹੈ ਜੋ ਹਰ ਵਿਅਕਤੀ ਦੀ ਆਜ਼ਾਦੀ ਅਤੇ ਸੋਸ਼ਲ ਮੀਡੀਆ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਸੰਚਾਰ ‘ਤੇ ਸੌਖੀ ਤਰ੍ਹਾਂ ਰੋਕ ਨਾ ਲਗਾਏ।”