ਚੰਡੀਗੜ੍ਹ, 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਰੀ ਤਰ੍ਹਾਂ ਨੁਕਸਾਨੀ ਗਈ ਖੂਨੀ ਏਅਰਪੋਰਟ ਸੜਕ ਦੀ ਦਰੁਸਤੀ ਲਈ ਫੌਰੀ ਚੁੱਕੇ ਜਾਣ ਵਾਲੇ ਕਦਮਾਂ ਦਾ ਸੁਝਾਅ ਦੇਣ ਵਾਸਤੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਮੋਹਾਲੀ ਦੀ ਇਸ ਸੜਕ ਦੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ। ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀ ਸਿਫਾਰਿਸ਼ ’ਤੇ ਮੁੱਖ ਮੰਤਰੀ ਨੇ ਕਮੇਟੀ ਨੂੰ ਆਮ ਲੋਕਾਂ ਦੇ ਹਿੱਤਾਂ ਦੇ ਸਬੰਧ ਵਿੱਚ 30 ਦਿਨਾਂ ਦੇ ਵਿੱਚ ਰਿਪੋਰਟ ਪੇਸ਼ ਕਰਨ ਲਈ ਆਖਿਆ। ਇਸ ਕਮੇਟੀ ਵਿੱਚ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ ਬੀ.ਐਸ. ਧਾਲੀਵਾਲ, ਚੀਫ ਇੰਜੀਨੀਅਰ ਨੈਸ਼ਨਲ ਹਾਈਵੇਅ ਪੀ.ਡਬਲਯੂ.ਡੀ. (ਬੀ ਐਂਡ ਆਰ) ਏ. ਕੇ. ਸਿੰਗਲਾ, ਚੀਫ ਇੰਜੀਨੀਅਰ ਗਮਾਡਾ ਸੁਨੀਲ ਕਾਂਸਲ ਅਤੇ ਪ੍ਰਿੰਸੀਪਲ ਸਾਇੰਟਿਸਟ ਅਤੇ ਹੈਡ ਆਫ ਫਲੈਕਸੀਬਲ ਪੇਵਮੈਂਟਸ ਡਿਵੀਜ਼ਨ ਸੈਂਟਰਲ ਰੋਡ ਰਿਸਰਚ ਇੰਸਟੀਚਿਊਟ (ਸੀ.ਆਰ.ਆਰ.ਆਈ.) ਮਨੋਜ ਕੁਮਾਰ ਸ਼ੁਕਲਾ ਸ਼ਾਮਲ ਹਨ। ਇਸ ਸੜਕ ਨੇ ਬਹੁਤ ਸਾਰੀਆਂ ਜਾਨਾਂ ਲਈਆਂ ਹਨ। ਇਸ ਦੇ ਨਿਰਮਾਣ ਨੂੰ ਸਿਰਫ ਦੋ ਸਾਲ ਤੋਂ ਘੱਟ ਸਮਾਂ ਹੋਇਆ ਹੈ ਪਰ ਫਿਰ ਵੀ ਇਹ ਗੱਡੀਆਂ ਚੱਲਣ ਵਾਲੀ ਨਹੀਂ ਰਹੀ ਹੈ। ਗਮਾਡਾ ਨੇ ਪਹਿਲਾਂ ਹੀ ਏਅਰਪੋਰਟ ਚੌਂਕ ਤੋਂ ਲਾਂਡਰਾ-ਬਨੂੜ ਸੜਕ ਟੀ-ਪੋਆਇੰਟ ਤੱਕ ਦੇ ਸਮੁੱਚੇ ਛੇ ਕਿਲੋਮੀਟਰ ਦੇ ਟੋਟੋ ਨੂੰ ਬੰਦ ਕਰ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਸਥਾਪਤ ਕੀਤੀ ਗਈ ਇਹ ਕਮੇਟੀ ਸੀ.ਆਰ.ਆਰ.ਆਈ. ਜਾਂ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਤਕਨੀਕੀ ਜਾਂਚ ਤੋਂ ਅਲੱਗ ਕਾਰਜ ਕਰੇਗੀ। ਮੁੱਖ ਮੰਤਰੀ ਵੱਲੋਂ ਬਣਾਈ ਗਈ ਕਮੇਟੀ ਸੀ.ਆਰ.ਆਰ.ਆਈ. ਵੱਲੋਂ ਦਿੱਤੇ ਗਏ ਸੁਝਾਵਾਂ, ਟੈਸਟ ਨਤੀਜਿਆਂ ਅਤੇ ਰਿਪੋਰਟ ਦਾ ਵਿਸ਼ਲੇਸ਼ਣ ਕਰੇਗੀ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੋਹਾਲੀ ਦੀ ਖੂਨੀ ਏਅਰਪੋਰਟ ਸੜਕ ਦੇ ਉਪਾਅ ਲਈ 30 ਦਿਨਾਂ ਵਿੱਚ ਸੁਝਾਅ ਦੇਣ ਲਈ ਕਮੇਟੀ ਦਾ ਗਠਨ



