Skip to content
Independent perspectives. Global stories.
BREAKING

ਸਿੱਖ ਕੌਮ ਦੇ ਮਹਾ ਮੁਨੀ ਭਾਈ ਲਾਲੋ ਜੀ

Share this story

ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਸਮੇਂ ਨੂੰ ਵਿਦਵਾਨਾਂ ਨੇ ‘ਹਨੇਰ ਗਰਦੀ’ ਦਾ ਜੁਗ ਕਿਹਾ ਹੈ। ਉਸ ਸਮੇਂ ਦੇਸ਼ ਸਮਾਜਿਕਤਾ, ਆਰਥਿਕਤਾ ਤੇ ਰਾਜਨੀਤਕਤਾ ਕੰਗਾਲੀ ਦੇ ਕੰਢੇ ’ਤੇ ਸੀ। ਸਾਰਾ ਦੇਸ਼ ਭੁੱਖ ਗਰੀਬੀ ਦਾ ਸੰਤਾਪ ਭੋਗ ਰਿਹਾ ਸੀ। ਧਾੜਵੀਆਂ ਦੇ ਨਿੱਤ ਦੇ ਹਮਲਿਆਂ ਨੇ ਲੋਕਾਂ ਨੂੰ ਸਤਹੀਣ ਕਰ ਦਿੱਤਾ ਸੀ। ਜਾਬਰ ਦਾ ਜ਼ੁਲਮ ਚਰਮ ਸੀਮਾ ਪਾਰ ਕਰ ਚੁੱਕਿਆ ਸੀ। ਜਾਤ ਪਾਤ ਦਾ ਵਖਰੇਵਾਂ ਪੂਰੇ ਜ਼ੋਰਾਂ ਤੇ ਸੀ। ਲੋਕ ਅਤਿ ਮਾੜੀ ਹਾਲਤ ਵਿਚ ਕੀੜਿਆਂ ਮਕੌੜਿਆਂ ਵਾਂਗ ਜੀਅ ਰਹੇ ਸੀ। ਭਾਈ ਗੁਰਦਾਸ ਜੀ ਅਨੁਸਾਰ:
ਭਈ ਗਿਲਾਨਿ ਜਗਤਿ ਵਿਚਿ ਚਾਰ ਵਰਨਿ ਆਸ੍ਰਮ ਉਪਾਏ। ਵਾਰ 1 ਪਉੜੀ 19ਵੀਂ
ਚਾਰ ਵਰਨਿ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ। ਖਦੀ ਬਖੀਲਿ ਤਕਬਰੀ ਖਿੰਚੋਤਾਣਿ ਕਰੇਨਿ ਧਿਙਾਣੇ। ਵਾਰ ਪਉੜੀ 21ਵੀਂ
ਫਿਰ ਅਕਾਲ ਪੁਰਖ ਨੇ:
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ। ਵਾਰ 1, ਪਉੜੀ 23ਵੀਂ
ਨਿਰੰਕਾਰ ਨੇ ਲੋਕਾਈ ਦੀ ਫਰਿਆਦ ਸੁਣ ਕੇ ਗੁਰੂ ਨਾਨਕ ਦੇਵ ਜੀ ਨੂੰ ਇਸ ਧਰਤੀ ਤੇ ਭੇਜਿਆ। ਬਾਬਾ ਨਾਨਕ ਦੇਵ ਜੀ ਨੇ:
ਪਹਿਲਾ ਬਾਬੇ ਪਾਯਾ ਬਖ਼ਸ਼ ਦਰਿ, ਪਿਛੋਦੇ ਫਿਰਿ ਘਾਲਿ ਕਮਾਈ। ਵਾਰ 1, ਪਉੜੀ 24ਵੀਂ
ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ‘ਜਲਤੀ ਪ੍ਰਿਥਮੀ’ ਦਿਸੀ ਤੇ ਧਰਤ ਨੂੰ ਸੋਚਣ ਲਈ ਉਦਾਸੀ ਬਾਣਾ ਪਹਿਨ ਨੇ ਸੁਲਤਾਨਪੁਰ ਲੋਧੀ ਤੋਂ ਮਰਦਾਨੇ ਦੇ ਹੱਥ ਵਿਚ ਰਬਾਬ ਦੇ ਕੇ ਰਵਾਨਾ ਹੋਏ ਤਾਂ ਸਭ ਤੋਂ ਪਹਿਲਾਂ ਐਮਨਾਬਾਦ ਭਾਈ ਲਾਲੋ ਜੀ ਦੇ ਘਰ ਪੁੱਜੇ। ਭਾਈ ਲਾਲੋ ਜੀ ਇਕ ਕਿਰਤੀ ਤਰਖਾਣ ਸਨ। ਉਸ ਦੇ ਘਰ ਗੁਰੂ ਨਾਨਕ ਦੇਵ ਜੀ 22 ਦਿਨ ਰਹੇ।
ਭਾਈ ਲਾਲੋ ਜੀ ਦਾ ਜਨਮ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਐਮਨਾਬਾਦ ਵਿਖੇ ਭਾਈ ਜਗਤਾ ਜੀ ਦੇ ਘਰ ਮਾਤਾ ਖੇਮੀ ਦੇ ਕੁੱਖੋਂ ਕਰੀਬ 1452 ਈ: ਨੂੰ ਹੋਇਆ। ਆਪ ਜੀ ਘਟੌੜਾ ਗੋਤ ਵਿਚੋਂ ਸਨ। ਐਮਨਾਬਾਦ ਨੂੰ ਸੈਦਪੁਰ ਵੀ ਕਿਹਾ ਜਾਂਦਾ ਹੈ। ਭਾਈ ਲਾਲੋ ਜੀ ਐਮਨਾਬਾਦ ਵਿਖੇ ਆਪਣੀ ਪਤਨੀ ਤੇ ਪੁੱਤਰੀ ਰੱਜੋ ਸਮੇਤ ਰਹਿ ਰਹੇ ਸਨ। ਆਪ ਜੀ ਇਕ ਬਹੁਤ ਸਤਵਾਦੀ ਵਿਅਕਤੀ ਸਨ। ਸੱਚੀ ਸੁੱਚੀ ਰਿਕਤ ਕਰਕੇ, ਨਾਮ ਜਪ ਕੇ ਜੀਵਨ ਗੁਜ਼ਰ ਕਰ ਰਹੇ ਸਨ।
ਜਦੋਂ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਜੀ ਦੇ ਘਰ ਠਹਿਰੇ ਹੋਏ ਸਨ ਤਾਂ ਐਮਨਾਬਾਦ ਦਾ ਹੀ ਮਲਕ ਭਾਗੋ ਹਿੰਦੂ ਖੱਤਰੀ ਜੋ ਕਿ ਸਥਾਨਕ ਪਠਾਣ ਫੌਜਦਾਰ ਦਾ ਮੁਲਾਜ਼ਮ ਸੀ। ਉਸਨੇ ਪੰਡਤਾਂ ਨੂੰ ਸੱਦ ਕੇ ਬ੍ਰਹਮ ਭੋਜ ਕੀਤਾ। ਜਿਸ ਵਿਚ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਬੁਲਾਇਆ। ਮਲਕ ਭਾਗੋ ਦਾ ਬਣਿਆ ਭੋਜਨ ਖਾਣ ਲਈ ਗੁਰੂ ਸਾਹਿਬ ਜੀ ਨਾ ਗਏ। ਜਿਸ ਤੋਂ ਮਲਕ ਭਾਂਗੋ ਚਿੜ ਗਿਆ। ਉਹ ਤੇ ਅੱਗੇ ਹੀ ਸੜਿਆ ਬਲਿਆ ਬੈਠਾ ਸੀ ਕਿ ਇਕ ਨਾਨਕ ਨਾਮੀ ਫਕੀਰ ਗਰੀਬ ਤਰਖਾਣ ਦੇ ਕੱਚੇ ਕੋਠੇ ਵਿਚ ਕਿਉਂ ਰਹਿ ਰਿਹਾ ਹੈ। ਉਸਨੇ ਮੇਰਾ ਮਹਿੰਗਾ ਤੇ ਸਵਾਦਿਸ਼ਟ ਭੋਜਨ ਠੁਕਰਾ ਦਿੱਤਾ ਹੈ। ਮਲਕ ਭਾਗੋ ਨੇ ਪਠਾਣ ਫੌਜਦਾਰ ਦੀ ਸਹਾਇਤਾ ਲਈ ਤੇ ਸੈਨਿਕ ਭੇਜ ਕੇ ਗੁਰੂ ਨਾਂਨਕ ਦੇਵ ਜੀ ਨੂੰ ਬੁਲਾ ਭੇਜਿਆ। ਗੁਰੂ ਜੀ ਨੇ ਮਲਕ ਭਾਗੋ ਦੇ ਉਚੇ ਦਰਜੇ ਦੇ ਬਣੇ ਭੋਜਨ ਦੀ ਥਾਲੀ ਮੰਗਵਾਈ ਤੇ ਆਪਣੇ ਕਿਰਤੀ ਮਿਹਨਤਕਸ਼ ਮੇਜ਼ਬਾਨ ਭਾਈ ਲਾਲੋ ਦੇ ਘਰੋਂ ਬਹੁਤ ਹੀ ਸਾਧਾਰਨ ਰੋਟੀ ਦਾ ਟੁਕੜਾ ਮੰਗਵਾਇਆ।
ਗੁਰੂ ਜੀ ਨੇ ਇਕ ਹੱਥ ਵਿਚ ਪੂੜੀ ਤੇ ਇਕ ਹੱਥ ਵਿਚ ਕੋਧਰੇ ਦੀ ਰੋਟੀ ਫੜ੍ਹ ਕੇ ਘੁੱਟੀ ਤਾਂ ਮਲਕ ਭਾਗੋ ਤੇ ਹੋਰ ਚਸ਼ਮਦੀਦਾਂ ਨੇ ਵੇਖਿਆ ਕਿ ਮਲਕ ਭਾਗੋ ਦੀਆਂ ਪੂੜੀਆਂ ਵਿਚੋਂ ਲਹੂ ਦੀ ਧਾਰ ਨਿਕਲੀ ਤੇ ਭਾਈ ਲਾਲੋ ਜੀ ਦੇ ਗਰੀਬੀ ਦਾਵੇ ਦੀ ਰੋਟੀ ਵਿਚੋਂ ਦੁੱਧ ਦੀ ਧਾਰ ਵਗ ਰਹੀ ਹੈ। ਹੰਕਾਰੀ ਮਲਕ ਭਾਗੋ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਗੁਰੂ ਜੀ ਨੇ ਸਮਝਾਇਆ ‘‘ਵੇਖ, ਭਾਈ ਲਾਲੋ ਦੀ ਕਮਾਈ ਦੀ ਰੋਟੀ ਸੱਚੀ ਸੁੱਚੀ ਕਿਰਤ ਵਿਚੋਂ ਹੈ। ਉਸ ਦੀ ਕਮਾਈ ਦੁੱਧ ਹੈ, ਪਵਿੱਤਰ ਹੈ। ਜਦਕਿ ਤੇਰੀ ਰੋਟੀ ਵਿਚੋਂ ਤੇਰੇ ਜ਼ੁਲਮ ਦੀ ਸਤਾਈ ਲੋਕਾਈਂ ਦਾ ਖੂਨ ਚੋ ਰਿਹਾ ਹੈ। ਤੂੰ ਲੋਕਾਂ ਤੇ ਤਸ਼ੱਦਦ ਕਰਕੇ ਧਨ ਇਕੱਠਾ ਕੀਤਾ ਹੈ।’’ ਇਹ ਕੌਤਕ ਵੇਖ ਕੇ ਗੁਰੂ ਜੀ ਦੀਆਂ ਸਚੀਆਂ ਸੁਣ ਕੇ ਮਲਕ ਭਾਗੋ ਵੀ ਗੁਰੂ ਜੀ ਦਾ ਸਿੱਖ ਬਣ ਗਿਆ। ਇਨ੍ਹੀਂ ਦਿਨੀਂ ਹੀ ਸੈਦਪੁਰ ਤੇ ਬਾਬਰ ਨੇ ਹਮਲਾ ਕਰ ਦਿੱਤਾ। ਕਤਲੋਗਾਰਤ ਤੇ ਲੁੱਟ ਖਸੁੱਟ ਕੀਤੀ। ਲੋਕਾਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਜਿਥੇ ਬਾਕੀ ਲੋਕਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ, ਉਥੇ ਗੁਰੂ ਨਾਨਕ ਦੇਵ ਜੀ ਨੂੰ ਭਾਈ ਲਾਲੋ ਜੀ ਨੂੰ ਵੀ ਜੇਲ੍ਹ ਵਿਚ ਬੰਦ ਕਰ ਦਿੱਤਾ। ਪੀਹਣ ਨੂੰ ਦਾਣੇ ਦਿੱਤੇ ਗਏ। ਗੁਰੂ ਜੀ ਦੇ ਅੱਗੇ ਪਈ ਚੱਕੀ ਤੇ ਪਏ ਦਾਣਿਆਂ ਦੇ ਦ੍ਰਿਸ਼ ਨੂੰ, ਸੰਗਤਾਂ ਇਨ੍ਹਾਂ ਪੰਕਤੀਆਂ ਨਾਲ ਬੋਲ ਕੇ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ ਹਨ:
ਤੱਕਿਆ ਮੈਂ ਬਾਬਰ ਦੇ ਦਰਬਾਰ, ਇਕ ਮਸਤਾਨਾ ਜੋਗੀ। ਬਾਬਰ ਦੇ ਜੇਲ੍ਹਖਾਨੇ, ਪੀਸਣ ਨੂੰ ਮਿਲਦੇ ਦਾਣੇ। ਚੱਕੀ ਤੇ ਬੋਲੇ ਧੰਨ ਨਿਰੰਕਾਰ, ਇਕ ਮਸਤਾਨਾ ਜੋਗੀ। ਤੱਕਿਆ ਮੈਂ ਬਾਬਰ ਦੇ ਦਰਬਾਰ, ਇਕ ਮਸਤਾਨਾ ਜੋਗੀ।
ਜਦੋਂ ਬਾਬਰ ਨੂੰ ਪਤਾ ਲੱਗਾ ਕਿ ਲੋਕਾਂ ਵਿਚ ਅੱਲਾ ਦਾ ਨੂਰ ਬਾਬਾ ਨਾਨਕ ਵੀ ਹੈ। ਜਿਸਦੇ ਸਾਹਮਣੇ ਆਪਣੀ ਤੇ ਕੀ, ਸਾਥੀਆਂ ਦੀਆਂ ਚੱਕੀਆਂ ਵੀ ਆਪਣੇ ਚੱਲ ਰਹੀਆਂ ਹਨ। ਉਸਨੇ ਆ ਕੇ ਦਰਸ਼ਨ ਕੀਤੇ ਤੇ ਗੁਰੂ ਜੀ ਨੂੰ ਮਰਦਾਨੇ ਤੇ ਭਾਈ ਲਾਲੋ ਜੀ ਸਮੇਤ ਬਾਇਜ਼ਤ ਰਿਹਾਅ ਕਰ ਦਿੱਤਾ। ਉਸ ਸਮੇਂ ਬਾਬਰ ਨੇ ਜੋ ਲੋਕਾਂ ਤੇ ਜ਼ੁਲਮ ਕੀਤੇ, ਲੁੱਟ ਕੀਤੀ, ਕਤਲੋਗਾਰਤ ਕੀਤੀ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ‘‘ਮਰਦਾਨਿਆਂ ਰਬਾਬ ਵਜਾਇ, ਬਾਣੀ ਆਈ ਹੈ।’’
ਉਸ ਸਮੇਂ ਗੁਰੂ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਸ਼ਬਦ ਉਚਾਰਨ ਕੀਤਾ:
ਤਿ¦ਗ ਮਹਲਾ 1
ਜੈਸੀ ਮੈ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਕੇ ਲਾਲੋ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥
ਇਸ ਸ਼ਬਦ ਵਿਚ 7 ਵਾਰੀ ਭਾਈ ਲਾਲੋ ਜੀ ਨੂੰ ਸੰਬੋਧਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੇਵਲ ਭਾਈ ਲਾਲੋ ਜੀ ਦਾ ਨਾਮ ਹੈ ਕਿ ਜਿਸ ਦੇ ਨਾਮ ਦਾ ਦੁਹਰਾਉ 7 ਵਾਰ ਗੁਰੂ ਜੀ ਨੇ ਕੀਤਾ। ਇਸਤੋਂ ਸਪਸ਼ਟ ਹੁੰਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਹਿਰਦੇ ਵਿਚ ਭਾਈ ਲਾਲੋ ਜੀ ਲਈ ਕਿੰਨਾ ਵੱਡਾ ਪਿਆਰ ਸੀ। ਦੂਜੇ ਪਾਸੇ ਭਾਈ ਲਾਲੋ ਜੀ ਦੇ ਰੋਮ ਰੋਮ ਵਿਚ ਗੁਰੂ ਪਿਆਰ ਸਮਾਇਆ ਹੋਇਆ ਸੀ।
ਗੁਰੂ ਜੀ ਭਾਈ ਲਾਲੋ ਜੀ ਦੇ ਘਰ 22 ਦਿਨ ਰਹੇ ਤੇ ਹਰ ਰਾਤ ਗੁਰੂ ਜੀ ਲਈ ਮੰਜੀ ਤਿਆਰ ਕਰਕੇ ਵਿਸ਼ਰਾਮ ਕਰਾਉਂਦਾ ਰਿਹਾ। ਕਿੰਨੀਂ ਵੱਡੀ ਗੱਲ ਹੈ ਕਿ ਇਕ ਦਿਨ ਵਿਚ ਮੰਜੀ ਵੀ ਤਿਆਰ ਕਰਨੀ ਹੈ ਤੇ ਰੋਟੀ ਲਈ ਵੀ ਕਿਰਤ ਕਮਾਈ ਕਰਨੀ ਹੈ, ਪਰ ਭਾਈ ਲਾਲੋ ਜੀ ਨੇ ਕੀਤੀ। ਇਹੀ 22 ਮੰਜੀਆਂ ਪਹਿਲਾਂ ਕਰਤਾਰਪੁਰ ਫਿਰ ਖਡੂਰ ਸਾਹਿਬ ਤੇ ਫਿਰ ਗੋਇੰਦਵਾਲ ਪੁੱਜੀਆਂ। ਗੁਰੂ ਅਮਰਦਾਸ ਜੀ ਨੇ 22 ਪ੍ਰਚਾਰਕ ਥਾਪੇ, ਹਰ ਇਕ ਨੂੰ ਮੰਜੀ ਦੀ ਬਖਸ਼ਿਸ਼ ਕੀਤੀ। ਇਹੀ 22 ਮੰਜੀਆਂ ਦੂਰ ਦੁਰਾਡੇ ਸਿੱਖੀ ਦਾ ਪ੍ਰਚਾਰ ਕਰਨ ਲਈ ਮਸੰਦਾਂ ਰਾਹੀਂ ਪੁੱਜ ਗਈਆਂ। ਇੰਨਾਂ ਵਿਚੋਂ ਇਕ ਮੰਜੀ ਗੁਰੂ ਅਮਰਦਾਸ ਜੀ ਨੇ ਭਾਈ ਸੱਚਨ ਸੱਚ ਨੂੰ ਦਿੱਤਾ ਸੀ। ਇਹ ਪਟਿਆਲੇ ਲਾਗੇ ਬਹਾਦਰਗ੍ਹ ਵਾਲੇ ਪਾਸੇ ਪਿੰਡ ਸ਼ਮਸਪੁਰ ਵਿੱਚ ਹੈ।
ਭਾਈ ਲਾਲੋ ਦੇ ਘਰ ਗੁਰੂ ਜੀ ਨੇ ਕੋਧਰੇ ਦੀ ਰੋਟੀ ਖਾਧੀ। ਕੋਧਰਾ ਕਣਕ ਦੇ ਆਟੇ ਦੇ ਚੌਥੇ ਨੰਬਰ ਤੇ ਆਉਂਦਾ ਹੈ। ਪਹਿਲੇ ਨੰਬਰ ਤੇ ਕਣਕ, ਫਿਰ ਜਵਾਰ, ਤੀਜਾ ਬਾਜਰਾ ਤੇ ਚੌਥਾ ਕੋਧਰਾ ਜਿਸ ਨੂੰ ਮੱਡਲ ਵੀ ਕਿਹਾ ਜਾਂਦਾ ਹੈ। ਇਹ ਇਕ ਚਾਰ ਕੁ ਫੁੱਟ ਉਚਾ ਬੂਟਾ ਹੁੰਦਾ ਹੈ ਜਿਸ ਨੂੰ ਦੁੰਬੀਆਂ ਲਗਦੀਆਂ ਹਨ ਤੇ ਉਨ੍ਹਾਂ ਵਿਚ ਬਾਜਰੇ ਵਰਗੇ ਦਾਣੇ ਹੁੰਦੇ ਹਨ। ਜਿਸ ਨੂੰ ਪੀਸ ਕੇ ਲੋਕ ਰੋਟੀ ਤਿਆਰ ਕਰਕੇ ਸੇਵਨ ਕਰਦੇ ਹਨ।
ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦੀ ਗਰੀਬੀ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਦੂਰ ਕਰ ਦਿੱਤੀ ਤੇ ਭਾਈ ਲਾਲੋ ਜੀ ਨੂੰ ਇਸ ਇਲਾਕੇ ਦਾ ਪ੍ਰਚਾਰਕ ਥਾਪਿਆ। ਇਸ ਕਰਕੇ ਭਾਈ ਲਾਲੋ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਕ ਜੰਗ ਦਾ ਵਿਸ਼ਵਾਸਪਾਤਰ ਮੁੱਢਲਾ ਜਰਨੈਲ ਮੰਨਿਆ ਗਿਆ ਹੈ ਜਿਸਨੂੰ ਪਹਿਲੀ ਪ੍ਰਮੁੱਖ ਪ੍ਰਤੀਨਿਧਤਾ ਪ੍ਰਾਪਤ ਹੋਣ ਦਾ ਮਾਣ ਗੁਰੂ ਜੀ ਨੇ ਦਿੱਤਾ।

WRITTEN BY