Skip to content
Independent perspectives. Global stories.
BREAKING

ਗਠਜੋੜ ਬਾਰੇ ਫੈਸਲਾ ਭੈਣ ਜੀ ਕਰਨਗੇ : ਕਸ਼ਯਪ

Share this story

ਅੰਮ੍ਰਿਤਸਰ, 14 ਜੁਲਾਈ (ਨਰਿੰਦਰ ਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਨਰਿੰਦਰ ਕਸ਼ਯਪ ਨੇ ਦੁਹਰਾਇਆ ਹੈ ਕਿ ਭਾਜਪਾ ਦੀ ਲੋਕ ਸਭਾ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਨਰਿੰਦਰ ਮੋਦੀ ਇਕ ਖੇਤਰ ਦਾ ਆਗੂ ਤਾਂ ਹੋ ਸਕਦੈ ਲੇਕਿਨ ਸਮੁਚੇ ਰਾਸ਼ਟਰ ਦਾ ਆਗੂ ਨਹੀਂ ਕਿਹਾ ਜਾ ਸਕਦਾ।
vote
ਸ੍ਰੀ ਕਸ਼ਯਪ ਅੱਜ ਅੰਮ੍ਰਿਤਸਰ ਵਿਖੇ ਇਕ ਪਾਰਟੀ ਸੰਮੇਲਨ ਵਿਚ ਸ਼ਮੂਲੀਅਤ ਕਰਨ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਸ਼ਯਪ ਨੇ ਕਿਹਾ ਕਿ ਪਾਰਟੀ ਨੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਸੂਬੇ ਦੀਆਂ 13 ਸੀਟਾਂ ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸ੍ਰੀ ਕਸ਼ਯਪ ਨੇ ਕਿਹਾ ਕਿ ਦੇਸ਼ ਦੀ ਵਰਤਮਾਨ ਹਾਲਤ ਦੇ ਮੱਦੇ ਨਜਰ ਇਹ ਤਾਂ ਸਾਫ ਹੋ ਚੁਕਾ ਹੈ ਕਿ ਅਗਾਮੀ ਲੋਕ ਸਭਾ ਵਿਚ ਸਿਰਫ ਕਾਂਗਰਸ ਤੇ ਭਾਜਪਾ ਹੀ ਪ੍ਰਮੁਖ ਪਾਰਟੀਆਂ ਦਾਅਵੇਦਾਰ ਨਹੀਂ ਹੋਣਗੀਆਂ ਬਲਕਿ ਸਮਾਜ ਦੇ ਹਰ ਵਰਗ ਦਾ ਖਿਆਲ ਰੱਖਣ ਵਾਲੀਆਂ ਖੇਤਰੀ ਤੇ ਰਾਸ਼ਟਰੀ ਪਾਰਟੀਆਂ ਵੀ ਆਪਣੀ ਭੂਮਿਕਾ ਨਿਭਾਉਣਗੀਆਂ। ਉਨ੍ਹਾ ਕਿਹਾ ਕਿ ਦੇਸ਼ ਵਿਚੋਂ ਨਾ ਤਾਂ ਮਹਿੰਗਾਈ ਖਤਮ ਹੋਈ ਹੈ ਤੇ ਨਾਂ ਹੀ ਭ੍ਰਿਸ਼ਟਾਚਾਰ ਖਤਮ ਕਰਨ ਲਈ ਚੁਕੇ ਗਏ ਕਦਮ ਸਾਰਥਕ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 2014 ਦੀ ਬਜਾਏ 2013 ਵਿਚ ਹੀ ਹੋਣ ਦੀ ਜਿਆਦਾ ਸੰਭਾਵਨਾ ਹੈ ਤੇ ਇਸੇ ਲਈ ਕੇਂਦਰ ਤੇ ਕਾਬਜ ਯੂ.ਪੀ.ਏ.ਸਰਕਾਰ ਨੇ ਲੋਕ ਸਭਾ ਦਾ ਮਾਨਸੂਨ ਸ਼ੈਸ਼ਨ ਜੁਲਾਈ ਮਹੀਨੇ ਦੀ ਬਜਾਏ ਅਗਸਤ ਮਹੀਨੇ ਬੁਲਾਇਆ ਹੈ। ਸ੍ਰੀ ਕਸ਼ਯਪ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਗਠਜੋੜ ਬਾਰੇ ਪਾਰਟੀ ਸੁਪਰੀਮੋ ਭੈਣ ਮਾਇਆਵਤੀ ਹੀ ਦਸ ਤੇ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਚੋਣਾਂ ਤੀਕ ਸੂਬੇ ਵਿਚ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਰਾਬਤਾ ਕਾਇਮ ਕਰੇਗੀ। ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਿਸੇ ਸੰਭਾਵੀ ਉਮੀਦਵਾਰ ਬਾਰੇ ਪੁਛੇ ਜਾਣ ‘ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਕਿਹਾ ਕਿ ਇਸਦਾ ਫੈਸਲਾ ਲੋਕ ਸਭਾ ਹਲਕਾ ਅੰਮ੍ਰਿਤਸਰ ਲਈ ਗਠਿਤ ਪਾਰਟੀ ਪੈਨਲ ਦੀ ਰਿਪੋਰਟ ਦੇ ਅਧਾਰ ‘ਤੇ ਲਿਆ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਕਸ਼ਯਪ, ਪਾਰਟੀ ਦੇ ਸੁਬਾਈ ਕੋ ਆਰਡੀਨੇਟਰ ਸ੍ਰੀ ਪ੍ਰਕਾਸ਼ ਭਾਰਤੀ, ਸੂਬਾ ਪ੍ਰਧਾਨ ਸ੍ਰੀ ਪ੍ਰਕਾਸ਼ ਸਿੰਘ ਜੰਡਾਲੀ, ਰਵਿੰਦਰ ਹੰਸ, ਕਾਮਰੇਡ ਤਰਸੇਮ ਭੋਲਾ, ਸੁਰਜੀਤ ਸਿੰਘ ਭੈਲ, ਹਰਜੀਤ ਸਿੰਘ ਮਹਿਤਾ ਨੇ ਵੀ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।

WRITTEN BY