ਚੰਡੀਗੜ੍ਹ, 17 ਨਵੰਬਰ (ਪੀ. ਟੀ.)-ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨੋਲਾਜੀ (ਨਿਫਟ) ਨੇ ਆਪਣੇ ਵਿਦਿਆਰਥੀਆਂ ਦੀ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕੰਪਨੀਆਂ ਲਈ 100 ਫੀਸਦੀ ਪਲੇਸਮੈਂਟ ਕਰਵਾ ਕੇ ਇਕ ਨਿਵੇਕਲਾ ਮੁਕਾਮ ਹਾਸਲ ਕੀਤਾ ਹੈ ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਵੱਡੇ ਤਨਖਾਹ ਪੈਕੇਜ ‘ਤੇ ਉਚ ਅਹੁਦਿਆਂ ‘ਤੇ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਦੇ ਉਦਯੋਗ ਅਤੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦਾ ਰਾਜ ਨੂੰ ਫੈਸ਼ਨ ਹੱਬ ਵਿਕਸਤ ਕਰਨ ਦਾ ਇਹ ਉਪਰਾਲਾ ਹੈ ਜਿਸ ਵਿੱਚ ਨਿਫਟ ਇਸ ਖੇਤਰ ਵਿੱਚ ਨਵੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਕੇ ਟੈਕਸਟਾਈਲ ਅਤੇ ਕੱਪੜਾ ਸਨਅਤ ਵਿੱਚ ਪੇਸ਼ੇਵਾਰਾਨਾ ਪਹੁੰਚ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਫਟ ਦੇ ਵਿਦਿਆਰਥੀ ਵਿਸ਼ਵ ਪ੍ਰਸਿੱਧ ਬ੍ਰਾਂਡਾਂ ਲਈ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ ਰਿਬਾਕ, ਨੂਮੈਰੋ ਉਨੋ, ਐਡੀਡਾਸ, ਆਰ.ਐਮ.ਐਕਸ. ਜੌਸ, ਕੈਸਕੇਡ ਐਂਟਰਪ੍ਰਾਈਸਿਜ਼, ਵਰਧਮਾਨ ਗਰੁੱਪ, ਓਰੀਐਂਟ ਕਰਾਫਟਸ, ਮੈਟਰਿਕਸ ਕਲੋਦਿੰਗ, ਰੁਪਾਇਨ, ਨਾਹਰ ਗਰੁੱਪ, ਰਿਚਾ ਐਂਡ ਕੰਪਨੀ, ਸੇਵਾ ਐਕਸਪੋਰਟਸ, ਚੀਰ ਸਾਗਰ, ਵਿੰਗਜਫੀਲਡ, ਗਰਾਫਿਟੀ, ਰੈਵਲਜ਼, ਗਿਵੇ ਇੰਟਰਨੈਸ਼ਨਲ, ਬੀ.ਐਲ. ਇੰਟਰਨੈਸ਼ਨਲ ਆਦਿ ਮੁੱਖ ਹਨ। ਵਿਦਿਆਰਥੀ ਇਨ੍ਹਾਂ ਤੋਂ ਇਲਾਵਾ ਘਰੇਲੂ ਬ੍ਰਾਂਡਾਂ ਜਿਵੇਂ ਕਿ ਸਪੋਰਟਕਿੰਗ, ਗਲੋਬਸ, ਮੌਂਟੇਕਾਰਲੋ, ਡਿਊਕ ਫੈਸ਼ਨ, ਬਲੈਕਬੈਰੀ, ਵੀ.ਐਕਸ.ਐਲ. ਟੈਕਨਾਲੋਜੀ ਆਦਿ ਨੂੰ ਵੀ ਆਪਣੀਆਂ ਸੇਵਾਵਾਂ ਮੁਹੱਈਆ ਕਰ ਰਹੇ ਹਨ। ਸ੍ਰੀ ਮਿੱਤਲ ਨੇ ਅੱਗੇ ਦੱਸਿਆ ਕਿ ਦੇਸ਼ ਦੇ ਨਾਮੀ ਫੈਸ਼ਨ ਡਿਜ਼ਾਇਨਰ ਜਿਵੇਂ ਕਿ ਮਨੀਸ਼ ਅਰੋੜਾ, ਅੰਸ਼ੂ ਅਰੋੜਾ ਸੇਨ, ਮੰਜੂ ਅਤੇ ਬੌਬੀ ਗਰੋਵਰ ਆਦਿ ਨਿਫਟ ਦੇ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰ ਰਹੇ ਹਨ। ਨਿਫਟ ਵਿਦਿਆਰਥੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ, ਡਿਜ਼ਾਇਨਰ ਸਟੂਡੀਓ ਖੋਲ੍ਹਣ ਅਤੇ ਨਾਮੀ ਐਕਸਪੋਰਟ ਘਰਾਣਿਆਂ ਲਈ ਕੰਮ ਕਰਨ ਦੀ ਮਾਹਰਤਾ ਵੀ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਫਟ ਦੀ 1995 ਵਿੱਚ ਮੁਹਾਲੀ ਤੋਂ ਸ਼ੁਰੂਆਤ ਕੀਤੀ ਗਈ ਸੀ।