ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਲੋਕਾਂ ਵਿੱਚ ਸਫ਼ਾਈ ਸੰਬੰਧੀ ਚੇਤਨਾ ਪੈਦਾ ਕਰਨ ਲਈ ਇੱਕ ਲੇਖ-ਰਚਨਾ ਮੁਕਾਬਲਾ ਕਰਵਾਇਆ ਗਿਆ । ‘ਸਵੱਛਤਾ ਪਖਵਾੜਾ’ ਅਧੀਨ ਚਲਾਈ ਗਈ ਸਫ਼ਾਈ ਮੁਹਿੰਮ ਪੀਏਯੂ ਦੇ ਵੱਖੋ-ਵੱਖਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ ਅਤੇ ਸਿਹਤ ਲਈ ਸਫ਼ਾਈ ਦੇ ਵਿਸ਼ੇ ਉਪਰ ਆਪਣੇ ਨਿਵੇਕਲੇ ਵਿਚਾਰਾਂ ਨਾਲ ਕਲਮ ਅਜ਼ਮਾਈ ਕੀਤੀ । ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਰਵਿੰਦਰ ਕੌਰ ਧਾਲੀਵਾਲ ਦੀ ਰਹਿਨੁਮਾਈ ਵਿੱਚ ਚਲਾਏ ਗਏ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਪ੍ਰੋਗਰਾਮ ਨੂੰ ਜੁਆਲੋਜੀ ਦੇ ਸਹਿਯੋਗੀ ਪ੍ਰੋਫੈਸਰ ਡਾ. ਦਵਿੰਦਰ ਕੋਚਰ ਅਤੇ ਭਲਾਈ ਅਫ਼ਸਰ ਸ੍ਰੀਮਤੀ ਪ੍ਰਭਜੀਤ ਕੌਰ ਗਿੱਲ ਅਤੇ ਸਤਵੀਰ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਚਲਾਇਆ ਗਿਆ । ਇਸੇ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਵੱਲੋਂ ਵੀ ਦੋ ਹਫ਼ਤਿਆਂ ਦਾ ‘ਸਵੱਛਤਾ ਪਖਵਾੜਾ’ ਮਨਾਇਆ ਗਿਆ । ਕਾਲਜ ਵੱਲੋਂ ਬਣਾਏ ਗਏ ਸਵੱਛਤਾ ਕਲੱਬ ਨੇ ਇਸ ਸਮੁੱਚੇ ਪ੍ਰੋਗਰਾਮ ਦੀਆਂ ਵੱਖੋ-ਵੱਖਰੀਆਂ ਗਤੀਵਿਧੀਆਂ ਚਲਾਈਆਂ । ਲੇਖ-ਰਚਨਾ, ਨਾਅਰੇ ਲਿਖਣਾ ਅਤੇ ਪੋਸਟਰ ਤਿਆਰ ਕਰਨ ਵਰਗੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ । ਹਰਿਆ-ਭਰਿਆ ਕਾਲਜ ਕੈਂਪਸ ਦਿਵਸ ਵੀ ਇਸ ਸਮੁੱਚੇ ਪ੍ਰੋਗਰਾਮ ਦਾ ਹਿੱਸਾ ਰਿਹਾ । ਇਸ ਪ੍ਰੋਗਰਾਮ ਦੀ ਸਮਾਪਤੀ ਵਾਲੇ ਦਿਨ ਡਾ. ਸ੍ਰੀਮਤੀ ਜਤਿੰਦਰ ਕੌਰ ਗੁਲਾਟੀ ਜੋ ਗ੍ਰਹਿ ਵਿਗਿਆਨ ਕਾਲਜ ਦੇ ਡੀਨ ਹਨ ਨੇ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡੇ । ਉਹਨਾਂ ਵਿਦਿਆਰਥੀਆਂ ਦੀ ਸਿਫ਼ਤ ਕਰਦਿਆਂ ਉਹਨਾਂ ਨੂੰ ਪੀਏਯੂ ਕੈਂਪਸ ਨੂੰ ਸਾਫ਼ ਅਤੇ ਹਰਾ ਬਨਾਉਣ ਲਈ ਪ੍ਰੇਰਿਆ।
ਸ੍ਰੀਮਤੀ ਸਤਵੀਰ ਕੌਰ ਨੇ ਸਾਫ਼ ਅਤੇ ਹਰੇ ਵਾਤਾਵਰਨ ਉਪਰ ਲੈਕਚਰ ਦਿੱਤਾ । ਉਹਨਾਂ ਕਿਹਾ ਕਿ ਆਪਣਾ ਆਲਾ-ਦੁਆਲਾ ਸਾਫ਼ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਅਤੇ ਸਰੀਰ ਨੂੰ ਸਾਫ਼ ਰੱਖੀਏ ।



