Skip to content
Independent perspectives. Global stories.
BREAKING

ਇਤਿਹਾਸਕ ਜੋੜ ਮੇਲਾ ‘ਗੁਰੂ ਕੀ ਢਾਬ’ ਦੇ ਇਤਿਹਾਸ ’ਤੇ ਇੱਕ ਝਾਤ

Share this story

ਸਾਡਾ ਪੰਜਾਬ ਪੂਰੇ ਸੰਸਾਰ ਵਿੱਚ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਵਜੋਂ ਪ੍ਰਸਿੱਧ ਹੈ, ਇੱਥੇ ਪੂਰਾ ਸਾਲੀ ਹੀ ਕਿਤੇ ਨਾਂ ਕਿਤੇ ਕੋਈ ਨਾਂ ਕੋਈ ਧਾਰਮਿਕ, ਸ਼ਹੀਦੀ, ਸਭਿਆਚਾਰਕ ਆਦਿ ਮੇਲੇ ਲਗਦੇ ਹੀ ਰਹਿੰਦੇ ਹਨ। ਇਹਨਾਂ ਵਿੱਚੋਂ ਜੈਤੋ-ਮਾਲਵੇ ਵਿਚ ਲੱਗਣ ਵਾਲੇ ਵੱਡੇ ਅਤੇ ਇਤਿਹਾਸਕ ਜੋੜ ਮੇਲਿਆਂ ਵਿਚ ਜੈਤੋ ਨੇੜੇ ਪਿੰਡ ਗੁਰੂ ਕੀ ਢਾਬ ਵਿਖੇ ਮਨਾਏ ਜਾਣ ਵਾਲੇ ਜੋੜ ਮੇਲੇ ਦੀ ਆਪਣੀ ਵਿਸ਼ੇਸ਼ ਧਰਮਿਕ, ਸਮਾਜਿਕ, ਇਤਿਹਾਸਕ ਅਤੇ ਰਾਜਨੀਤਕ ਮਹੱਤਤਾ ਹੈ। ਇਹ ਸਥਾਨ ਜੈਤੋ-ਕੋਟਕਪੂਰਾ ਸੜਕ ਤੇ ਜੈਤੋ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਿਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।
‘ਸੂਰਜ ਪ੍ਰਕਾਸ਼’ ਗ੍ਰੰਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਕੋਟਕਪੂਰਾ ਤੋਂ ਖਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਸੰਗਤ ਸਮੇਤ ਇਸ ਸਥਾਨ ਤੇ ਮੌਜੂਦ ਸ਼ਰੀਂਹ ਦੇ ਇਕ ਵੱਡੇ ਦਰੱਖਤ ਹੇਠਾਂ ਆ ਕੇ ਬੈਠ ਗਏ। ਸਾਰੀ ਸੰਗਤ ਆਰਾਮ ਕਰ ਰਹੀ ਸੀ ਕਿ ਸ਼ਰੀਂਹ ਦੇ ਦਰੱਖਤ ਵਿਚੋਂ ਇਕ ਵਿਅਕਤੀ ਨਿਕਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਨੇ ਉਸ ਦਾ ਨਾਂ ਲੈ ਕੇ ਕਿਹਾ ‘ਰਾਜ਼ੀ ਹੈਂ ਹੁਸੈਨ ਮੀਆਂ’ ਤਾਂ ਉਹ ਵਿਅਕਤੀ ਗੁਰੂ ਜੀ ਦੇ ਮੁੱਖ ਚੋਂ ਆਪਣਾ ਨਾਂ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਿਆ ‘ਆਪ ਜੀ ਦੇ ਦਰਸ਼ਨਾਂ ਦੀ ਬੜੇ ਚਿਰ ਤੋਂ ਤਾਂਘ ਸੀ। ਅੱਜ ਤੁਹਾਡਾ ਦੀਦਾਰ ਕਰਕੇ ਮੈਨੂੰ ਅਥਾਹ ਪ੍ਰਸੰਨਤਾ ਹੋਈ ਹੈ। ਮੈਨੂੰ ਲੱਗਦਾ ਜਿਵੇਂ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੋਵੇ ਅਤੇ ਮੇਰਾ ਕਲਿਆਣ ਹੋ ਗਿਆ ਹੋਵੇ।’ ਏਨਾ ਕਹਿ ਕੇ ਉਹ ਵਿਅਕਤੀ ਉਥੋਂ ਚਲਿਆ ਗਿਆ। ਬਾਅਦ ਵਿਚ ਸਿੱਖ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਮਹਾਰਾਜ! ਇਹ ਸੁੰਦਰ ਸਰੂਪ ਵਾਲਾ ਵਿਅਕਤੀ ਕੌਣ ਸੀ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਇਕ ਸ਼ਹੀਦ ਸੀ ਜੋ ਕਿਸੇ ਵਿਘਨ ਕਾਰਨ ਮੁਕਤੀ ਪ੍ਰਾਪਤ ਨਹੀਂ ਸੀ ਕਰ ਸਕਿਆ ਅਤੇ ਅੱਜ ਇਸ ਦੀ ਮੁਕਤੀ ਹੋ ਗਈ ਹੈ। ‘ਸੂਰਜ ਪ੍ਰਕਾਸ਼’ ਵਿਚ ਇਸ ਸਥਾਨ ਨੂੰ ‘ਦੋਦਾ ਤਾਲ’ ਦਾ ਨਾਂ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਤੀਰਥ ਅਸਥਾਨ ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ।
ਇਸ ਇਤਿਹਾਸਕ ਸਥਾਨ ਉਪਰ ਸਿੱਖ ਸ਼ਰਧਾਲੂਆਂ ਵੱਲੋਂ ਇਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ। ਇਥੇ ਅੱਠ ਚੁੰਡਾ ਸਰੋਵਰ ਹੈ ਅਤੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇਥੇ ਇਸ਼ਨਾਨ ਕਰਨ ਨਾਲ ਅਠਰਾਹ ਦੀ ਬੀਮਾਰੀ ਦੂਰ ਹੋ ਜਾਂਦੀ ਹੈ। ਇਥੇ ਮਨਾਇਆ ਜਾਣ ਵਾਲਾ ਜੋੜ ਮੇਲਾ ਹਰ ਸਾਲ ਇਕ 31 ਭਾਦੋਂ ਨੂੰ ਸ਼ੁਰੂ ਹੁੰਦਾ ਹੈ ਅਤੇ ਤਿੰਨ ਅੱਸੂ ਨੂੰ ਪੂਰੇ ਸਿਖਰਾਂ ਤੇ ਹੁੰਦਾ ਹੈ , ਜਦੋਂ ਹਜਾਰਾਂ ਦੀ ਗਿਣਤੀ ਵਿਚ ਦੂਰੋਂ ਨੇੜਿਓਂ ਪਹੁੰਚੇ ਸ਼ਰਧਾਲੂ ਇਥੇ ਮੱਥਾ ਟੇਕਦੇ ਹਨ ਅਤੇ ਇਸ਼ਨਾਨ ਕਰਦੇ ਹਨ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ‘ਗੁਰੂ ਕੀ ਢਾਬ’ ਦਾ ਸਲਾਨਾ 5 ਦਿਨਾਂ ਜੋੜ ਮੇਲਾ ਇਸ ਸਾਲ ਵੀ 15 ਸਤੰਬਰ (ਦਿਨ ਸ਼ੁੱਕਰਵਾਰ) ਤੋਂ ਪੂਰੀ ਸ਼ਾਨੋ-ਸ਼ੋਕਤ ਨਾਲ ਸ਼ੁਰੂ ਹੋਵੇਗਾ ਅਤੇ 19 ਸਤੰਬਰ ਤੱਕ ਚੱਲੇਗਾ। ਇਥੇ ਦੀਵਾਨ ਸਜਦੇ ਹਨ ਅਤੇ ਢਾਡੀ ਜੱਥੇ ਸਿੱਖ ਇਤਿਹਾਸ ਦੀਆਂ ਵਾਰਾਂ ਅਤੇ ਕਵੀਸ਼ਰੀ ਪੇਸ਼ ਕਰਦੇ ਹਨ। ਤਿੰਨ ਅੱਸੂ ਨੂੰ ਇਥੇ ਕੀਤੀ ਜਾਂਦੀ ਰਾਜਸੀ ਕਾਨਫਰੰਸ ਵੀ ਇਸ ਮੇਲੇ ਦੀ ਰੌਣਕ, ਸ਼ਾਨ ਅਤੇ ਮਹੱਤਤਾ ਵਿਚ ਵਾਧਾ ਕਰਦੀ ਹੈ। ਮੇਲੇ ਦੌਰਾਨ ਪਿੰਡ ਵਾਸੀਆਂ ਵਿਚਲਾ ਚਾਅ ਅਤੇ ਉਨ੍ਹਾਂ ਦੀ ਪ੍ਰਾਹੁਣਾਚਾਰੀ ਵੇਖਣਯੋਗ ਹੁੰਦੀ ਹੈ। ਇਸ ਮੇਲੇ ਦੌਰਾਨ ਵੱਖ ਵੱਖ ਖੇਡਾਂ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਦੂਰੋਂ ਨੇੜੇ ਦੇ ਪਿੰਡਾਂ ਤੋਂ ਬੱਚੇ, ਨੌਜਵਾਨ, ਬਜੁਰਗ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ, ਟਰੱਕਾਂ,ਬੱਸਾਂ, ਕਾਰਾਂ, ਮੋਟਰ ਸਾਈਕਲਾਂ ਆਦਿ ਤੇ ਇਸ ਮੇਲੇ ਦਾ ਆਨੰਦ ਲੈਣ ਲਈ ਆਉਂਦੇ ਹਨ। ਇਸ ਮੇਲੇ ਦੀਆਂ ਤਿਆਰੀਆਂ ਮਹੀਨਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ।

WRITTEN BY