ਫਰੀਦਕੋਟ, 14 ਸਤੰਬਰ (ਗੁਰਜੀਤ ਰੋਮਾਣਾ)-12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ 19 ਤੋਂ 23 ਸਤੰਬਰ ਤਕ ਫਰੀਦਕੋਟ ਸਭਿਆਚਾਰਕ ਸੋਸਾਇਟੀ ਅਤੇ ਚੇਅਰਮੈਨ ਪ੍ਰਬੰਧਕ ਕਮੇਟੀ ਟਿਲਾ ਬਾਬਾ ਫਰੀਦ ਅਤੇ ਹੋਰ ਸੰਸਥਾਵਾਂ ਵਲੋਂ ਇਸ ਸਾਲ ਵੀ ਪੂਰਨ ਸ਼ਰਧਾਂ ਨਾਲ ਮਨਾਇਆ ਜਾ ਰਿਹਾ ਹੈ । ਇਸ ਮੇਲੇ ਦੌਰਾਨ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿਕਤ ਨਾ ਆਵੇ ਸਬੰਧੀ ਲੋਕਾਂ ਦੀ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਸੀਨੀਆਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਦਿਤੀ ।ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਮੇਲੇ ਦੌਰਾਨ ਗੈਰ ਸਮਾਜਿਕ ਅਨਸਰਾਂ ਤੇ ਪੂਰੀ ਤਰ੍ਹਾਂ ਨਕੇਲ ਕਸੀ ਜਾਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਤੋੜਣ ਅਤੇ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਮੇਲੇ ‘ਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਦੀ ਸੁਰਖਿਆ ਆਦਿ ਲਈ ਦਿਨ ਰਾਤ ਦੇ ਇੰਤਜ਼ਾਮ ਕੀਤੇ ਗਏ ਹਨ ਅਤੇ 24 ਘੰਟੇ ਗਸ਼ਤ ਨਾਕਾ ਬੰਦੀਆ ਨਾਲ ਸ਼ਹਿਰ ਸੀਲ ਕੀਤਾ ਜਾਵੇਗਾ । ਉਨ੍ਹਾਂ ਦਸਿਆ ਸ਼ਹਿਰ ਨੂੰ ਪੂਰਨ ਤੇ ਸੁਰਖਿਅਤ ਕਰਨ ਦੇ ਮਕਸਦ ਨਾਲ ਹੋਰਨਾ ਜ਼ਿਲ੍ਹਿਆਂ ਤੋਂ ਵੀ ਅਧਿਕਾਰੀਆਂ ਦੀ ਡਿਊਟੀਆਂ ਲਗਵਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ 8 ਕਪਤਾਨ ਪੁਲਿਸ, 19 ਉਪ ਕਪਤਾਨ ਪੁਲਿਸ, 28 ਇੰਸਪੈਕਟਰ ਅਤੇ 169 ਸਹਾਇਕ ਇੰਸਪੈਕਟਰ ਡਿਊਟੀ ਨਿਭਾਉਣਗੇ । ਇਸ ਤੋਂ ਇਲਾਵਾ 6 ਮਹਿਲਾ ਪੁਲਿਸ ਇੰਸਪੈਕਟਰ, 246 ਮਹਿਲਾ ਪੁਲਿਸ ਕਾਂਸਟੇਬਲਾਂ ਤੋਂ ਇਲਾਵਾ 1173 ਪੁਲਿਸ ਕਰਮਚਾਰੀ ਮੇਲੇ ਦੌਰਾਨ ਲੋਕਾਂ ਦੀ ਸੁਰਖਿਆ ਲਈ ਕੰਮ ਕਰਨਗੇ। ਡਾ. ਨਾਨਕ ਨੇ ਸ਼ਹਿਰ ਦੇ ਟਰੈਫਿਕ ਸਬੰਧ ਗਲ ਕਰਦਿਆਂ ਦਸਿਆ ਕਿ ਸ਼ਹਿਰ ਦੀਆਂ 12 ਵਾਹਨ ਪਾਰਕਿੰਗ ਲਈ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ । ਜਿਸ ‘ਚ ਗੁਰਦੁਆਰਾ ਮਾਈ ਗੋਦੜੀ ਸਾਹਿਬ ਨੇੜੇ ਤਾਜ ਪੈਲੇਸ, ਸ਼ੂਗਰ ਮਿਲ, ਬਾਬਾ ਫਰੀਦ ਸਭਿਆਚਾਰਕ ਕੇਂਦਰ, ਬ੍ਰਿਜਿੰਦਰਾ ਕਾਲਜ ਅਤੇ ਹਾਕੀ ਗਰਾਊਂਡ ਵਾਲੀ ਜਗ੍ਹਾਂ, ਨਹਿਰੂ ਸਟੇਡੀਅਮ, ਜਿਮਨੇਜੀਅਮ ਹਾਲ, ਖੇਤੀਬਾੜੀ ਦਫਤਰ , ਪੰਚਵਟੀ ਮੰਦਰ, ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ, ਨਵੀਂ ਦਾਣਾ ਮੰਡੀ, ਕਮਲਾ ਨਹਿਰੂ ਜੈਨ ਸਕੂਲ ਅਤੇ ਦਰਬਾਰ ਗੰਜ ਰੈਸਟ ਹਾਉੂਸ ਵਿਖੇ ਜਨਤਕ ਵਾਹਨਾਂ ਦੀ ਪਾਰਕਿੰਗ ਹੋਵੇਗੀ। ਇਸ ਮਕਸਦ ਲਈ 123 ਟਰੈਫਿਕ ਅਧਿਕਾਰੀ/ ਮੁਲਾਜ਼ਮ ਟਰੈਫਿਕ ਨੂੰ ਕੰਟਰੋਲ ਕਰਨਗੇ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਲੋਕਾਂ ਦੀ ਸਹਾਇਤਾ ਲਈ 6 ਸਹਾਇਤਾ ਕੇਂਦਰ ਬਣਾਏ ਜਾਣਗੇ ਜੋ ਸ਼ਰਧਾਲੂਆਂ ਦੀ ਹਰ ਸੰਭਵ ਮਦਦ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰਖਿਆ ਲਈ 10 ਪੈਟਰੋਲਿੰਗ ਪਾਰਟੀਆਂ ਦਿਨ ਰਾਤ ਗਸ਼ਤ ਕਰਨਗੀਆਂ ।
ਬਾਬਾ ਫਰੀਦ ਮੇਲੇ ਦੌਰਾਨ ਸ਼ਹਿਰ ਦੀ ਸੁਰਖਿਆ ਲਈ 1727 ਕਰਮਚਾਰੀ ਤਾਇਨਾਤ ਹੋਣਗੇ : ਐਸ.ਐਸ.ਪੀ. ਡਾ. ਨਾਨਕ



