ਅੱਜ ਸਮਾਜ ਵਿੱਚ ‘ਜੱਗ ਦਿਖਾਵੇ’ ਦਾ ਪ੍ਰਚਲਣ ਜ਼ੋਰਾਂ ’ਤੇ ਹੈ। ਲੋਕ ਜੱਗ ਨੂੰ ਵਿਖਾਉਣ ਲਈ ਜ਼ਿਆਦਾ ਕੰਮ ਕਰਦੇ ਹਨ। ਖੁਸ਼ੀ ਅਤੇ ਗਮੀ ’ਤੇ ਸ਼ਰੀਕ ਹੋਣਾ ਵੀ ਜ਼ਿਆਦਾਤਰ ਲੋਕਾਂ ਲਈ ਜੱਗ ਦਿਖਾਵਾ ਹੀ ਹੁੰਦਾ ਹੈ। ਕਿਸੇ ਘਰ ਬਜ਼ੁਰਗ ਦੀ ਮੌਤ ’ਤੇ 80ਫੀਸਦੀ ਮੌਤ ਮਹਿਜ ਰਸਮੀ ਤੌਰ ’ਤੇ ਅਫਸੋਸ ਪ੍ਰਗਟ ਕਰਨ ਜਾਂ ਹਾਜ਼ਰੀ ਲਵਾਉਣ ਹੀ ਪਹੁੰਚਦੇ ਹਨ। ਕਈ ਸਖ਼ਸ਼ ਤਾਂ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਸੋਗਮਈ ਮੂੰਹ ਬਣਾਉਣ ’ਚ ਵੀ ਵਾਹਵਾ ਦਿੱਕਤ ਆਉਂਦੀ ਹੈ। ਬਹੁਤ ਸਾਰੇ ਬੰਦੇ ਅਜਿਹੇ ਵੀ ਹੁੰਦੇ ਹਨ ਜੋ ਭੀਖਮਈ ਹੁੰਦੇ ਹਨ। ਮੇਰੇ ਇਕ ਦੋਸਤ ਦੀ ਰਿਸ਼ਤੇਦਾਰੀ ਵਿੱਚ ਕਿਸੇ ਬਜ਼ੁਰਗ ਦੀ ਮੌਤ ਹੋ ਗਈ। ਮੈਂ ਉਸ ਨੂੰ ਆਪਣੀ ਪਤਨੀ ਨੂੰ ਕਹਿੰਦੇ ਸੁਣਿਐ ‘‘ਚੱਲ, ਉਠ, ਬੁੜੇ ਦਾ ਅਫਸੋਸ ਕਰ ਆਈਏ। ਜੱਗ ਵਿਖਾਵਾ ਵੀ ਤਾਂ ਕਰਨਾ ਪੈਂਦੇ ਨਾਲੇ ਆਪਣੇ ਵੀ ਤਾਂ ਹੀ ਕੋਈ ਆਉ ਜੇ ਆਪਾਂ ਦੁੱਖ-ਸੁੱਖ ’ਚ ਜਾਵਾਂਗੇ।’’
ਮੈਂ ਉਸ ਦੀ ਅਵਾਜ਼ ਸੁਣਕੇ ਬਾਹਰੋਂ ਹੀ ਮੁੜ ਗਿਆ ਸੀ ਤਾਂ ਕਿ ਜਿਹੜੇ ਕੰਮ ਉਹ ਚੱਲੇ ਸੀ ਉਹ ਕਰ ਆਉਣ ਤਾਂ ਚੰਗਾ ਹੀ ਹੈ।
ਸਮਾਜ ਵਿੱਚ ਵਿਚਰਦੇ ਹੋਏ ਕਈ ਗੱਲਾਂ ਅਜਿਹੀਆਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਕਾਰਨ ‘ਜੱਗ ਦਿਖਾਵਾ’ ਕਰਨ ਵਾਲੇ ਲੋਕਾਂ ਨੂੰ ਸਵਾਦ ਲੈਣ ਦਾ ਮੌਕਾ ਮਿਲ ਜਾਂਦਾ ਹੈ। ਇਕ ਵਾਰ ਕਹਿੰਦੇ ਕਹਾਉਂਦੇ ਸਰਦਾਰਾਂ ਦੀ ਕੁੜੀ ਨੇ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਘਰੋਂ ਭੱਜ ਕੇ ਕਿਸੇ ਜਾਤ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ। ਕੁੜੀ ਦੇ ਮਾਪਿਆਂ ਨੇ ਪੁਲਿਸ ਕੇਸ ਕਰ ਦਿੱਤਾ ਜਾਂ ਕਹੋ ਕਿ ਕੁੱਝ ਲੋਕਾਂ ਨੇ ਚੱਕ ਚੁਕਾ ਕੇ ਕਰਵਾ ਦਿੱਤਾ। ਅਜਿਹੇ ਮੌਕੇ ਜਿਹੜੇ ਹਮਦਰਦ ਕੁੜੀ ਦੇ ਮਾਪਿਆਂ ਦੇ ਨਾਲ ਥਾਣੇ ਗੇੜੇ ਮਾਰਦੇ ਰਹੇ ਸਨ ਉਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਅੰਦਰੋ-ਅੰਦਰੀ ਖੁਸ਼ ਸਨ ਅਤੇ ਆਪਣੇ ਰਿਸ਼ਤੇਦਾਰਾਂ ਦੀ ਸਮਾਜ ’ਚ ਹੋਈ ਹੇਠੀ ਨੂੰ ਵੇਖਕੇ ਚੁਸਕੀਆਂ ਲੈ ਰਹੇ ਸਨ। ਇਸੇ ਤਰ੍ਹਾਂ ਕਈ ਵਾਰ ਦਾਜ ਕਾਰਨ ਹੋਈਆਂ ਲੜਾਈਆਂ ਅਤੇ ਝਗੜਿਆਂ ਤੋਂ ਬਾਅਦ ਪੁਲਿਸ ਕੋਲ ਆਈ ਪੰਚਾਇਤ ਵਿੱਚ ਸ਼ਾਮਲ ਲੋਕਾਂ ਵਿੱਚ ਵੀ ਜੱਗ ਦਿਖਾਵੇ ਵਾਲੇ ਹਮਦਰਦ ਹੁੰਦੇ ਹਨ। ਕਈ ਹਮਦਰਦ ਤਾਂ ਅਜਿਹੇ ਹੁੰਦੇ ਹਨ ਜਿਹੜੇ ਚਾਹੁੰਦੇ ਹਨ ਕਿ ਮੁੰਡਾ-ਕੁੜੀ ਦਾ ਤਲਾਕ ਹੋਵੇ ਅਤੇ ਸਮਝੌਤਾ ਹੁੰਦਾ ਵੇਖਕੇ ਕੋਈ ਨਾ ਕੋਈ ਅੜਚਣ ਡਾਹ ਦਿੰਦੇ ਹਨ। ਇਕ ਵਾਰ ਅਜਿਹੇ ਕੇਸ ਵਿੱਚ ਗੱਲ ਸਿਰੇ ਲੱਗਣ ਲੱਗੀ ਸੀ ਕਿ ਕੁੜੀ ਵਾਲੀ ਪੰਚਾਇਤ ’ਚੋਂ ਇਕ ਬੁੜਾ ਬੋਲਿਆ, ‘‘ਠੀਕ ਹੈ, ਅਸੀਂ ਆਪਣੀ ਕੁੜੀ ਲੈ ਜਾਂਦੇ ਹਾਂ। ਸਾਡੀ ਕੁੜੀ ਤੁਹਾਡੇ ਘਰ ਛੇ ਮਹੀਨੇ ਰਹੀ ਹੈ। ਤੁਸੀਂ ਇਉਂ ਕਰੋ ਆਪਣੇ ਘਰ ਦੀ ਇਕ ਕੁੜੀ ਛੇ ਮਹੀਨੇ ਲਈ ਸਾਡੇ ਨਾਲ ਤੋਰ ਦੇਵੋ’’ ਬਸ ਫਿਰ ਕੀ ਸੀ। ਝਗੜਾ ਗਾਲੀ ਗਲੋਚ ’ਚ ਤਬਦੀਲ ਹੋ ਗਿਆ ਅਤੇ ਅਸੀਂ ਗਾਲੀ-ਗਲੋਚ ਲੜਾਈ ’ਚ। ‘ਤੀਲੀ ਲਾ ਕੇ ਡੱਬੂ ਕੰਧ ’ਤੇ। ਬੁੜਾ ਖਿਸਕ ਚੁੱਕਾ ਸੀ। ਅੰਦਰੋਂ ਅੰਦਰ ਖੁਸ਼ ਸੀ ਕਿ ਉਸ ਨੇ ਆਪਣਾ ਕੰਮ ਸਫ਼ਲਤਾ ਨਾਲ ਮੁਕਾ ਦਿੱਤਾ ਸੀ।
ਕਿਸੇ ਰਿਸ਼ਤੇਦਾਰ ਅਤੇ ਭੈਣ-ਭਰਾ ਦੀ ਖੁਸ਼ੀ ਵਿੱਚ ਦਿਲੋਂ ਸ਼ਾਮਲ ਹੋਣਾ ਅੱਜ ਕੱਲ੍ਹ ਵੱਡੇ ਜਿਗਰੇ ਦਾ ਕੰਮ ਬਣ ਗਿਆ। ਬਹੁਤ ਵਾਰ ਵਿਆਹ, ਸ਼ਾਦੀਆਂ, ਸ਼ਗਨਾਂ, ਬੱਚੇ ਦੇ ਜੰਮਣ ਦੇ ਜਸ਼ਨਾਂ ਅਤੇ ਨੌਕਰੀਆਂ ਵਿੱਚ ਤਰੱਕੀਆਂ ਦੇ ਜਸ਼ਨਾਂ ਵਿੱਚ ਸ਼ਾਮਲ ਲੋਕਾਂ ਵਿੱਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜੋ ਮਹਿਜ ਹਾਜ਼ਰੀ ਲਵਾਉਣ ਲੋਕ ਲਾਜ ਰੱਖਣ ਅਤੇ ਜੱਗ ਵਿਖਾਵਾ ਕਰਨ ਆਉਂਦੇ ਹਨ। ਸਿਰਫ ਨੇੜੇ ਦੇ ਰਿਸ਼ਤੇਦਾਰ ਅਤੇ ਨੇੜੇ ਦੇ ਦੋਸਤ ਮਿੱਤਰ ਹੀ ਦਿਲੋਂ ਖੁਸ਼ੀ ਮਨਾਉਂਦੇ ਨਜ਼ਰ ਪੈਂਦੇ ਹਨ। ਨੇੜੇ ਦੇ ਰਿਸ਼ਤੇਦਾਰਾਂ ’ਚ ਵੀ ਜ਼ਰੂਰੀ ਨਹੀਂ ਕਿ ਖੂਨ ਦੇ ਰਿਸ਼ਤੇ ਵੀ ਦਿਲੋਂ ਖੁਸ਼ੀ ’ਚ ਸ਼ਾਮਿਲ ਹੋਣ। ਭੈਣ-ਭਰਾ ਕਦੋਂ ਸ਼ਰੀਕ ਬਣ ਜਾਂਦੇ ਹਨ ਪਤਾ ਹੀ ਨਹੀਂ ਲਗਦਾ। ਮੈਂ ਸਕੇ ਭੈਣ-ਭਰਾਵਾਂ ਵਿੱਚ ਵੀ ‘ਜੱਗ ਦਿਖਾਵੇ’ ਦੀ ਬਿਰਤੀ ਦੇਖੀ ਹੈ। ਜਿਥੇ ਇਹ ਜੱਗ ਦਿਖਾਵਾ ਕਿ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਉਥੇ ਅਜਿਹਾ ਹੀ ਜੱਗ ਦਿਖਾਵਾ ਸਮਾਗਮ ਰਚਾਉਣ ਵਾਲੇ ਲੋਕ ਵੀ ਕਰਦੇ ਨਜ਼ਰੀਂ ਪੈਂਦੇ ਹਨ। ਭਾਈਚਾਰੇ ਅਤੇ ਰਿਸ਼ਤੇਦਾਰਾਂ ’ਚ ਨੱਕ ਰੱਖਣ ਲਈ ਅਸੀਂ ਵਿਆਹਾਂ, ਸ਼ਾਦੀਆਂ, ਭੋਗਾਂ ਅਤੇ ਹੋਰ ਸਮਾਗਮਾਂ ’ਤੇ ਵਿੱਤੋਂ ਵੱਧ ਖਰਚ ਕਰਦੇ ਹਾਂ ਅਤੇ ਕਈ ਵਿਅਕਤੀ ਤਾਂ ਵਿਖਾਵੇ ਖਾਤਰ ਕਰਜ਼ਈ ਹੋ ਜਾਂਦੇ ਹਨ। ਅਜਿਹੀ ਬਿਰਤੀ ਨੂੰ ਰੋਕਣ ਦੀ ਲੋੜ ਹੈ।
‘ਜੱਗ ਦਿਖਾਵੇ’ ਦੀ ਥਾਂ ਜੋ ਕਰੋ ਦਿਲੋਂ ਕਰੋ ਤਾਂ ਨਿਸ਼ਚਤ ਤੌਰ ’ਤੇ ਤੁਹਾਨੂੰ ਵੀ ਖੁਸ਼ੀ ਅਤੇ ਤਸੱਲੀ ਮਿਲੇਗੀ ਅਤੇ ਤੁਹਾਡੇ ਮੇਜ਼ਬਾਨ ਨੂੰ ਵੀ।
ਜੱਗ ਦਿਖਾਵੇ ਦਾ ਦੌਰ ਹੈ ਇਹ



