ਨਵੀਂ ਦਿੱਲੀ, 1 ਨਵੰਬਰ (ਪੀ. ਟੀ.)-1984 ਵਿਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੀ ਯਾਦ ਵਿਚ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਹੀਦਾ ਦੇ ਨਮਿਤ ਅਰਦਾਸ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸੰਗਤਾ ਨੂੰ ਸੰਬੋਧਿਤ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਸਰਕਾਰ ਵਲੋਂ 1984 ਦੇ ਕਾਤਿਲਾਂ ਨੂੰ ਬਚਾਉਣ ਵਾਸਤੇ ਕੀਤੀ ਜਾ ਰਹੀ ਸਾਜਿਸ਼ ਦੇ ਆਧਾਰ ਤੇ ਦੇਸ਼ ਵਿਚ ਦੋ ਕਾਨੂੰਨ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਕ ਪਾਸੇ ਗੁਜਰਾਤ ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਐਸ.ਆਈ.ਟੀ. ਸੁਪਰੀਮ ਕੋਰਟ ਨੇ ਤੁਰੰਤ ਬਣਾਈ ਸੀ, ਪਰ 30 ਸਾਲ ਬੀਤਣ ਤੋਂ ਬਾਅਦ ਵੀ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਸਰਕਾਰ ਕਾਤਿਲਾਂ ਨੂੰ ਵਜੀਰੀਆਂ ਦੇ ਰਹੀ ਹੈ। ਜੀ.ਕੇ. ਨੇ ਇਨਸਾਫ ਦੀ ਇਸ ਲੜਾਈ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਹਰ ਪੱਖੋ ਜਾਰੀ ਰਖਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਲੜਾਈ ਕੌਮ ਦੀ ਲੜਾਈ ਹੈ ਤੇ ਸੰਤਾਪ ਭੋਗ ਰਹੇ ਪਰਿਵਾਰਾਂ ਨੂੰ ਦਿੱਲੀ ਕਮੇਟੀ ਵਲੋਂ ਪੈਂਸ਼ਨ, ਰਾਸ਼ਨ, ਜੀਵਨ ਬੀਮਾ, ਅਤੇ ਸੇਹਤ ਬੀਮਾ ਦੇਣ ਦਾ ਫੈਂਸਲਾ ਅੰਤਰਿੰਗ ਬੋਰਡ ਵਲੋਂ ਕਰਨ ਦੇ ਨਾਲ ਹੀ ਪੀੜਤ ਪਰਿਵਾਰਾਂ ਦੀ ਦੇ ਬੱਚਿਆ ਦੀ ਪੜਾਈ ਦਾ ਖਰਚਾ ਵੀ ਕਮੇਟੀ ਵਲੋਂ ਪਹਿਲੇ ਤੋਂ ਆਪਣੇ ਸਕੂਲਾ ਵਿਚ ਚੁਕਿਆਂ ਜਾ ਰਿਹਾ ਹੈ। ਇਸ ਮੌਕੇ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ 1984 ਦੀ ਇਸ ਲੜਾਈ ਨੂੰ ਧੱੜੇਬਾਜ਼ੀ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਕੱਠੇ ਹੋ ਕੇ ਲੜਨ ਦੀ ਅਪੀਲ ਕਰਦੇ ਹੋਏ ਅਫਸੋਸ ਜਤਾਇਆ ਕਿ ਜਿਸ ਸਿੱਖ ਕੌਮ ਦੇ ਮਹਾਨ ਜਰਨੈਲਾਂ ਨੇ ਅਹਿਮਦਸ਼ਾਹ ਅਬਦਾਲੀ ਵਲੋਂ ਜਬਰਦਸਤੀ ਆਪਣੇ ਨਾਲ ਅਗਵਾ ਕਰਕੇ ਲੈ ਜਾਈ ਜਾ ਰਹੀਆਂ ਬੱਚੀਆਂ ਨੂੰ ਛੂੜਾ ਕੇ ਇੱਜਤ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆਂ ਸੀ ਪਰ 1984 ਵਿਚ ਸਾਡੀ ਹੀ ਚੁਣੀ ਹੋਈ ਸਰਕਾਰ ਦੇ ਆਗੂਆਂ ਨੇ ਸਾਡੀ ਬੱਚੀਆਂ ਦੀ ਪੱਤ ਲੁਟ ਕੇ ਇਤਿਹਾਸ ਨੂੰ ਕਲੰਕਿਤ ਕਰਨ ਦਾ ਕਾਰਜ ਕੀਤਾ ਸੀ। ਭੁੰਦੜ ਨੇ ਇਸ ਮੌਕੇ ਬਿਨਾ ਨਾਂ ਲਏ ਉਨ੍ਹਾਂ ਸਿੱਖ ਆਗੂਆਂ ਨੂੰ ਵੀ ਕਰੜੇ ਹੱਥੀ ਲਿਆਂ ਜਿਹੜੇ ਇਸ ਨਸਲਕੁਸ਼ੀ ਨੂੰ ਭੁਲਣ ਦੀ ਅਪੀਲ ਸਿੱਖ ਜਗਤ ਨੂੰ ਕਰਦੇ ਰਹੇ ਹਨ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ, ਧਰਮ ਪ੍ਰਚਾਰ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਮੈਂਬਰ ਕੁਲਮੋਹਨ ਸਿੰਘ, ਇੰਦਰਜੀਤ ਸਿੰਘ ਮੌਂਟੀ, ਦਰਸ਼ਨ ਸਿੰਘ, ਗੁਰਵਿੰਦਰ ਪਾਲ ਸਿੰਘ, ਹਰਦੇਵ ਸਿੰਘ ਧਨੋਆ, ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਵਲੋਂ ਸੱਜਨ ਕੁਮਾਰ ਦੇ ਖਿਲਾਫ ਦਿੱਲੀ ਕੈਂਟ ਮਾਮਲੇ ਵਿਚ ਗਵਾਹ ਬੀਬੀ ਜਗਦੀਸ਼ ਕੌਰ ਨੂੰ ਸਿਰੋਪਾਓ ਦੇ ਕੇ ਵੀ ਸਨਮਾਨਿਤ ਕੀਤਾ ਗਿਆ।