May 21, 2026 9:36 pm

ਪੰਜਾਬ-ਹਰਿਆਣਾ ’ਚ ਪਰਤੀ ਸ਼ਾਂਤੀ

ਕੋਈ ਵਾਰਦਾਤ ਨਹੀਂ-ਕਰਫਿਊ ਹਟੇਗਾ-ਸਕੂਲ ਖੁੱਲ੍ਹਣਗੇ

ਚੰਡੀਗੜ੍ਹ, 29 ਅਗਸਤ- ਸੌਦਾ ਸਾਧ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਦੂਜੇ ਦਿਨ ਪੰਜਾਬ ਅਤੇ ਹਰਿਆਣਾ ਵਿੱਚ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ। ਕਿਧਰੇ ਵੀ ਕੋਈ ਮਾੜੀ ਘਟਨਾ ਦੀ ਖਬਰ ਨਹੀਂ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਖੇਤਰਾਂ ਵਿੱਚੋਂ ਕਰਫਿਊ ਹਟਾ ਲਿਆ ਗਿਆ ਹੈ। ਭਲਕੇ ਸਕੂਲ ਅਤੇ ਕਾਲਜ ਆਮ ਵਾਂਗ ਖੁੱਲ੍ਹਣਗੇ। 5 ਦਿਨਾਂ ਤੋਂ ਬੰਦ ਪਈਆਂ ਇੰਟਰਨੈਟ ਸੇਵਾਵਾਂ ਮੰਗਲਵਾਰ ਦੁਪਹਿਰ ਮੁੜ ਚਾਲੂ ਕਰ ਦਿੱਤੀਆਂ ਗਈਆਂ। ਪੰਜਾਬ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਅਤੇ ਅਮਨ ਦਾ ਮਾਹੌਲ ਹੈ। ਉਂਜ ਪ੍ਰਸ਼ਾਸਨ ਵੱਲੋਂ ਸਥਿਤੀ ਉਪਰ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਹਰਿਆਣਾ ਵਿੱਚ ਵੀ ਹਾਲਾਤ ਤੇਜ਼ੀ ਨਾਲ ਆਮ ਵਰਗੇ ਹੋ ਰਹੇ ਹਨ। ਪੰਚਕੂਲਾ, ਸਿਰਸਾ ਅਤੇ ਰੋਹਤਕ ਵਿੱਚ ਕਿਸੇ ਤਰ੍ਹਾਂ ਦਾ ਤਣਾਅ ਜਾਂ ਦਹਿਸ਼ਤ ਦਾ ਮਾਹੌਲ ਨਹੀਂ ਹੈ। ਸਿਰਸਾ ਵਿਚ ਸਤ ਤੋਂ ਲੈ ਕੇ 12 ਵਜੇ ਤਕ ਕਰਫ਼ਿਊ ਵਿਚ ਢਿਲ ਦਿਤੀ ਗਈ।ਇਸ ਮਗਰੋਂ ਜ਼ਿਲ੍ਹੇ ਵਿਚ ਕੋਈ ਹਿੰਸਕ ਘਟਨਾ ਦੀ ਜਾਣਕਾਰੀ ਨਹੀਂ ਮਿਲੀ।ਹਰਿਆਣਾ ਦੇ ਦੂਜੇ ਸ਼ਹਿਰਾਂ ਪੰਚਕੂਲਾ ਤੇ ਕੈਥਲ ਵਿਚ ਵੀ ਕਰਫ਼ਿਊ ਹਟਾ ਦਿਤਾ ਗਿਆ ਸੀ। ਸਿਰਸਾ ਵਿਚ ਡੇਰਾ ਸਮਰਥਕਾਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਡੇਰੇ ਵਿਚੋਂ ਬਾਹਰ ਨਿਕਲਣ ਵਿਚ ਮਦਦ ਕੀਤੀ ਜਾ ਰਹੀ ਹੈ। ਪੰਜਾਬ ਦੇ ਸੰਵੇਦਨਸ਼ੀਲ ਜ਼ਿਲ੍ਹੇ ਮੋਗਾ, ਪਟਿਆਲਾ ਤੇ ਬਠਿੰਡਾ ਵਿਚ ਜ਼ਿੰਦਗੀ ਪਟੜੀ ਤੇ ਆ ਗਈ ਹੈ।ਪੰਚਕੂਲਾ ਦੀ ਅਗਜ਼ਨੀ ਦੇ ਘਟਨਾ ਤੋਂ ਬਾਅਦ ਦੋਹੇ ਰਾਜਾਂ ਹਾਈ ਅਲਰਟ ਉਤੇ ਸਨ।ਪੰਜਾਬ ਅਤੇ ਹਾਰਿਆਣਾ ਸਰਕਾਰ ਵੱਲੋਂ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਪਹਿਲਾਂ ਹੀ 10 ਜ਼ਿਲ੍ਹਿਆਂ ਵਿੱਚੋਂ ਕਰਫ਼ਿਊ ਹਟਾ ਦਿਤਾ ਹੈ।ਮੁਖ ਮੰਤਰੀ ਨੇ ਕਲ੍ਹ ਹੀ ਪ੍ਰਸ਼ਾਸਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸੰਵੇਦਨਸ਼ੀਲ ਇਲਾਕਿਆਂ ਵਿਚ ਸਕੂਲ ਤੇ ਕਾਲਜਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਜਿਹੜੇ ਕਿ ਡੇਰਾ ਮਾਮਲੇ ਕਾਰਨ ਬੰਦ ਕਰ ਦਿਤੇ ਗਏ ਸਨ।

Send this to a friend