June 21, 2026 8:44 am

ਤਿਹਾੜ ਜੇਲ੍ਹ ਵਿੱਚ ਬੰਦ ਖਾੜਕੂ ਭਾਈ ਖਾਨਪੁਰੀ ਨੂੰ ਪੱਗ ਦੀ ਤਲਾਸ਼ੀ ਲਈ ਰੋਕਿਆ

ਨਵੀਂ ਦਿੱਲੀ, 30 ਅਕਤੁਬਰ (ਮਨਪ੍ਰੀਤ ਸਿੰਘ ਖਾਲਸਾ)-ਸਿੱਖਾਂ ਦੀ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪੱਗ ਕਾਰਨ ਇਕ ਵੱਖਰੀ ਪਹਿਚਾਣ ਬਣੀ ਹੋਈ ਹੈ ਅਤੇ ਜਦੋਂ ਵੀ ਕਿਸੇ ਹਵਾਈ ਅੱਡੇ ‘ਤੇ ਪੱਗ ਉਤਰਵਾ ਕੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਤਾਂ ਸਮੁੱਚਾ ਸਿੱਖ ਭਾਈਚਾਰਾ ਤੇ ਖੁਦ ਨੂੰ ਪੰਥ ਦੇ ਰਖਵਾਲੇ ਅਖਵਾਉਣ ਵਾਲੇ ਬੜਾ ਰੌਲਾ ਪਾਉਂਦੇ ਹਨ ਅਤੇ ਇਸ ‘ਤੇ ਗਰਮਜੋਸ਼ੀ ਨਾਲ ਰਾਜਨੀਤੀ ਵੀ ਕੀਤੀ ਜਾਂਦੀ ਹੈ।
khanpuri
ਜਦ ਅਪਣੇ ਹੀ ਘਰ ਵਿਚ ਸਿੱਖਾਂ ਨੂੰ ਰੋਕ ਕੇ ਪੱਗ ਦੀ ਤਲਾਸ਼ੀ ਦੇਣ ਲਈ ਕਿਹਾ ਜਾਂਦਾ ਹੈ ਤਦ ਮਸਲਾ ਬਹੁਤ ਹੀ ਜ਼ਿਆਦਾ ਗੰਭੀਰ ਬਣ ਜਾਂਦਾ ਹੈ ਤੇ ਹਰ ਸਿੱਖ ਅਪਣੇ ਆਪ ਨੂੰ ਠੱਗਿਆ ਹੋਇਆ ਤੀਜੇ ਦਰਜ਼ੇ ਦਾ ਸ਼ਹਿਰੀ ਸਮਝਣ ਲਗਦਾ ਹੈ। ਇਸੇ ਤਰ੍ਹਾਂ ਦੀ ਕੋਸ਼ਿਸ਼ ਬੀਤੀ ਕੱਲ੍ਹ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਖਾੜਕੂ ਸਿੰਘ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਦੀ ਪੱਗ ਨਾਲ ਕੀਤੀ ਗਈ। ਭਾਈ ਕੁਲਵਿੰਦਰ ਸਿੰਘ ਤਿਹਾੜ ਦੀ 8 ਨੰ. ਜੇਲ੍ਹ ਵਿੱਚ ਬੰਦ ਹਨ ਤੇ ਉਹ ਕੱਲ੍ਹ ਦੁਪਿਹਰ ਨੂੰ ਅਪਣਾ ਮੈਡੀਕਲ ਚੈੱਕਅਪ ਕਰਵਾਉਣ ਵਾਸਤੇ 3 ਨੰ. ਜੇਲ੍ਹ ਵਿੱਚ ਪੁਲਿਸ ਦੀ ਸੁਰਖਿਆ ਹੇਠ ਗਏ ਸਨ। ਚੈੱਕਅਪ ਉਪਰੰਤ ਜਦ ਭਾਈ ਖਾਨਪੁਰੀ ਵਾਪਿਸ 8 ਨੰ. ਜੇਲ੍ਹ ਵਿੱਚ ਆਏ ਤਦ ਉੱਥੇ ਹਾਜ਼ਰ ਟੀ.ਐੱਸ.ਪੀ. (ਤਾਮਿਲਨਾਡੂ ਪੁਲਿਸ ਫੋਰਸ) ਨੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਉਪਰੰਤ ਉਨ੍ਹਾਂ ਨੇ ਭਾਈ ਸਾਹਿਬ ਨੂੰ ਦਸਤਾਰ ਦੀ ਤਲਾਸ਼ੀ ਕਰਵਾਉਣ ਲਈ ਕਿਹਾ ਜਿਸ ‘ਤੇ ਭਾਈ ਖਾਨਪੁਰੀ ਨੇ ਉਨ੍ਹਾਂ ਸਮਝਾਇਆ ਕਿ ‘ਪੱਗ ਸਿੱਖ ਕੌਮ ਦੀ ਸ਼ਾਨ ਹੈ’ ਅਸੀਂ ਇਸ ਦੀ ਤਲਾਸ਼ੀ ਨਹੀਂ ਕਰਵਾਵਾਂਗੇ, ਅਤੇ ਮੈਂ ਤੇ ਤੁਹਾਡੀ ਹੀ ਪੁਲਿਸ ਦੀ ਸੁਰੱਖਿਆ ਹੇਠ ਮੈਡੀਕਲ ਚੈੱਕਅਪ ਕਰਵਾਇਆ ਹੈ, ਪਰ ਉਹ ਨਹੀਂ ਮੰਨੇ ਤੇ ਤਲਾਸ਼ੀ ਲੈਣ ਦੀ ਜਿਦ ਤੇ ਅੜੇ ਰਹੇ। ਭਾਈ ਖਾਨਪੁਰੀ ਨਾਲ ਉਹ ਤਕਰੀਬਨ 2 ਘੰਟੇ ਤੱਕ ਬਹਿਸਦੇ ਰਹੇ। ਇਸ ਦੌਰਾਨ ਜੇਲ੍ਹ ਦੇ ਵੱਡੇ ਅਫਸਰ ਵੀ ਉੱਥੇ ਆ ਗਏ ਪਰ ਉਨ੍ਹਾਂ ਵੀ ਕੂਝ ਨਾ ਕੀਤਾ। ਦੋ ਘੰਟੇ ਤਕ ਮਾਥਾਖਪੀ ਕਰਨ ਤੇ ਹਰ ਪਖੋਂ ਸਮਝਾਉਣ ਤੋਂ ਬਾਅਦ ਵੀ ਜਦ ਪੁਲਿਸ ਵਾਲੇ ਨਹੀਂ ਮੰਨੇ ਤਦ ਭਾਈ ਖਾਨਪੁਰੀ ਨੇ ਬਹੁਤ ਹੀ ਜ਼ਿਆਦਾ ਗਰਮ ਹੁੰਦਿਆਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਡੀ ਸ਼ਿਕਾਇਤ ਹੁਣੇ ਹੀ ਅਕਾਲ-ਤਖਤ ਸਾਹਿਬ ਜੀ, ਪ੍ਰਧਾਨ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸਮੂਹ ਮਿਨੀਸਟਰੀ ਨੂੰ ਕਰਦਾ ਹਾਂ ਤੇ ਤੁਸੀਂ ਮੇਰੀ ਗਲ ਡੀ.ਆਈ.ਜੀ. ਨਾਲ ਕਰਵਾਓ। ਭਾਈ ਖਾਨਪੁਰੀ ਨੂੰ ਗਰਮ ਹੁੰਦਿਆਂ ਦੇਖ ਕੇ ਪੁਲਿਸ ਵਾਲਿਆਂ ਦੇ ਤੇਵਰ ਬਦਲ ਗਏ ਤੇ ਉਨ੍ਹਾਂ ਨੇ ਉਸੇ ਵਕਤ ਭਾਈ ਖਾਨਪੁਰੀ ਨੂੰ ਜੇਲ੍ਹ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ। ਅਜਿਹਾ ਹੀ ਜਦੋਂ ਪੰਜਾਬ ਤੋਂ ਬਾਹਰੀ ਰਾਜਾਂ ਵਿੱਚ ਪੱਗ ਅਤੇ ਕੇਸਾਂ ਦੀ ਬੇਅਦਬੀ ਹੁੰਦੀ ਹੈ ਤਾਂ ਪੂਰੀ ਸਰਕਾਰ ਤੇ ਜਥੇਦਾਰਾਂ ਦੀ ਫੌਜ ਬੜਾ ਕੁਰਲਾਉਂਦੀ ਹੈ ਅਤੇ ਮੀਡੀਆ ਦੇ ਸਾਹਮਣੇ ਮੱਗਰਮੱਛ ਦੇ ਹੰਝੂ ਵਹਾਉਂਦੇ ਹਨ। ਇਟਲੀ ਦੌਰੇ ‘ਤੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਉਨ੍ਹਾਂ ਦੇ ਵਫਦ ਨਾਲ ਰੋਮ ਦੇ ਹਵਾਈ ਅੱਡੇ ‘ਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਦਸਤਾਰ ਉਤਾਰਨ ਲਈ ਕੀਤੀ ਬਦਸਲੂਕੀ ਮਾਮਲੇ ਪ੍ਰਤੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਗੰਭੀਰ ਨੋਟਿਸ ਲਿਆ ਸੀ ਹੁਣ ਦੇਖਣਾ ਹੈ ਕਿ ਇਸ ਮਾਮਲੇ ਵਿਚ ਸਿੱਖ ਜੱਥੇਬੰਦੀਆਂ ਅਤੇ ਕਮੇਟੀਆਂ ਕਿ ਐਕਸ਼ਨ ਲੈਦਿਆਂ ਹਨ ਜਾਂ ਫਿਰ ਮਗਰਮੱਛੀ ਹੰਝੂ ਵਹਾ ਕੇ ਹੀ ਸਮਾਂ ਟਪਾਉਂਦੀਆਂ ਹਨ।

Send this to a friend