ਵਿਆਹ ਪੁਰਬ ਦੌਰਾਨ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ : ਐਸ.ਐਸ.ਪੀ. ਬਟਾਲਾ

ਬਟਾਲਾ, 23 ਅਗਸਤ (ਅਰਵਿੰਦਰ ਸਿੰਘ ਮਠਾਰੂ, ਰਛਪਾਲ ਸਿੰਘ)- ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੌਰਾਨ ਬਟਾਲਾ ਪੁਲਿਸ ਵੱਲੋਂ ਵਿਸ਼ੇਸ਼ ਚੌਕਸੀ ਵਰਤਦਿਆਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ। ਐਸ.ਐਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਅਤੇ ਬਾਹਰਲੇ ਜ਼ਿਲ੍ਹਿਆਂ ਦੇ 1500 ਤੋਂ ਵੱਧ ਪੁਲਿਸ ਜਵਾਨ ਵਿਆਹ ਪੁਰਬ ਦੌਰਾਨ ਤਾਇਨਾਤ ਕੀਤੇ ਜਾਣਗੇ। ਐਸ.ਐਸ. ਪੀ. ਬਟਾਲਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਜਿਸ ਵਿੱਚ ਸਿਹਤ ਵਿਭਾਗ ਦੀ ਟੀਮ ਵੀ ਹੋਵੇਗੀ ਵੱਲੋਂ ਸਹਾਇਤਾ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ‘ਚ ਸੁਰੱਖਿਆ ਦੇ ਪ੍ਰਬੰਧ ਕਰਨ ਦੇ ਨਾਲ ਗੁਰਦੁਆਰਾ ਸਾਹਿਬਾਨ ਅਤੇ ਨਗਰ ਕੀਰਤਨ ਦੇ ਰਸਤੇ ‘ਚ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣਗੇ। ਐਸ.ਐਸ.ਪੀ. ਸ. ਘੁੰਮਣ ਨੇ ਕਿਹਾ ਕਿ ਵਿਆਹ ਪੁਰਬ ਬਹੁਤ ਹੀ ਪਾਵਨ ਦਿਹਾੜਾ ਹੈ ਅਤੇ ਇਸ ਦੌਰਾਨ ਕਿਸੇ ਨੂੰ ਵੀ ਹੁਲੜਬਾਜ਼ੀ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਟਰਸਾਈਕਲਾਂ ਰਾਹੀਂ ਪਟਾਕੇ ਮਾਰਨ ਵਾਲੇ ਨੌਜਵਾਨਾਂ ‘ਤੇ ਪੁਲਿਸ ਵੱਲੋਂ ਵਿਸ਼ੇਸ਼ ਸਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਨੌਜਵਾਨ ਮੋਟਰਸਾਈਕਲ ਰਾਹੀਂ ਪਟਾਕੇ ਚਲਾਵੇਗਾ ਪੁਲਿਸ ਵੱਲੋਂ ਉਸਦਾ ਮੋਟਰਸਾਈਕਲ ਜਬਤ ਕਰਕੇ ਉਸਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਅਫਤਾ-ਤਫਰੀ ਫੈਲਾਉਣ ਦਾ ਮੁੱਕਦਮਾ ਦਰਜ ਕਰਕੇ ਉਸਨੂੰ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨਾਲ ਪੁਲਿਸ ਵੱਲੋਂ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ। ਸ. ਘੁੰਮਣ ਨੇ ਦੱਸਿਆ ਕਿ ਸ਼ਹਿਰ ‘ਚ ਸੀ.ਸੀ.ਟੀਵੀ. ਕੈਮਰੇ ਲਗਾ ਕੇ ਵਿਸ਼ੇਸ਼ ਨਿਗਾਰਨੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਪੁਲਿਸ ਵੱਲੋਂ ਜੇਬਕਤਰਿਆਂ ਨੂੰ ਫੜ੍ਹਨ ਲਈ ਵਿਸ਼ੇਸ਼ ਚੌਕਸੀ ਵਰਤੀ ਜਾਵੇਗੀ। ਐਸ.ਐਸ.ਪੀ. ਬਟਾਲਾ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਮੱਥਾ ਟੇਕਣ ਆਉਣ ਸਮੇਂ ਆਪਣੇ ਨਾਲ ਜਿਆਦਾ ਨਕਦੀ ਜਾਂ ਕੀਮਤੀ ਗਹਿਣੇ ਆਦਿ ਨਾ ਪਾ ਕੇ ਆਉਣ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਬਹੁਤ ਹੀ ਪਵਿੱਤਰ ਦਿਹਾੜਾ ਹੈ ਅਤੇ ਇਸਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਲਈ ਪੁਲਿਸ ਵੱਲੋਂ ਸੰਗਤ ਨੂੰ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਸੰਗਤਾਂ ਵੀ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ।

Send this to a friend