ਰਾਮਪੁਰਾ ਫੂਲ, 23 ਅਗਸਤ (ਮਨਪ੍ਰੀਤ ਸਿੰਘ ਗਿੱਲ)- ਡੇਰਾਸਿਰਸਾ ’ਚ ਸਾਧਵੀਆਂ ਨਾਲ ਜਬਰ ਜਨਾਹ ਦੇ ਮਸਲੇ ’ਤੇ ਗੁਰਮੀਤ ਰਾਮ ਰਹੀਮ ਬਾਰੇ 25 ਅਗਸਤ ਨੂੰ ਆਉਣ ਵਾਲੇ ਫ਼ੈਸਲੇ ’ਤੇ ਸਿੱਖਾਂ ਨੂੰ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰਦਿਆ ਦਲ ਖ਼ਾਲਸਾ ਨੇ ਉਹਨਾਂ ਨੂੰ ਸੁਚੇਤ ਹੋ ਕੇ ਆਪਣੀ ਰੱਖਿਆ ਆਪ ਕਰਨ ਦਾ ਸੱਦਾ ਦਿੱਤਾ, ਕਿਉਂਕਿ ਇਹ ਮਾਮਲਾ ਡੇਰਾ ਸਾਧ ਤੇ ਭਾਰਤੀ ਸਟੇਟ ਦਾ ਹੈ। ਦਲ ਖ਼ਾਲਸਾ ਨੇ ਸਪੱਸਟ ਕਿਹਾ ਕਿ ਉਹ ਹੁਲੜਬਾਜਾਂ, ਗੈਰ ਸਮਾਜਿਕ ਅਨਸਰਾਂ ਦੇ ਕੋਝੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਜ਼ਿਕਰਯੋਗ ਹੈ ਕਿ ਸਿਰਸਾ ਸਾਧ ਵੱਲੋਂ ਡੇਰੇ ਵਿੱਚ ਸਾਧਵੀਆਂ ਦਾ ਸਰੀਰਕ ਸ਼ੋਸਣ ਦੇ ਮਾਮਲੇ ਵਿੱਚ 25 ਅਗਸਤ ਨੂੰ ਸੀ. ਬੀ. ਆਈ. ਦੀ ਅਦਾਲਤ ਵੱਲੋਂ ਪੰਚਕੂਲਾ ’ਚ ਸੁਣਾਏ ਜਾ ਰਹੇ ਫ਼ੈਸਲੇ ’ਤੇ ਦਬਾਅ ਪਾਉਣ ਲਈ ਪੰਜਾਬ ਵਿੱਚ ਡੇਰਾ ਸਰਧਾਲੂਆਂ ਅਤੇ ਸਿੱਖਾਂ ਵਿੱਚ ਪੂਰੀ ਸਾਜਿਸ ਤਹਿਤ ਟਕਰਾਅ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦਲ ਖ਼ਾਲਸਾ ਨੇ ਦੱਸਿਆ ਕਿ ਅਜਿਹੇ ਟਕਰਾਅ ਜਾਣ ਬੁਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਮਾੜੇ ਮਨਸੂਬਿਆਂ ਤਹਿਤ ਕੀਤਾ ਜਾ ਰਿਹਾ ਹੈ ਜਦੋਂ ਕਿ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਿੱਖਾਂ ਨਾਲ ਇਸ ਮਸਲੇ ਦਾ ਕੋਈ ਸਬੰਧ ਨਹੀਂ ਹੈ। ਇਸ ਮੌਕੇ ਦਲ ਖ਼ਾਲਸਾ ਦੇ ਸੂਬਾ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਖ਼ਾਲਸਾ ਗੁਰੂਸਰ ਮਹਿਰਾਜ,ਦਲ ਖ਼ਾਲਸਾ ਦੇ ਮਾਲਵਾ ਆਗੂ ਭਾਈ ਗੁਰਵਿੰਦਰ ਸਿੰਘ ਬਠਿੰਡਾ, ਸੁਰਿੰਦਰ ਸਿੰਘ ਨਥਾਣਾ, ਜੀਵਨ ਸਿੰਘ ਗਿੱਲ ਕਲਾਂ, ਸਿੱਖ ਸਟੂਡੈਂਟਸ ਫੈਡਰੇਸ਼ਨ 1984 ਦੇ ਪਰਨਜੀਤ ਸਿੰਘ ਜੱਗੀ ਕੋਟ ਫ਼ੱਤਾ ਨੇ ਕਿਹਾ ਕਿ ਉਹਨਾਂ ਹਿੰਦੂ, ਮੁਸਲਮਾਨ, ਈਸਾਈ ਅਤੇ ਸਿੱਖ ਭਰਾਵਾਂ ਨੂੰ ਬੇਨਤੀ ਕੀਤੀ ਕਿ ਡੇਰਾ ਮਾਮਲੇ ਵਿੱਚ ਉਹ ਹਕੂਮਤ ਪੱਖੀ ਮੌਕਾ ਪ੍ਰਸਤ ਨੇਤਾਵਾਂ ਤੇ ਹੋਰ ਹੁਲੜਵਾਜ ਗੁੰਡਾ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮਯਾਬ ਬਣਾ ਦੇਣ ਜਿਹੜੇ ਕਿ ਪੰਜਾਬ ਦੀ ਫ਼ਿਜਾ ਵਿੱਚ ਹਿੰਸਾ ਦੇ ਲਾਬੂ ਲਾਉਣ ਦੀ ਤਾਕ ਵਿੱਚ ਹਨਦਲ ਖ਼ਾਲਸਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਡੇਰਾ ਸਾਧ ਦੇ ਜਬਰ ਜਨਾਹ ਮਾਮਲੇ ਨੂੰ ਸਿੱਖਾਂ ਤੇ ਡੇਰਾ ਪ੍ਰੇਮੀਆਂ ਦੀ ਲੜਾਈ ਬਣਾਉਣ ’ਤੇ ਤੁਲੇ ਹੋਏ ਹਨ ਅਤੇ ਆਮ ਸਿੱਖ ਇਸ ’ਤੇ ਗੁੰਮਰਾਹ ਹੋ ਰਹੇ ਹਨ।