Skip to content
Independent perspectives. Global stories.
BREAKING

ਪੰਜਾਬ ਸਰਕਾਰ ਡੇਰਾ ਸਿਰਸਾ ਮੁਖੀ ਦੇ ਕੇਸ ਨਾਲ ਜੋੜ ਕੇ ਪੰਜਾਬ ਦਾ ਮਾਹੌਲ ਦਹਿਸ਼ਤ ਵਾਲਾ ਨਾ ਬਣਾਏ -ਭਾਈ ਚਾਵਲਾ

Share this story

ਅੰਮ੍ਰਿਤਸਰ, 21 ਅਗਸਤ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਡੇਰਾ ਸਿਰਸਾ ਮੁਖੀ ’ਤੇ ਚੱਲ ਰਹੇ ਬਲਾਤਕਾਰ ਕੇਸ ਸਬੰਧੀ ਫੈਸਲੇ ਤੋਂ ਪਹਿਲਾਂ ਪੰਜਾਬ ਵਿਚ ਬਣਾਏ ਜਾ ਰਹੇ ਦਹਿਸ਼ਤ ਵਾਲੇ ਮਾਹੌਲ ਨੂੰ ਇਕ ਸੋਚੀ ਸਮਝੀ ਚਾਲ ਦਾ ਹਿੱਸਾ ਦੱਸਦਿਆਂ ਕਿਹਾ ਕਿ ਪਤਾ ਨਹੀਂ ਕਿਉਂ ਇੱਕ ਕਥਿਤ ਕੁਕਰਮੀ ਦੀ ਸਜ਼ਾ ਨੂੰ ਜਾਣਬੁੱਝ ਕੇ ਟਕਰਾਅ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਦੇ ਕੇਸ ਨਾਲ ਜੋੜ ਕੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਥਾਂ-ਥਾਂ ’ਤੇ ਚੈਕਿੰਗ ਅਤੇ ਪੁੱਛਗਿਛ ਪੰਜਾਬ ਦੇ ਲੋਕਾਂ ਵਿਚ ਸਹਿਮ ਪੈਦਾ ਕਰ ਰਹੀ ਹੈ। ਭਾਈ ਚਾਵਲਾ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਤੇ ਬਲਾਤਕਾਰ ਜਿਹੇ ਕੁਕਰਮ ਦੇ ਨਾਲ-ਨਾਲ ਸਬੰਧਤ ਗਵਾਹਾਂ ਦੀ ਹੱਤਿਆ ਕਰਵਾਉਣ ਦਾ ਵੀ ਦੋਸ਼ ਹੈ, ਜਿਸ ਆਧਾਰ ’ਤੇ ਅਦਾਲਤ ਵੱਲੋਂ ਇਸ ਵਿਰੁੱਧ ਮੁਕੱਦਮਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਵੀ ਧਿਆਨ ਵਿਚ ਰੱਖੀ ਜਾਣੀ ਚਾਹੀਦੀ ਹੈ ਕਿ ਇਸ ’ਤੇ ਚੱਲ ਰਹੇ ਕੇਸਾਂ ਨੂੰ ਉਠਾਉਣ ਵਾਲੇ ਵੀ ਇਸ ਦੇ ਪੈਰੋਕਾਰ ਅਤੇ ਡੇਰਾ ਸਮਰਥਕ ਹੀ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਅਮੀਰ ਕਦਰਾਂ ਕੀਮਤਾਂ ਦੇ ਧਾਰਨੀ ਹਨ, ਜੋ ਅਜਿਹੇ ਬਦਚਲਣ ਲੋਕਾਂ ਨੂੰ ਸਜਾ ਮਿਲਣ ’ਤੇ ਕਦੇ ਵੀ ਉਤੇਜਤ ਨਹੀਂ ਹੋਣਗੇ। ਪੰਜਾਬ ਦੇ ਲੋਕ ਇਖਲਾਕ ਵਿਹੂਣੇ ਲੋਕਾਂ ਨੂੰ ਕੋਈ ਮਾਨਤਾ ਨਹੀਂ ਦਿੰਦੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਡੇਰਾ ਸਮਰਥਕਾਂ ਵੱਲੋਂ ਸ਼ਰੇਆਮ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਨੋਟਿਸ ਲੈਂਦਿਆਂ ਅਜਿਹੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਹੋਣੋ ਰੋਕਿਆ ਜਾ ਸਕੇ।

WRITTEN BY