ਸਰਦੂਲਗੜ੍ਹ, 20 ਅਗਸਤ (ਬਲਜੀਤ ਪਾਲ, ਵਿਪਨ ਗੋਇਲ)- 25 ਅਗਸਤ ਨੂੰ ਪੰਚਕੂਲਾ ਦੀ ਅਦਾਲਤ ਵੱਲੋਂ ਬਲਾਤਕਾਰ ਕੇਸ ’ਚ ਡੇਰਾ ਮੁਖੀ ਦੇ ਕੇਸ ਦਾ ਸੰਭਾਵੀ ਨਿਪਟਾਰਾ ਕੀਤੇ ਜਾਣ ਕਰਕੇ ਪੈਦਾ ਹੋਣ ਵਾਲੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਵੱਲੋਂ ਹਰਿਆਣਾ ਤੋਂ ਪੰਜਾਬ ਵੱਲ ਆਉਣ ਵਾਲੇ ਵਾਹਨਾਂ ਦੀ ਵੱਡੇ ਪੱਧਰ ’ਤੇ ਜਾਂਮਾ ਤਲਾਸ਼ੀ ਕੀਤੀ ਜਾ ਰਹੀ ਹੈ। ਸਰਦੂਲਗੜ੍ਹ ਤੋਂ ਅੱਠ ਕਿੱਲੋਮੀਟਰ ਦੂਰ ਸਿਰਸਾ ਵੱਲੋਂ ਆਉਂਣ ਵਾਲੇ ਰਾਸਤੇ ’ਤੇ ਝੰਡਾ ਖੁਰਦ ਕੋਲ ਨਾਕਾਬੰਦੀ ਕੀਤੀ ਹੋਈ ਹੈ। ਕਿਸੇ ਵੀ ਵਾਹਨ ਨੂੰ ਚੈਕ ਕਰੇ ਬਿਨਾਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਇਸੇ ਤਰ੍ਹਾਂ ਰਤੀਆ ਤੋਂ ਪੰਜਾਬ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਖੈਰਾ ਕੈਂਚੀਆਂ ਅਤੇ ਕਾਲਿਆਂ ਵਾਲੀ ਰਸਤੇ ਪੰਜਾਬ ਆਉਣ ਵਾਲੇ ਵਾਹਨਾਂ ਨੂੰ ਸਰਦੂਲੇਵਾਲਾ ਤੋਂ ਦੋ ਕਿੱਲੋਮੀਟਰ ਪਹਿਲਾਂ ਹੀ ਰੋਕ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਕਰਮੀ ਗੱਡੀ ਦਾ ਨਿਰੀਖਣ ਕਰਨ ਤੋਂ ਬਾਅਦ ਚਾਲਕ ਦਾ ਪਿੰਡ, ਕਿੱਥੋਂ ਆਇਆ ਕਿਧਰ ਜਾ ਰਿਹਾ ਆਦਿ ਬਾਰੇ ਪੂਰੇ ਵੇਰਵੇ ਵੀ ਦਰਜ਼ ਕਰਦਾ ਹੈ। ਪੁਲੀਸ ਨੇ ਸਰਦੂਲਗੜ੍ਹ ਮਾਨਸਾ ਮੁੱਖ ਸੜਕ ’ਤੇ ਪੈਂਦੇ ਡੇਰਾ ਸਿਰਸਾ ਦੇ ਸਰਦੂਲਗੜ੍ਹ ਅਤੇ ਨੰਗਲ ਖੁਰਦ ਸਥਿੱਤ ਦੋਵੇਂ ਡੇਰਿਆਂ ਦੇ ਦੋਵੇਂ ਪਾਸੇ ਨਾਕੇ ਲਗਾਏ ਹੋਏ ਹਨ ਅਤੇ ਡੇਰੇ ਵੱਲ ਹਰਿਆਣਾ ਅਤੇ ਪੰਜਾਬ ਵਾਲੇ ਪਾਸਿਓਂ ਜਾਣ ਵਾਲੇ ਵਾਹਨਾਂ ਦੀਆਂ ਵਿਸ਼ੇਸ਼ ਤੌਰ ’ਤੇ ਡਿੱਗੀਆਂ ਚੈਕ ਕੀਤੀਆਂ ਜਾ ਰਹੀਆਂ ਹਨ।ਸੰਭਾਵੀ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਪੁਲੀਸ ਵੱਲੋਂ ਹਰ ਵਿਆਕਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਵੱਲੋਂ ਪੰਜ ਪੰਜ ਕਿੱਲੋਮੀਟਰ ਦੇ ਵਕਫੇ ਬਾਅਦ ਹੀ ਗੱਡੀ ਨਾ ਵਾਰ ਵਾਰ ਰੋਕਣ ਕਾਰਨ ਲੰਬੀ ਦੂਰੀ ਦੇ ਵਾਹਨ ਚਾਲਕ ਪ੍ਰੇਸ਼ਾਨ ਹੋ ਰਹੇ ਹਨ। ਸਿਰਸਾ ਤੋਂ ਮਾਨਸਾ ਵੱਲ ਜਾ ਰਹੇ ਕਸ਼ਮੀਰੀ ਲਾਲ ਨੇ ਦੱਸਿਆ ਮੈਂ ਸਿਰਸਾ ਤੋਂ ਲੈ ਕੇ ਮਾਨਸਾ ਤੱਕ ਦਸ ਥਾਂ ਚੈਂਕ ਹੋ ਚੁੱਕਾ ਹਾਂ।ਹਰ ਥਾਂ ਘੱਟੋ ਘੱਟ ਦਸ ਤੋਂ ਪੰਦਰਾਂ ਮਿੰਟ ਲੱਗ ਜਾਦੇ ਹਨ। ਸਰਦੂਲਗੜ੍ਹ ਦੇ ਡੀ ਐਸ ਪੀ ਸੰਜੀਵ ਗੋਇਲ ਨੇ ਦੱਸਿਆ ਹਰਿਆਣੇ ਦੀਆਂ ਹੱਦਾਂ ਨਾਲ ਸਰਦੂਲਗੜ੍ਹ ਨਜ਼ਦੀਕ ਤਿੰਨ ਪੱਕੇ ਨਾਕੇ ਲੱਗੇ ਹੋਏ ਹਨ। ਘੱਗਰ ਕੋਲ ਸਥਿੱਤ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਕੋਲ ਦੋ ਨਾਕੇ ਲਗਾਏ ਗਏ ਹਨ ਪਰ ਇਹ ਕਿਸੇ ਕਿਸਮ ਦੀ ਵਿਸ਼ੇਸ਼ ਚੈਕਿੰਗ ਨਹੀਂ ਕਰ ਰਹੇ। ਐਤਵਾਰ ਹੋਣ ਦੇ ਬਾਵਜੂਦ ਵੀ ਅੱਜ ਸਰਦੂਲਗੜ੍ਹ ਅਤੇ ਨੰਗਲ ਖੁਰਦ ਨਾਮ ਚਰਚਾ ਘਰਾਂ ਵਿੱਚ ਰੌਣਕਾਂ ਘੱਟ ਦੇਖਣ ਨੂੰ ਮਿਲੀਆਂ।