ਬਟਾਲਾ, 11 ਅਗਸਤ (ਰਛਪਾਲ ਸਿੰਘ, ਸੁਖਬੀਰ ਸਿੰਘ ਅੱਤੇਪੁਰ)- ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਐਸ.ਐਸ.ਪੀ. ਬਟਾਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਵਲ ਪ੍ਰਸ਼ਾਸਨ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਐਸ.ਐਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਕੀਤੀ ਗਈ। ਤਹਿਸੀਲਦਾਰ ਬਟਾਲਾ ਸ. ਲਖਵਿੰਦਰ ਸਿੰਘ, ਐਸ.ਐਮ.ਓ. ਬਟਾਲਾ ਡਾ. ਸੰਜੀਵ ਭੱਲਾ, ਡੀ.ਐਸ.ਪੀ. ਸਿਟੀ ਸ. ਸੁੱਚਾ ਸਿੰਘ ਬੱਲ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਗੁਰਨਾਮ ਸਿੰਘ ਜੱਸਲ, ਗੁਰਦੁਆਰਾ ਕੰਧ ਸਾਹਿਬ ਦੇ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਭਾਟੀਆ, ਗੁਰਦੁਆਰਾ ਡੇਹਰਾ ਦੇ ਮੈਨੇਜਰ ਕੁਲਵੰਤ ਸਿੰਘ ਜੱਫਰਵਾਲ, ਬਲਜੀਤ ਸਿੰਘ ਮੈਨਜਰ ਗੁਰਦੁਆਰਾ ਅੱਚਲ ਸਾਹਿਬ, ਕੌਂਸਲਰ ਮਨਜੀਤ ਸਿੰਘ ਅਤੇ ਰਜਿੰਦਰ ਸਿੰਘ ਪਦਮ ਵੀ ਇਸ ਮੀਟਿੰਗ ‘ਚ ਹਾਜ਼ਰ ਸਨ। ਮੀਟਿੰਗ ਦੌਰਾਨ ਗੁਰਦੁਆਰਾ ਕਮੇਟੀ ਵੱਲੋਂ ਵਿਆਹ ਪੁਰਬ ਸਬੰਧੀ ਪੂਰੇ ਪ੍ਰੋਗਰਾਮ ਦਾ ਬਿਓਰਾ ਐਸ.ਐਸ.ਪੀ. ਬਟਾਲਾ ਨੂੰ ਦੱਸਿਆ ਗਿਆ। ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ ਅਤੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਬਟਾਲਾ ਵਿਖੇ ਵਿਆਹ ਪੁਰਬ ਦੌਰਾਨ ਨਤਮਸਤਕ ਹੋਣ ਲਈ ਪੁੱਜਦੀਆਂ ਹਨ। ਉਨ੍ਹਾਂ ਦੱਸਿਆ ਕਿ 27 ਅਗਸਤ ਨੂੰ ਸੁਲਤਾਨਪੁਰ ਲੋਧੀ ਤੋਂ ਸਵੇਰੇ ਨਗਰ ਕੀਰਤਨ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਬਟਾਲਾ ਵਿਖੇ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਵਿਖੇ ਰਾਤ ਦੇ ਠਹਿਰਾਅ ਤੋਂ ਬਾਅਦ 28 ਅਗਸਤ ਨੂੰ ਸਾਰਾ ਦਿਨ ਬਟਾਲਾ ਸ਼ਹਿਰ ਦੇ ਵੱਖ-ਵੱਖ ਭਾਗਾਂ ‘ਚੋਂ ਇਹ ਨਗਰ ਕੀਰਤਨ ਗੁਜ਼ਰੇਗਾ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ।
ਐਸ.ਐਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਨੇ ਗੁਰਦੁਆਰਾ ਕਮੇਟੀ ਨੂੰ ਭਰੋਸਾ ਦਿੱਤਾ ਕਿ ਪੁਲਿਸ ਜ਼ਿਲ੍ਹਾ ਬਟਾਲਾ ਇਸ ਪਵਿੱਤਰ ਪੁਰਬ ਨੂੰ ਪੂਰੀ ਸ਼ਰਧਾ-ਭਾਵਨਾ ਨਾਲ ਮਨਾਉਣ ਲਈ ਸੰਗਤਾਂ ਨੂੰ ਹਰ ਤਰਾਂ ਦਾ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਦੌਰਾਨ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਟਾਲਾ ਪੁਲਿਸ ਵੱਲੋਂ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਆਹ ਪੁਰਬ ਦੌਰਾਨ ਵੱਡੀ ਗਿਣਤੀ ‘ਚ ਪੁਲਿਸ ਜਵਾਨ ਤਾਇਨਾਤ ਕੀਤੇ ਜਾਣਗੇ। ਸ. ਘੁੰਮਣ ਨੇ ਦੱਸਿਆ ਕਿ ਸੁਰੱਖਿਆ ਦੇ ਪੱਖ ਤੋਂ ਬਟਾਲਾ ਸ਼ਹਿਰ ਨੂੰ 7 ਸੈਕਟਰਾਂ ‘ਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ‘ਚ ਪੁਲਿਸ, ਸਿਵਲ ਤੇ ਮੈਡੀਕਲ ਟੀਮ ਵੱਲੋਂ ਇੱਕ ਸਾਂਝਾ ਸਹਾਇਤਾ ਕੇਂਦਰ ਸੰਗਤ ਦੀ ਸਹੂਲਤ ਲਈ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਨ-ਸਾਂਤੀ ਅਤੇ ਸੁਰੱਖਿਆ ਸਬੰਧੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਵੱਖਰੀ ਮੀਟਿੰਗ ਕਰਕੇ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਗੁਰਦੁਆਰਾ ਕਮੇਟੀ ਨੂੰ ਭਰੋਸਾ ਦਿੱਤਾ ਕਿ ਵਿਆਹ ਪੁਰਬ ਦੌਰਾਨ ਬਟਾਲਾ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ।